ਜੀਰਕਪੁਰ ਤੋਂ ਪੁਲਿਸ ਪਾਰਟੀ ਨੇ ਬੜੀ ਮੁਸ਼ਕਤ ਅਤੇ ਹੁਸ਼ਿਆਰੀ ਨਾਲ ਕੀਤਾ ਕਾਬੂ
ਸੋਨੇ ਦਾ ਬਿਸਕੁਟ ਖਰੀਦਣ ਦੇ ਬਹਾਨੇ ਗ੍ਰਾਹਕ ਬਣ ਕੇ ਬਿੱਗ ਬਜਾਰ ਮੂਹਰੇ ਬੁਲਾਇਆ ਸੁਖਦੇਵ ਰਾਮ
ਹਰਿੰਦਰ ਨਿੱਕਾ/ ਰਾਜੇਸ਼ ਗਰਗ , ਜੀਰਕਪੁਰ/ਬਰਨਾਲਾ 3 ਅਗਸਤ 2021
ਬਲਾਤਕਾਰ ,ਠੱਗੀ ਅਤੇ ਅਮਾਨਤ ਵਿੱਚ ਖਿਆਨਤ ਕਰਨ ਦੇ ਜੁਰਮ ਵਿੱਚ ਕਰੀਬ 7 ਮਹੀਨਿਆਂ ਤੋਂ ਪੁਲਿਸ ਨਾਲ ਅੱਖ ਮਿਚੌਲੀ ਖੇਡ ਰਹੇ ਬਹੁਤ ਹੀ ਸ਼ਾਤਰ ਕਿਸਮ ਦੇ ਨਾਮਜ਼ਦ ਦੋਸ਼ੀ ਸੁਖਦੇਵ ਰਾਮ ਉਰਡ ਸੁੱਖਾ ਨੂੰ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਜੀਰਕਪੁਰ ਤੋਂ ਅੱਜ ਗਿਰਫਤਾਰ ਕਰ ਹੀ ਲਿਆ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਸਿਟੀ ਦੇ ਐਸ.ਐਚ.ਉ ,ਡੀਐਸਪੀ ਵਿਸ਼ਵਜੀਤ ਸਿੰਘ ਮਾਨ ਨੇ ਕਿਹਾ ਕਿ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਹੈ, 4 ਅਗਸਤ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਕਦੋਂ ਕੀ ਤੇ ਕਿਵੇਂ ਹੋਇਆ
ਸ਼ਹਿਰ ਵਾਸੀ ਬਲਾਤਕਾਰ ਪੀੜਤ ਔਰਤ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਜਿਲ੍ਹੇ ਦੇ ਵੱਡੇ ਕਾਂਗਰਸੀ ਆਗੂ ਦਾ ਬੇਟਾ ਸੁਖਦੇਵ ਰਾਮ ਵਾਸੀ ਸੰਧੂ ਪੱਤੀ ਬਰਨਾਲਾ । ਉਸ ਦੀ ਗੁਆਂਢਪ ਔਰਤ ਦੇ ਰੈਫਰੈਂਸ ਨਾਲ ਸੰਪਰਕ ਵਿੱਚ ਆਇਆ। ਸੁਖਦੇਵ ਰਾਮ ਨੇ ਉਦੋਂ ਕਿਹਾ ਕਿ ਉਸ ਦਾ ਭਰਾ ਕੈਨੇਡਾ ਵਿਖੇ ਪੀਆਰ ਹੈ, ਮੈਂ ਤੇਰੇ ਲੜਕੇ ਨੂੰ ਸਪੌਂਸਰ ਦਿਵਾ ਕਿ ਕੈਨੇਡਾ ਭੇਜ਼ ਕੇ ਪੱਕਾ ਕਰਵਾ ਦਿਆਂਗਾ। ਉਸ ਨੇ ਦੱਸਿਆ ਕਿ ਕੈਨੇਡਾ ਭੇਜ਼ਣ ਅਤੇ ਪੱਕਾ ਕਰਵਾਉਣ ਤੇ ਕਰੀਬ 13 ਲੱਖ ਰੁਪਏ ਖਰਚ ਆਉਣਗੇ। ਅਜਿਹੀਆਂ ਗੱਲਾਂ ਸੁਣ ਕਿ ਮੁਦਈ ਉਸਦੇ ਝਾਂਸੇ ਵਿੱਚ ਆ ਗਈ। ਪੀੜਤ ਔਰਤ ਨੇ ਦੱਸਿਆ ਕਿ ਉਸ ਨੇ 26 ਜੁਲਾਈ 2020 ਨੂੰ 2 ਲੱਖ 50 ਹਜ਼ਾਰ ਰੁਪਏ , 7 ਅਗਸਤ 2020 ਨੂੰ 3 ਲੱਖ 50 ਹਜ਼ਾਰ ਰੁਪਏ , 21 ਅਗਸਤ 2020 ਨੂੰ 2 ਲੱਖ 50 ਹਜ਼ਾਰ ਰੁਪਏ ਅਤੇ 29 ਅਗਸਤ 2020 ਨੂੰ ਵੀ 2 ਲੱਖ 50 ਹਜ਼ਾਰ ਰੁਪਏ ਆਪਣੇ ਬੇਟੇ ਨੂੰ ਵਿਦੇਸ਼ ਭੇਜ਼ਣ ਲਈ ਸੁਖਦੇਵ ਰਾਮ ਸ਼ਰਮਾ ਉਰਡ ਸੁੱਖਾ ਨੂੰ ਦੇ ਦਿੱਤੇ। ਪੀੜਤ ਅਨੁਸਾਰ ਦੋਸ਼ੀ ਨੇ ਉਸ ਦੇ ਬੇਟੇ ਦਾ ਅਸਲੀ ਪਾਸਪੋਰਟ, ਅਧਾਰ ਕਾਰਡ, ਪੈਨ ਕਾਰਡ, ਬੈਂਕ ਖਾਤੇ ਦੀ ਕਾਪੀ ਅਤੇ ਮੁਦਈ ਦਾ ਡਰਾਈਵਿੰਗ ਲਾਇਸੰਸ ਤੇ ਮੋਬਾਇਲ ਵੀ ਲੈ ਲਿਆ। ਪਰੰਤੂ 10 ਲੱਖ ਰੁਪਏ ਲੈ ਕੇ ਵੀ ਦੋਸ਼ੀ ਨੇ ਵਿਦੇਸ਼ ਭੇਜ਼ਣ ਲਈ ਟਾਲਮਟੋਲ ਸ਼ੁਰੂ ਕਰ ਦਿੱਤੀ ਅਤੇ 3 ਲੱਖ ਰੁਪਏ ਹੋਰ ਜਲਦੀ ਦੇਣ ਲਈ ਦਬਾਅ ਵਧਾਉਣਾ ਸ਼ੁਰੂ ਕਰ ਦਿੱਤਾ। 3 ਲੱਖ ਰੁਪਏ ਹੋਰ ਲੈਣ ਦੇ ਬਹਾਨੇ, ਉਹ ਅਕਸਰ ਹੀ ਉਸ ਦੇ ਘਰ ਆਉਣ ਲੱਗ ਪਿਆ।
ਬਲਾਤਕਾਰ ਕੀਤਾ ਤੇ ਬਣਾਈ ਅਸ਼ਲੀਲ ਵੀਡੀਉ, ਵਾਇਰਲ ਕਰਨ ਦਾ ਦਿਖਾਇਆ ਭੈਅ
