ਮਾਂ ਦਾ ਦੁੱਧ ਬੱਚਿਆਂ ’ਚ ਰੋਗਾਂ ਨਾਲ ਲੜਨ ਦੀ ਵਧਾਉਂਦਾ ਹੈ ਤਾਕਤ: ਬੀ.ਈ.ਈ. ਗੁਰਵਿੰਦਰ ਸਿੰਘ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 4 ਅਗਸਤ 2021
ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀ.ਐਚ.ਸੀ ਭਵਾਨੀਗੜ੍ਹ ਦੇ ਸੀਨੀਅਰ ਮੈਡੀਕਲ ਅਫਸਰ ਡਾ. ਮਹੇਸ਼ ਕੁਮਾਰ ਦੀ ਅਗੁਵਾਈ ਵਿੱਚ 1 ਤੋਂ 7 ਅਗਸਤ ਤੱਕ ਵਿਸ਼ਵ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੁਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਵੱਖ-ਵੱਖ ਪਿੰਡਾਂ ਵਿਖੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।
ਇਸ ਬਾਰੇ ਡਾ. ਮਹੇਸ਼ ਕੁਮਾਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੁਆਰਾ ਸਮੇਂ ਸਮੇਂ ਤੇ ਪ੍ਰਕਾਸ਼ਿਤ ਖੋਜ ਰਿਪੋਰਟਾਂ ਅਨੁਸਾਰ ਬੱਚਿਆਂ ਦੀ ਸਿਹਤ, ਪੋਸ਼ਣ ਅਤੇ ਵਿਕਾਸ ਲਈ ਮਾਂ ਦਾ ਦੁੱਧ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਬੱਚੇ ਦੇ ਜਨਮ ਤੋਂ 1 ਘੰਟੇ ਦੇ ਅੰਦਰ ਮਾਂ ਦਾ ਦੁੱਧ ਸ਼ੁਰੂ ਕਰਵਾਉਣਾ ਅਤੇ ਪਹਿਲਾਂ 6 ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਬਾਅਦ ਪੂਰਕ ਖੁਰਾਕ ਦੇ ਨਾਲ – ਨਾਲ ਘਟੋਂ ਘੱਟ 2 ਸਾਲ ਤੱਕ ਮਾਂ ਦਾ ਦੁੱਧ ਜਾਰੀ ਰੱਖਣਾ ਚਾਹੀਦਾ ਹੈ।
ਬਲਾਕ ਐਜੂਕੇਟਰ ਗੁਰਵਿੰਦਰ ਸਿੰਘ ਕਿਹਾ ਕਿ ਮਾਂ ਦੇ ਦੁੱਧ ਨੂੰ ਉਚਿਤ ਸਮੇਂ ਤੱਕ ਜਾਰੀ ਨਾ ਰੱਖਣ ਦੇ ਕਾਰਨ ਬੱਚਿਆਂ ਵਿੱਚ ਨਿਮੋਨਿਆ ਅਤੇ ਡਾਇਰਿਆ ਦਾ ਖ਼ਤਰਾ ਵੱਧ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਇਹਨਾਂ ਬੀਮਾਰੀਆਂ ਕਾਰਨ ਹਰੇਕ ਸਾਲ 1 ਲੱਖ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਸਦੇ ਇਲਾਵਾ ਬੱਚੇ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ ਅਤੇ ਹਰੇਕ ਸਾਲ ਲੱਗਭੱਗ 8000 ਔਰਤਾਂ ਵਿੱਚ ਛਾਤੀ ਦਾ ਕੈਂਸਰ ਅਤੇ ਲਗਭਗ 1800 ਔਰਤਾਂ ਵਿਚ ਬੱਚੇਦਾਨੀ ਦੇ ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ । ਉਨ੍ਹਾਂ ਦੱਸਿਆ ਕਿ ਦੁੱਧ ਨਾ ਪਿਲਾਉਣ ਵਾਲੀਆਂ ਔਰਤਾਂ ਵਿੱਚ ਟਾਈਪ-2 ਸ਼ੂਗਰ ਪਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਕੋਰੋਨਾ ਵਰਗੀ ਮਹਾਮਾਰੀ ਦੌਰਾਨ ਬੱਚਿਆਂ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਲਈ ਵੀ ਮਾਂ ਦਾ ਦੁੱਧ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜਿਟਿਵ ਮਾਂ ਵੀ ਕੁੱਝ ਸਾਵਧਾਨੀਆਂ ਰੱਖ ਕੇ ਆਪਣੇ ਬੱੱਚੇ ਨੂੰ ਦੁੱਧ ਪਿਆ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮਾਂ ਦਾ ਦੁੱਧ ਬੱਚੇ ਦੇ ਮਾਨਸਿਕ, ਸਰੀਰਕ ਅਤੇ ਸਰਵਪੱਖੀ ਵਿਕਾਸ ਲਈ ਲਾਭਦਾਇਕ ਹੈ। ਇਸ ਮੌਕੇ ਸੀ ਐਚ ਸੀ ਭਵਾਨੀਗੜ੍ਹ ਦੇ ਵੱਖ-ਵੱਖ ਸਬ ਸੈਂਟਰਾਂ ਦਾ ਸਟਾਫ ਮੌਜੂਦ ਸੀ।