ਜੇ ਮਸਲੇ ਹੱਲ ਨਹੀਂ ਹੁੰਦੇ ਪ੍ਰਧਾਨਗੀ ਕਿਸ ਕੰਮ ਦੀ – ਨਵਜੋਤ ਸਿੰਘ ਸਿੱਧੂ
ਪਰਦੀਪ ਕਸਬਾ, ਚੰਡੀਗੜ੍ਹ, 23 ਜੁਲਾਈ 2021
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ, ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਮੌਜੂਦ ਦਿਖੇ ਅਤੇ ਹਜ਼ਾਰਾਂ ਵਰਕਰਾਂ ਦੇ ਵਿਚਕਾਰ ਦੋਨਾਂ ਨੇ ਮੰਚ ਸਾਂਝਾ ਕੀਤਾ। ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਜਾਰੀ ਸੰਕਟ ਕੁਝ ਹੱਦ ਤੱਕ ਘੱਟ ਹੁੰਦਾ ਦਿਖ ਰਿਹਾ ਹੈ । ਸ਼ੁੱਕਰਵਾਰ ਸਵੇਰੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ । ਅਹੁਦਾ ਸੰਭਾਲਦੇ ਹੀ ਸਿੱਧੂ ਨੇ ਹੁੰਕਾਰ ਭਰੀ ਅਤੇ ਕਿਹਾ ਉਸ ਦਾ ਮਿਸ਼ਨ ਪੰਜਾਬ ਨੂੰ ਜਿੱਤਣਾ ਹੈ।
ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਧਾਨ ਬਣਨ ਦੇ ਬਾਅਦ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਧਰਨੇ ਦੇ ਰਿਹਾ ਹੈ, ਸਭ ਤੋਂ ਵੱਡਾ ਮਸਲਾ ਇਹ ਹੈ । ਸਿੱਧੂ ਨੇ ਕਿਹਾ ਕਿ ਵਰਕਰਾਂ ਦੇ ਵਿਸਵਾਸ ਵਿੱਚ ਭਗਵਾਨ ਦੀ ਆਵਾਜ਼ ਹੈ । ਅਸੀਂ ਵਰਕਰਾਂ ਦੀ ਆਵਾਜ਼ ਨੂੰ ਸੁਣਾਂਗੇ । ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਿਉਂ ਚੋਰਾਂ ਦੀ ਚੋਰੀ ਫੜੀ ਨਾ ਜਾਏ ਅਤੇ ਕਿਉਂ ਮਹਿੰਗੀ ਬਿਜਲੀ ਖ਼ਰੀਦੀ ਜਾਏ।
ਪੰਜਾਬ ਕਾਂਗਰਸ ਭਵਨ ਤੋਂ ਨਵਜੋਤ ਸਿੰਘ ਸਿੱਧੂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਵਾਲ ਕਰਦਾ ਹੈ । ਉਨ੍ਹਾਂ ਕਿਹਾ ਕਿ ਮਸਲਾ ਪ੍ਰਧਾਨਗੀ ਦਾ ਨਹੀਂ ਹੈ, ਮਸਲਾ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਲੜ ਰਿਹਾ ਹੈ, ਈਟੀਟੀ ਅਧਿਆਪਕ ਦਾ, ਮਸਲਾ ਨਰਸਾਂ ਦਾ ਹੈ, ਜਿਹੜੇ ਅੱਜ ਸੜਕਾਂ ’ਤੇ ਰੁੱਲ ਰਹੇ ਹਨ। ਮਸਲਾ ਟਰੱਕ ਡਰਾਈਵਰਾਂ ਤੇ ਕੰਡਕਟਰਾਂ ਦਾ ਹੈ, ਮਸਲਾ ਗੁਰੂ ਦਾ ਹੈ। ਪ੍ਰਧਾਨਗੀ ਮਸਲੇ ਹੱਲ ਕਰਨ ਦੀ ਹੈ । ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰੀ ਪ੍ਰਧਾਨਗੀ ਦਾ ਸਭ ਤੋਂ ਵੱਡਾ ਮਿਸ਼ਨ ਕਿਸਾਨਾ ਨੂੰ ਤਾਕਤ ਦੇਣਾ ਹੀ ਹੈ। ਸਿੱਧੂ ਨੇ ਕਿਹਾ ਕਿ ਕਿਸਾਨ ਮੋਰਚੇ ਵਾਲਿਆਂ ਨੂੰ ਮਿਲਣਾ ਚਾਹੁੰਦਾ ਹਾਂ । ਸਿੱਧੂ ਨੇ ਕਿਹਾ ਕਿ ਮੇਰੀ ਚਮੜੀ ਮੋਟੀ ਹੈ, ਮੇਰਾ ਮਿਸ਼ਨ ਇੱਕ ਹੀ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਸਿਰ ਤਿੱਨ ਲੱਖ ਕਰੋੜ ਦਾ ਕਰਜ਼ਾ ਹੈ, ਕਰਜ਼ਾ ਸਰਕਾਰਾਂ ਸਿਰ ਨਹੀਂ ਹੈ , ਇਹ ਕਰਜ਼ਾ ਲੋਕਾਂ ਸਿਰ ਹੈ। ਉਨ੍ਹਾਂ ਕਿਹਾ ਕਿ ਲੋਕ ਨਿੱਤ ਦੀਆਂ ਵਰਤੋ ਵਾਲੀਆਂ ਚੀਜ਼ਾਂ ਉੱਤੇ ਟੈਕਸ ਦੇ ਕੇ ਇਹ ਕਰਜ਼ ਉਤਾਰ ਰਹੇ ਹਨ । ਨਵਜੋਤ ਸਿੱਧੂ ਨੇ ਕਿਹਾ ਕਿ ਜੇ ਮਸਲੇ ਹੱਲ ਨਹੀਂ ਹੁੰਦਾ ਤਾਂ ਪ੍ਰਧਾਨਗੀ ਕਿਸੇ ਕੰਮ ਦੀ ਨਹੀਂ । ਪ੍ਰਧਾਨਗੀ ਮਸਲਿਆਂ ਨੂੰ ਹੱਲ ਕਰਨ ਲਈ ਹੈ ।