ਕਲੋਨਾਈਜਰਾਂ ਤੇ ਲਟਕੀ ਵੱਡੀ ਕਾਨੂੰਨੀ ਕਾਰਵਾਈ ਦੀ ਤਲਵਾਰ ,ਹੁਣ ਬੇਨਕਾਬ ਹੋਣਗੇ ਕੌਂਸਲ ਦੇ ਘੁਟਾਲੇ
ਗਮਾਡਾ ਦੇ ਹੁਕਮਾਂ ਤੇ ਮਾਲ ਵਿਭਾਗ ਨੇ ਸ਼ੁਰੂ ਕੀਤੀ ਕਾਰਵਾਈ
ਤਹਿਸੀਲਦਾਰ ਨੇ ਨਗਰ ਕੌਂਸਲ ਤੋਂ ਸਾਰੀਆਂ ਜ਼ਮੀਨਾਂ ਦੀ ਮੰਗੀ ਜਾਣਕਾਰੀ
ਜੈਕ ਪ੍ਰਤੀਨਿਧੀਆਂ ਦੀ ਮੰਗ ,ਕਾਰਵਾਈ ਵਿਚ ਨਾ ਹੋਵੇ ਪੱਖਪਾਤ
ਰਾਜੇਸ਼ ਗਰਗ , ਜ਼ੀਰਕਪੁਰ,2 ਅਗਸਤ: 2021
ਜ਼ੀਰਕਪੁਰ ਇਲਾਕੇ ‘ਚ ਨਜਾਇਜ ਤੌਰ ਤੇ ਪਣਪ ਰਹੀਆਂ ਕਾਲੋਨੀਆਂ ਵਿੱਚ ਘਰ ਲੈ ਕੇ ਜੀਵਨ ਭਰ ਦੀ ਪੂੰਜੀ ਲਗਾਉਣ ਵਾਲੇ ਲੋਕਾਂ ਨੂੰ ਲੁੱਟ ਤੋਂ ਬਚਾਉਣ ਲਈ ਗਮਾਡਾ ਨੇ 23 ਕਲੋਨੀਆਂ ਦੀਆਂ ਰਜਿਸਟਰੀਆਂ ਤੇ ਰੋਕ ਲਗਾ ਦਿੱਤੀ ਹੈ। ਗਮਾਡਾ ਦੇ ਆਦੇਸ਼ ਤੇ ਕਾਰਵਾਈ ਕਰਦੇ ਹੋਏ ਤਹਿਸੀਲਦਾਰ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਜ਼ਮੀਨਾਂ ਦਾ ਸਾਰਾ ਬਿਓਰਾ ਮੰਗ ਲਿਆ ਹੈ। ਲੋਕਾਂ ਨੂੰ ਇਸ ਧੋਖਾਧੜੀ ਤੋਂ ਬਚਾਉਣ ਲਈ ਲੰਬੀ ਲੜਾਈ ਲੜਨ ਵਾਲੀ ਜੈਕ ਰੈਜੀਡੈਂਟ ਵੈਲਫੇਅਰ ਐਸੌਸੀਏਸ਼ਨ ਨੇ ਇਸ ਕਾਰਵਾਈ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਜਾਂਚ ਵਿਚ ਹੁਣ ਕਿਸੇ ਵੀ ਕਿਸਮ ਦਾ ਪੱਖਪਾਤ ਨਹੀਂ ਹੋਣਾ ਚਾਹੀਦਾ।
ਜੈਕ ਰੈਜੀਡੈਂਟ ਵੈਲਫੇਅਰ ਐਸੌਸੀਏਸ਼ਨ ਦੇ ਪ੍ਧਾਨ ਸੁਖਦੇਵ ਚੌਧਰੀ ਨੇ ਇਹਨਾਂ ਆਦੇਸ਼ਾਂ ਨੂੰ ਜੈਕ ਵੱਲੋਂ ਪਿਛਲੇ ਤਿੰਨ ਸਾਲ ਤੋਂ ਕੀਤੇ ਜਾ ਰਹੇ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ੀਰਕਪੁਰ, ਪੀਰਮੁਛੱਲਾ, ਗਾਜੀਪੁਰ, ਨਗਲਾ ਆਦਿ ਇਲਾਕਿਆਂ ਵਿੱਚ 100 ਤੋਂ ਜਿਆਦਾ ਨਜ਼ਾਇਜ ਕਲੋਨੀਆਂ ਬਣੀਆਂ ਹੋਈਆਂ ਹਨ।
ਇਹ ਕਾਲੋਨੀਆਂ ਨਗਰ ਕੌਂਸਲ ਦੇ ਪਹਿਲਾਂ ਰਹਿ ਚੁੱਕੇ ਕਾਰਜਸਾਧਕ ਅਫਸਰ ਸੰਦੀਪ ਤਿਵਾੜੀ ਦੇ ਕਾਰਜਕਾਲ ਵਿਚ ਹੋਏ ਭ੍ਰਿਸ਼ਟਾਚਾਰ ਦੇ ਚਲਦੇ ਗਲਤ ਦਸਤਾਵੇਜ਼ਾਂ ਦੇ ਅਧਾਰ ਤੇ ਪਾਸ ਹੋਈਆਂ ਹਨ।
ਚੌਧਰੀ ਨੇ ਦੱਸਿਆ ਕਿ ਗਮਾਡਾ ਦੀ ਇਸ ਸਖਤ ਕਾਰਵਾਈ ਤੋਂ ਬਾਅਦ ਦਾਗੀ ਬਿਲਡਰਾਂ ਨੇ ਬੈਕ ਡੋਰ ਤੋਂ ਬਚਾਅ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ । ਆਪਣੀ ਪੋਲ ਖੁੱਲ੍ਹਣ ਦੇ ਡਰ ਤੋਂ ਬਿਲਡਰ ਚੰਡੀਗੜ੍ਹ ਅਤੇ ਮੋਹਾਲੀ ਦੇ ਚੱਕਰ ਕੱਟਣ ਲੱਗੇ ਹਨ। ਉਹਨਾਂ ਕਿਹਾ ਕਿ ਇੱਥੇ ਬਹੁਤ ਡਿਵੈਲਪਰਾਂ ਦੇ ਕੋਲ ਲਾਇਸੈਂਸ ਤੱਕ ਵੀ ਨਹੀਂ ਹਨ।
ਉਨ੍ਹਾਂ ਦੱਸਿਆ ਕਿ ਜਿਹੜੀਆਂ ਕਾਲੋਨੀਆਂ ਦੀਆਂ ਰਜਿਸਟਰੀਆਂ ਤੇ ਰੋਕ ਲਗਾਈ ਗਈ ਹੈ, ਉਹਨਾਂ ਵਿਚੋਂ ਬਹੁਤੀਆਂ ਇਹੋ ਜਿਹੀਆਂ ਹਨ । ਜਿਨ੍ਹਾਂ ਵਿਚ ਲੋਕ ਵਸੇ ਹੋਏ ਹਨ। ਅਜਿਹੇ ਹਾਲਤ ਵਿੱਚ ਹਜਾਰਾਂ ਪਰਿਵਾਰ ਹੁਣ ਇਹਨਾ ਘਰਾਂ ਨੂੰ ਅੱਗੇ ਕਿਸੇ ਨੂੰ ਨਹੀਂ ਵੇਚ ਸਕਦੇ ।
ਸੁਖਦੇਵ ਚੌਧਰੀ ਨੇ ਪੰਜਾਬ ਪੁਲਿਸ ਦੀ ਐਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਸਹਿਯੋਗ ਕਰਨ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਛੇਤੀ ਹੀ ਜੈਕ ਪ੍ਰਤੀਨਿਧੀਆਂ ਵੱਲੋਂ ਐਸ ਪੀ ਰਵਜੋਤ ਕੌਰ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਜ਼ੀਰਕਪੁਰ ਦੀਆਂ ਨਜਾਇਜ਼ ਕਲੋਨੀਆਂ ਬਾਰੇ ਦਸਤਾਵੇਜ਼ ਸੌਂਪੇ ਜਾਣਗੇ।
ਕਿਹੜੀਆਂ ਕਲੋਨੀਆਂ ਤੇ ਕਸਿਆ ਸ਼ਿਕੰਜਾ ਗਮਾਡਾ ਵੱਲੋਂ ਪੀਰ ਮੁਛੱਲਾ ਵਿੱਚ ਮੈਟਰੋ ਟਾਉਨ, ਸਿੰਘਪੁਰਾ ਵਿਚ ਰੋਇਲ ਸਿਟੀ, ਕਿਸ਼ਨਪੁਰਾ ਵਿੱਚ ਐੱਲਆਰ ਹੋਮਜ , ਗਾਜੀਪੁਰ ਵਿੱਚ ਕਰਿਸਟਲ ਹੋਮਜ, ਭਬਾਤ ਵਿੱਚ ਵੀ ਸਿਟੀ ਅਤੇ ਖੁਸ਼ਹਾਲ ਇਨਕਲੇਵ, ਗਾਜ਼ੀਪੁਰ ਵਿਚ ਮਾਉਂਟ ਕੈਲਾਸ਼ ਕਾਲੋਨੀ, ਭਬਾਤ ਵਿੱਚ ਕੈਪਿਟਲ ਸ਼ੌਪਿੰਗ ਕੰਪਲੈਕਸ, ਸਵਾਸਤਿਕ ਵਿਹਾਰ, ਬਲਟਾਣਾ ਦੇ ਰਵਿੰਦਰਾ ਇਨਕਲੇਵ, ਕਿਸ਼ਨਪੁਰਾ ਢਕੋਲੀ ਵਿੱਚ ਰਾਧੇ ਇਨਕਲੇਵ ਅਤੇ ਸ਼ੁਭ ਡਿਵੈਲਪਰ, ਬਲਟਾਣਾ ਦੇ ਰਵਿੰਦਰ ਇਨਕਲੇਵ, ਗਾਜ਼ੀਪੁਰ ਦੇ ਮਾਊਂਟ ਕੈਲਾਸ਼ ਕਲੋਨੀ, ਕਿ੍ਸ਼ਨਾ ਇਨਕਲੇਵ, ਪੀਰਮੁਛੱਲਾ ਦੀ ਫਰੈਂਡਜ਼ ਕਾਲੋਨੀ, ਸ੍ਰੀ ਸ਼ਿਆਮ ਰੈਜੀਡੈਂਸੀ, ਗਾਜ਼ੀਪੁਰ ਦੀ ਭਾਂਭਰੀ ਇਨਕਲੇਵ, ਭਬਾਤ ਦੀ ਜਰਨੈਲ ਇਨਕਲੇਵ, ਬਰਕਤ ਹੋਮਜ, ਭਬਾਤ ਦੀ ਸ਼ੰਕਰ ਸਿਟੀ,ਅਤੇ ਹਾਈਵੇ ਹੋਮਜ ਵਿਚ ਰਜਿਸਟਰੀਆਂ ਕਰਨ ਤੇ ਰੋਕ ਲਾਈ ਗਈ ਹੈ।