ਪੀੜਤ ਨੇ ਕਿਹਾ ਕਿ ਦੋਸ਼ੀ ਨੇ ਉਸ ਨਾਲ ਜਬਰਦਸਤੀ ਬਲਾਤਕਾਰ ਵੀ ਕੀਤਾ ਅਤੇ ਅਸ਼ਲੀਲ ਵੀਡੀਉ ਵੀ ਬਣਾ ਲਈ। ਅਸ਼ਲੀਲ ਵੀਡੀਉ ਦਾ ਡਰ ਦਿਖਾ ਕੇ ਦੋਸ਼ੀ , ਲਗਾਤਾਰ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਸੁਖਦੇਵ ਰਾਮ ਨੇ ਕਿਹਾ ਕਿ ਜੇਕਰ ਤੂਂੰ ਰੁਪਏ ਵਾਪਿਸ ਲੈਣ ਅਤੇ ਜਬਰਦਸਤੀ ਕਰਨ ਸਬੰਧੀ ਮੂੰਹ ਖੋਲ੍ਹਿਆ ਜਾਂ ਸ਼ਕਾਇਤ ਕੀਤੀ ਤਾਂ ਉਹ ਮੁਦਈ ਦੀ ਵੀਡੀਉ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦੇਵੇਗਾ। ਜਿਸ ਕਾਰਣ ਉਹ ਆਪਣੀ ਬਦਨਾਮੀ ਤੋਂ ਡਰਦੀ ਮਾਰੀ, ਦੋਸ਼ੀ ਜੋ ਕਹਿੰਦਾ ਰਿਹਾ, ਉਵੇਂ ਹੀ ਕਰਦੀ ਰਹੀ। ਆਖਿਰ ਦੋਸ਼ੀ ਦੇ ਅੱਤਿਆਚਾਰ ਤੋਂ ਤੰਗ ਆ ਕੇ ਮੁਦਈ ਸ਼ਕਾਇਤ ਕਰਨ ਨੂੰ ਮਜਬੂਰ ਹੋ ਗਈ। ਪੀੜਤ ਨੇ ਕਿਹਾ ਕਿ ਦੋਸ਼ੀ ਨੇ ਨਾ ਉਸ ਦੇ ਬੇਟੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਵਾਰ ਵਾਰ ਮੰਗਣ ਤੇ ਅਮਾਨ਼ਤ ਦੇ ਤੌਰ ਤੇ ਵਿਦੇਸ਼ ਭੇਜਣ ਲਈ ਲਏ 10 ਲੱਖ ਰੁਪਏ ਵਾਪਿਸ ਕੀਤੇ।
ਐਸ.ਪੀ. ਦੀ ਪੜਤਾਲੀਆ ਰਿਪੋਰਟ ਤੇ ਦਰਜ਼ ਹੋਇਆ ਸੀ ਕੇਸ
ਵਰਨਣਯੋਗ ਹੈ ਕਿ ਦੋਸ਼ੀ ਸੁਖਦੇਵ ਰਾਮ ਦੇ ਖਿਲਾਫ ਪੀੜਤ ਵੱਲੋਂ ਦਿੱਤੀ ਸ਼ਕਾਇਤ ਦੀ ਪੜਤਾਲ ਤਤਕਾਲੀ ਐਸਪੀ ਐਚ ਵੱਲੋਂ ਕੀਤੀ ਗਈ। ਦੋਸ਼ੀ ਨੂੰ ਸ਼ਾਮਿਲ ਪੜਤਾਲ ਹੋਣ ਲਈ ਪੁਲਿਸ ਵੱਲੋਂ ਪਰਵਾਨੇ ਭੇਜ਼ੇ ਗਏ। ਪਰੰਤੂ ਉਹ ਪੜਤਾਲ ਵਿੱਚ ਸ਼ਾਮਿਲ ਨਹੀਂ ਹੋਇਆ। ਪੁਲਿਸ ਨੇ ਨਾਮਜ਼ਦ ਦੋਸ਼ੀ ਦੇ ਪਿਤਾ ਦੇ ਬਿਆਨ ਵੀ ਕਲਮਬੰਦ ਕੀਤੇ। ਜਿਨ੍ਹਾਂ ਲਿਖਵਾਇਆ ਕਿ ਉਸ ਦਾ ਉਕਤ ਬੇਟਾ, ਉਸ ਦੇ ਘਰ ਨਹੀਂ ਰਹਿੰਦਾ, ਨਾ ਹੀ ਉਸ ਨੂੰ ਉਸ ਦੇ ਐਡਰੈਸ ਬਾਰੇ ਕੋਈ ਜਾਣਕਾਰੀ ਹੈ। ਉਸ ਨੇ ਆਪਣੇ ਬੇਟੇ ਸੁਖਦੇਵ ਰਾਮ ਨੂੰ ਬੇਦਖਲ ਕੀਤਾ ਹੋਇਆ ਹੈ। ਆਖਿਰ ਪੜਤਾਲੀਆ ਅਫਸਰ ਦੀ ਰਿਪੋਰਟ ਦੇ ਅਧਾਰ ਤੇ ਪੁਲਿਸ ਨੇ ਥਾਣਾ ਸਿਟੀ ਬਰਨਾਲਾ ਵਿਖੇ ਦੋਸ਼ੀ ਖਿਲਾਫ ਅਧੀਨ ਜੁਰਮ 376/420/406/506 ਆਈਪੀਸੀ ਤਹਿਤ ਮਿਤੀ 12 ਜਨਵਰੀ 2021 ਨੂੰ ਕੇਸ ਦਰਜ਼ ਕੀਤਾ ਗਿਆ। ਜਿਸ ਤੋਂ ਬਾਅਦ ਅੱਜ ਬਾਅਦ ਦੁਪਿਹਰ ਏ.ਐਸ.ਆਈ ਮਲਕੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਜੀਰਕਪੁਰ ਤੋਂ ਦੋਸ਼ੀ ਨੂੰ ਕਾਬੂ ਕੀਤਾ ਗਿਆ।
ਆਖਿਰ ਕਿਵੇਂ ਕਾਬੂ ਆਇਆ ਚਲਾਕ ਕਿਸਮ ਦਾ ਦੋਸ਼ੀ !
ਜੀਰਕਪੁਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਦੇ ਹੱਥੇ ਚੜ੍ਹੇ ਦੋਸ਼ੀ ਸੁਖਦੇਵ ਰਾਮ ਸੁੱਖਾ ਨੇ ਇੱਕ ਵਿਅਕਤੀ ਨੂੰ ਸੋਨੇ ਦਾ ਬਿਸਕੁਟ 17 ਹਜਾਰ ਰੁਪਏ ਤੋਲਾ ਦੇ ਭਾਅ ਦੇਣ ਲਈ ਜੀਰਕਪੁਰ ਦੇ ਬਿੱਗ ਬਜ਼ਾਰ ਮੂਹਰੇ ਬੁਲਾਇਆ। ਜਿਸ ਵਿਅਕਤੀ ਨਾਲ ਬਿਸਕੁਟ ਸਸਤੇ ਭਾਅ ਤੇ ਵੇਚਣ ਦਾ ਸੌਦਾ ਕੀਤਾ ਗਿਆ ਸੀ, ਉਸ ਨਾਲ ਬਲਾਤਕਾਰ ਅਤੇ ਠੱਗੀ ਤੋਂ ਪੀੜਤ ਔਰਤ ਦੇ ਪਰਿਵਾਰ ਨੇ ਕਿਸੇ ਤਰਾਂ ਸੰਪਰਕ ਬਣਾ ਲਿਆ। ਜਿਸ ਤੋਂ ਬਾਅਦ ਬਰਨਾਲਾ ਪੁਲਿਸ ਪੂਰੀ ਤਿਆਰੀ ਅਤੇ ਯੋਜਨਾ ਨਾਲ ਜੀਰਕਪੁਰ, ਉਸ ਠਿਕਾਨੇ ਤੇ ਪਹੁੰਚ ਗਈ। ਜਿੱਥੇ ਸੁਖਦੇਵ ਰਾਮ ਬਿਸਕੁਟ ਦੇਣ ਲਈ ਪਹੁੰਚਿਆ ਹੋਇਆ ਸੀ। ਆਖਿਰ ਏਐਸਆਈ ਮਲਕੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਕੁੱਝ ਹੋਰ ਲੋਕਾਂ ਦੀ ਮੱਦਦ ਨਾਲ ਦੋਸ਼ੀ ਨੂੰ ਗਿਰਫਤਾਰ ਕਰ ਲਿਆ।