ਪੁਲਿਸ ਨੇ ਦੋਸ਼ੀ ਨੂੰ ਮਾਨਯੋਗ CJM ਦੀ ਅਦਾਲਤ ਵਿੱਚ ਕੀਤਾ ਪੇਸ਼
ਹਰਿੰਦਰ ਨਿੱਕਾ , ਬਰਨਾਲਾ 4 ਅਗਸਤ 2021
ਸ਼ਹਿਰ ਦੀ ਇੱਕ ਔਰਤ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਬਲਾਤਕਾਰ ਕਰਨ ਅਤੇ ਪੀੜਤ ਦੇ ਲੜਕੇ ਨੂੰ ਵਿਦੇਸ਼ ਭੇਜਣ ਦੇ ਨਾਂ ਤੇ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਪੁਲਿਸ ਵੱਲੋਂ ਕਾਬੂ ਨਾਮਜ਼ਦ ਦੋਸ਼ੀ ਸੁਖਦੇਵ ਰਾਮ ਭੁਟਾਰਾ ਉਰਫ ਸੁੱਖਾ ਨੂੰ ਅੱਜ ਚੀਫ ਜੂਡੀਸ਼ਿਅਲ ਮੈਜਿਸਟ੍ਰੇਟ ਸੁਚੇਤਾ ਰਾਣੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਦੋਸ਼ੀ ਦੀ ਪੁੱਛਗਿੱਛ ਕਰਨ ਲਈ 3 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਦੇ ਐਸ.ਐਚ.ਉ , ਡੀਐਸਪੀ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ ਮਲਕੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨਾਮਜ਼ਦ ਦੋਸ਼ੀ ਸੁਖਦੇਵ ਰਾਮ ਭੁਟਾਰਾ ਨਿਵਾਸੀ ਸੰਧੂ ਪੱਤੀ ਬਰਨਾਲਾ ਦੀ ਗਿਰਫਤਾਰੀ ਤੋਂ ਬਾਅਦ , ਉਸ ਨੂੰ ਅੱਜ ਬਾਅਦ ਦੁਪਿਹਰ ਮਾਨਯੋਗ ਜੱਜ ਸੁਚੇਤਾ ਰਾਣੀ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਪਹੁੰਚੀ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਤੋਂ ਗੰਭੀਰਤਾ ਨਾਲ ਪੁੱਛਗਿੱਛ ਲਈ ਪੁਲਿਸ ਰਿਮਾਂਡ ਦੀ ਜਰੂਰਤ ਹੈ।
ਮਾਨਯੋਗ ਅਦਾਲਤ ਨੇ ਪੁਲਿਸ ਦੀ ਡਿਮਾਂਡ ਅਤੇ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੋ ਕਿ ਦੋਸ਼ੀ ਦੀ ਸਖਤੀ ਨਾਲ ਪੁੱਛਗਿੱਛ ਕਰਨ ਲਈ 3 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਪੀਪੀਐਸ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਦੋਸ਼ੀ ਦੀ ਤਫਤੀਸ਼ ਦੌਰਾਨ ਕਾਫੀ ਕੁੱਝ ਹੋਰ ਸੁਰਾਗ ਮਿਲਣ ਦੀ ਸੰਭਾਵਨਾ ਹੈ। ਜਿਸ ਦਾ ਖੁਲਾਸਾ ਮੀਡੀਆ ਨੂੰ ਬਕਾਇਦਾ ਕਰ ਦਿੱਤਾ ਜਾਵੇਗਾ। ਵਰਨਣਯੋਗ ਹੈ ਕਿ ਬਰਨਾਲਾ ਪੁਲਿਸ ਨੇ ਦੋਸ਼ੀ ਸੁਖਦੇਵ ਰਾਮ ਭੁਟਾਰਾ ਨੂੰ ਲੰਘੀ ਕੱਲ੍ਹ ਜੀਰਕਪੁਰ ਤੋਂ ਕਰੀਬ ਪੌਣੇ ਸੱਤ ਮਹੀਨੇ ਪਹਿਲਾਂ ਦਰਜ਼ ਬਲਾਤਕਾਰ/ਠੱਗੀ ਅਤੇ ਅਮਾਲਤ ਵਿੱਚ ਖਿਆਨਤ ਕਰਨ ਦੇ ਜੁਰਮ ਵਿੱਚ ਦਰਜ਼ ਕੇਸ ਵਿੱਚ ਗਿਰਫਤਾਰ ਕੀਤਾ ਗਿਆ ਸੀ।