ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਆਪਣੀਆਂ ਹੱਕੀ ਮੰਗਾਂ ਮਨਾਉਣ ਲਈ ਨੰਬਰਦਾਰਾਂ ਨੇ ਵੱਡੀ ਗਿਣਤੀ ਵਿਚ ਇੱਕਠੇ ਹੋ ਕੇ ਸਰਕਾਰ ਖਿਲਾਫ ਸੰਘਰਸ਼ ਕੀਤਾ ਹੋਵੇ |
ਗੁਰਸੇਵਕ ਸਿੰਘ ਸਹੋਤਾ,ਪਾਲੀ ਵਜੀਦਕੇ, ਮਹਿਲ ਕਲਾਂ, 05 ਅਗਸਤ 2021
ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਪਟਿਆਲਾ ਵਿਖੇ ਮੋਤੀ ਮਹਿਲ ਦੇ ਘਿਰਾਓ ਸਮੇਂ ਪੰਜਾਬ ਦੇ ਕੋਨੇ-ਕੋਨੇ ਤੋਂ ਆਪ-ਮੁਹਾਰੇ ਪੁੱਜੇ ਹਜ਼ਾਰਾਂ ਨੰਬਰਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਆਪਣੀਆਂ ਹੱਕੀ ਮੰਗਾਂ ਮਨਾਉਣ ਲਈ ਨੰਬਰਦਾਰਾਂ ਨੇ ਵੱਡੀ ਗਿਣਤੀ ਵਿਚ ਇੱਕਠੇ ਹੋ ਕੇ ਸਰਕਾਰ ਖਿਲਾਫ ਸੰਘਰਸ਼ ਕੀਤਾ ਹੋਵੇ |
ਉਨ੍ਹਾਂ ਕਿਹਾ ਕਿ ਨੰਬਰਦਾਰਾਂ ਦੀ ਏਕਤਾ ਅਤੇ ਤਾਕਤ ਅੱਗੇ ਝੁਕਦਿਆਂ ਕੈਪਟਨ ਸਰਕਾਰ ਨੇ ਪੰਜਾਬ ਨੰਬਰਦਾਰਾ ਐਸੋਸੀਏਸ਼ਨ ਦੇ ਵਫਦ ਨੂੰ 12 ਅਗਸਤ ਨੂੰ ਪੈਨਲ ਮੀਟਿੰਗ ਲਈ ਮੁੱਖ ਮੰਤਰੀ ਦਫਤਰ ਚੰਡੀਗੜ੍ਹ ਬੁਲਾਇਆ ਹੈ । ਜਿੱਥੇ ਚੀਫ ਪਾਰਲੀਮਾਨੀ ਸੈਕਟਰੀ ਸ੍ਰੀ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਮੰਗਾਂ ਸਬੰਧੀ ਵਿਚਾਰ-ਵਟਾਦਰਾਂ ਹੋਵੇਗਾ ।
ਗਾਲਿਬ ਨੇ ਕਿਹਾ ਕਿ ਜੇਕਰ ਸਰਕਾਰ ਨੇ 12 ਅਗਸਤ ਨੂੰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੂਬਾ ਕਮੇਟੀ ਵਲੋਂ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ, ਜਿਸ ਲਈ ਉਨ੍ਹਾਂ ਸੁਮੱਚੇ ਨੰਬਰਦਾਰਾਂ ਨੂੰ ਇੱਕ ਮੰਚ ਤੇ ਇੱਕਠਾ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਲੜਾਈ ਸੂਬੇ ਦੇ 35 ਹਜ਼ਾਰ ਨੰਬਰਦਾਰਾਂ ਦੇ ਮਾਣ-ਸਨਮਾਨ ਦੀ ਹੈ ਜਿਸ ਦਾ ਸਾਨੂੰ ਧੜੇਬੰਦੀ ਤੋਂ ਉਪਰ ਉਠ ਕੇ ਸਾਥ ਦੇਣਾ ਚਾਹੀਦਾ ਹੈ |
ਉਨ੍ਹਾਂ ਅੱਗੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਵਲੋਂ ਵਿਸ਼ਵਾਸ਼ ਦਿਵਾਏ ਜਾਣ ‘ਤੇ ਨੰਬਰਦਾਰਾਂ ਨੇ ਕੈਪਟਨ ਦੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ ਪਰ ਹੁਣ ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਪੰਜਾਬ ਦੇ ਸਮੁੱਚੇ ਨੰਬਰਦਾਰ ਬੇਹੱਦ ਦੁਖੀ ਹਨ ਤੇ ਜੇਕਰ ਸਰਕਾਰ ਨੇ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਇਸ ਦਾ ਨੁਕਸਾਨ ਕਾਂਗਰਸ ਪਾਰਟੀ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ |