ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 304ਵਾਂ ਦਿਨ
ਬੀਜੇਪੀ ਵੱਲੋਂ ਟਵਿੱਟਰ ਕਾਰਟੂਨਾਂ ਰਾਹੀਂ ਕਿਸਾਨਾਂ ਨੂੰ ਗਿੱਦੜ-ਧਮਕੀਆਂ ਦੇਣ ਦੀ ਸਖਤ ਨਿਖੇਧੀ; ਬੌਖਲਾਹਟ ਦੀ ਨਿਸ਼ਾਨੀ ਦੱਸਿਆ।
ਪਰਦੀਪ ਕਸਬਾ, ਬਰਨਾਲਾ: 31 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 304ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਅੱਜ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ‘ਸਾਮਰਾਜ ਵਿਰੋਧੀ ਦਿਵਸ’ ਵਜੋਂ ਮਨਾਇਆ ਗਿਆ। ਦੋ ਮਿੰਟ ਦਾ ਮੌਨ ਧਾਰ ਕੇ ਭਾਵਭਿੰਨੀ ਸ਼ਰਧਾਂਜਲੀ ਦੇਣ ਬਾਅਦ ਸ਼ਹੀਦ ਊਧਮ ਸਿੰਘ ਦੇ ਪ੍ਰਸੰਗ ‘ਚ ਕਵੀਸ਼ਰੀਆਂ ਤੇ ਇਨਕਲਾਬੀ ਗੀਤਾਂ ਦਾ ਦੌਰ ਚੱਲਿਆ। ਬੁਲਾਰਿਆਂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਸੰਘਰਸ਼ ਤੇ ਕੁਰਬਾਨੀ ‘ਤੇ ਚਾਨਣਾ ਪਾਇਆ।
ਆਗੂਆਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਿਰਫ ਅੰਗਰੇਜ਼ਾਂ ਤੋਂ ‘ਬਦਲਾ’ ਲੈਣ ਦੀ ਕਾਰਵਾਈ ਸਮਝਣਾ, ਉਸ ਮਹਾਨ ਇਨਕਲਾਬੀ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ। ਉਨ੍ਹਾਂ ਦੀਆਂ ਲਿਖਤਾਂ, ਬਿਆਨਾਂ ਤੇ ਸਮੁੱਚੀ ਜ਼ਿੰਦਗੀ ਉਪਰ ਸਰਸਰੀ ਨਜ਼ਰ ਮਾਰਿਆਂ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਤਾਉਮਰ ਸਾਮਰਾਜ ਦਾ ਵਿਰੋਧ ਕੀਤਾ। ਉਹ ਵੀ, ਸ਼ਹੀਦ ਭਗਤ ਸਿੰਘ ਵਾਂਗ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਹੋਣ ਤੱਕ ਸਾਮਰਾਜ ਵਿਰੁੱਧ ਲੜਾਈ ਜਾਰੀ ਰੱਖਣ ਦੇ ਹਾਮੀ ਸਨ। ਇਸੇ ਲਈ ਸੰਯਕੁਤ ਕਿਸਾਨ ਮੋਰਚੇ ਨੇ ਉਨ੍ਹਾਂ ਦੇ ਸ਼ਹੀਦੀ ਦਿਵਸ ਨੂੰ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਉਣ ਲਈ ਚੁਣਿਆ। ਇਸ ਮੌਕੇ ਅਸੀਂ ਆਪਣੇ ਅਹਿਦ ਨੂੰ ਫਿਰ ਤੋਂ ਦੁਹਰਾਉਂਦੇ ਹਾਂ ਕਿ ਸਾਮਰਾਜੀ ਕੰਪਨੀਆਂ ਦੇ ਨਿਰਦੇਸ਼ਾਂ ਅਨੁਸਾਰ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ,ਕਰਨੈਲ ਸਿੰਘ ਗਾਂਧੀ, ਉਜਾਗਰ ਸਿੰਘ ਬੀਹਲਾ, ਨਛੱਤਰ ਸਿੰਘ ਸਹੌਰ, ਮੇਲਾ ਸਿੰਘ ਕੱਟੂ, ਨੇਕਦਰਸ਼ਨ ਸਿੰਘ, ਬਿੱਕਰ ਸਿੰਘ ਔਲਖ ,ਰਣਧੀਰ ਸਿੰਘ ਰਾਜਗੜ੍ਹ, ਰਮਨਦੀਪ ਕੌਰ ਖੁੱਡੀ ਕਲਾਂ, ਜਸਪਾਲ ਕੌਰ ਕਰਮਗੜ੍ਹ, ਬਲਜੀਤ ਸਿੰਘ ਚੌਹਾਨਕੇ,ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਯੂ.ਪੀ.ਬੀਜੇਪੀ ਦੇ ਪ੍ਰਮਾਣਿਤ ਟਵਿੱਟਰ ਹੈਂਡਲ ਰਾਹੀਂ ਇੱਕ ਕਾਰਟੂਨ ਨਸ਼ਰ ਕੀਤਾ ਗਿਆ।
ਜਿਸ ਵਿੱਚ ਕਿਸਾਨ ਅੰਦੋਲਨਕਾਰੀਆਂ ਨੂੰ ‘ਚਮੜੀ ਉਧੇੜ ਦੇਣ’ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਆਗੂਆਂ ਨੇ ਕਿਹਾ ਕਿ ਕਿਸਾਨ ਯੂ.ਪੀ.ਸਰਕਾਰ ਤੇ ਬੀਜੇਪੀ ਦੀਆਂ ਗਿੱਦੜ-ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਅਤੇ ਉਹ ਅਗਲੇ ਮਹੀਨਿਆਂ ਦੌਰਾਨ ਆਪਣਾ ਅੰਦੋਲਨ ਯੂ.ਪੀ ਤੇ ਉਤਰਾਖੰਡ ਸੂਬਿਆਂ ਵਿੱਚ ਪੂਰੀ ਮਜਬੂਤੀ ਨਾਲ ਅੱਗੇ ਵਧਾਉਣਗੇ। ਅਜਿਹੀਆਂ ਘਟੀਆ ਤੇ ਗੈਰ-ਇਖਲਾਕੀ ਧਮਕੀਆਂ, ਕਿਸਾਨ ਅੰਦੋਲਨ ਮੂਹਰੇ ਬੇਬਸ ਹੋ ਚੁੱਕੀ ਸਰਕਾਰ ਦੀ ਬੌਖਲਾਹਟ ਦੀਆਂ ਨਿਸ਼ਾਨੀਆਂ ਹਨ। ਅੱਜ ਰਾਜਵਿੰਦਰ ਸਿੰਘ ਮੱਲੀ ਤੇ ਜਗਰੂਪ ਠੁੱਲੀਵਾਲ ਦੇ ਕਵੀਸ਼ਰੀ ਜਥਿਆਂ, ਬਹਾਦਰ ਸਿੰਘ ਕਾਲਾ ਧਨੌਲਾ, ਨਰਿੰਦਰਪਾਲ ਸਿੰਗਲਾ, ਸੁਰਜੀਤ ਰਾਮਗੜ੍ਹ ਤੇ ਮੁਨਸ਼ੀ ਖਾਨ ਨੇ ਕਵੀਸ਼ਰੀਆਂ, ਗੀਤ ਤੇ ਕਵਿਤਾਵਾਂ ਸੁਣਾਈਆਂ।