ਇਖਲਾਕੀ ਤੌਰ ‘ਤੇ ਕਿਸਾਨਾਂ ਨੂੰ ਮਵਾਲੀ ਕਹਿਣ ਦੀ ਹੱਦ ਤੱਕ ਨਿਘਰੀ ਬੀਜੇਪੀ, ਕਿਸਾਨ ਅੰਦੋਲਨ ਦੇ ਦਬਾਅ ਹੇਠ ਬੌਖਲਾਹਟ ‘ਚ ਆਈ ਸਰਕਾਰ
ਜਨਮ ਦਿਵਸ ਮੌਕੇ ਮਹਾਨ ਇਨਕਲਾਬੀ ਚੰਦਰ ਸ਼ੇਖਰ ਅਜ਼ਾਦ ਨੂੰ ਸਿਜਦਾ ਕੀਤਾ।
ਪਰਦੀਪ ਕਸਬਾ, ਬਰਨਾਲਾ: 23 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 296ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ ‘ਚ ਕੱਲ੍ਹ ਇੱਕ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਨੂੰ ਮਵਾਲੀ ਯਾਨੀ ਗੁੰਡੇ ਕਹਿਣ ਦਾ ਮੁੱਦਾ ਭਾਰੂ ਰਿਹਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਤੇ ਬੀਜੇਪੀ ਨੇਤਾ ਕਿਸਾਨਾਂ ਲਈ ਕਦੇ ਮਾਉਵਾਦੀ, ਕਦੇ ਖਾਲਸਤਾਨੀ, ਪਾਕਿਸਤਾਨ-ਸਮਰਥਕ, ਟੁੱਕੜੇ ਟੁੱਕੜੇ ਗੈਂਗ ਕਹਿੰਦੇ ਰਹੇ ਹਨ ਅਤੇ ਇੱਥੋਂ ਤੱਕ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਖੜ ਕੇ ਉਨ੍ਹਾਂ ਨੂੰ ਅੰਦੋਲਨਜੀਵੀ ਤੱਕ ਦੇ ਅਪਮਾਨਜਨਕ ਲਕਬ ਵਰਤਿਆ।
ਪਰ ਕਿਸਾਨਾਂ ਨੂੰ ਮਵਾਲੀ ਯਾਨੀ ਗੁੰਡੇ ਕਹਿਣਾ ਸਿਰੇ ਦੀ ਘਟੀਆ ਮਾਨਸਿਕਤਾ ਤੇ ਬੌਖਲਾਹਟ ਦਾ ਪ੍ਰਤੀਕ ਹੈ। ਕਿਸਾਨਾਂ ਦੇ ਸਬਰ,ਸਿਦਕ, ਸਚਾਈ ਤੇ ਸਿਰੜ ਮੂਹਰੇ ਸਰਕਾਰ ਇਖਲਾਕੀ ਤੌਰ ‘ਤੇ ਹਾਰ ਚੁੱਕੀ ਹੈ। ਇਖਲਾਕੀ ਤੌਰ ‘ਤੇ ਹਾਰਿਆ ਹੋਇਆ ਇਨਸਾਨ ਹੀ ਮਵਾਲੀ ਜਿਹੀ ਘਟੀਆ ਸ਼ਬਦਾਵਲੀ ਵਰਤਦਾ ਹੈ। ਕਿਸਾਨ ਅੰਦੋਲਨ ਆਪਣੀ ਸਚਾਈ ਕਾਰਨ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਚੰਗਾ ਹੋਵੇ ਸਰਕਾਰ ਇਸ ਸਚਾਈ ਨੂੰ ਸਵੀਕਾਰ ਕਰਕੇ ਖੇਤੀ ਕਾਨੂੰਨਾਂ ਨੂੰ ਜਲਦੀ ਰੱਦ ਕਰੇ।
ਅੱਜ ਦੇ ਦਿਨ ਸੰਨ 1906 ਵਿੱਚ ਸਿਰਮੌਰ ਇਨਕਲਾਬੀ ਆਗੂ ਅਤੇ ਸ਼ਹੀਦ ਭਗਤ ਸਿੰਘ ਦੇ ਸਾਥੀ ਚੰਦਰ ਸ਼ੇਖਰ ਆਜ਼ਾਦ ਦਾ ਜਨਮ ਭਾਵਰਾ(ਯੂ.ਪੀ.) ਵਿਖੇ ਹੋਇਆ ਸੀ। ਅੱਜ ਧਰਨੇ ਵਿੱਚ ਉਸ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਸ ਮਹਾਨ ਇਨਕਲਾਬੀ ਨੂੰ ਸਿਜਦਾ ਕੀਤਾ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ,ਕਰਨੈਲ ਸਿੰਘ ਗਾਂਧੀ, ਬਲਵੰਤ ਸਿੰਘ ਜਥੇਦਾਰ, ਬਿੱਕਰ ਸਿੰਘ ਔਲਖ, ਬਲਜੀਤ ਸਿੰਘ ਚੌਹਾਨਕੇ, ਗੁਰਜੰਟ ਸਿੰਘ ਟੀਐਸਯੂ, ਰਣਧੀਰ ਸਿੰਘ ਰਾਜਗੜ੍ਹ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸ਼ਰਮਾ ਤੇ ਚਰਨਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੱਲ੍ਹ ਦਿੱਲੀ ਦੇ ਜੰਤਰ ਮੰਤਰ ‘ਤੇ ਹੋਈ ਕਿਸਾਨ ਸੰਸਦ ਨੇ ਪੂਰੀ ਦੁਨੀਆ ਦਾ ਧਿਆਨ ਸਾਡੇ ਅੰਦੋਲਨ ਵੱਲ ਖਿਚਿਆ ਹੈ। ਸ਼ਾਤਮਈ, ਸੰਜੀਦਗੀ ਭਰਪੂਰ ਤੇ ਸਾਰਥਿਕ ‘ਸੰਸਦੀ ਕਾਰਵਾਈ’ ਨੇ ਅੰਦੋਲਨ ਚਲਾਉਣ ਵਾਲਿਆਂ ਲਈ ਨਵੀਂ ਰਾਹ ਦਿਖਾਈ ਹੈ ਅਤੇ ਸਰਕਾਰ ਨੂੰ ਇੱਕ ਵਾਰ ਫਿਰ ਇਖਲਾਕੀ ਤੌਰ ‘ਤੇ ਹਾਰ ਦਿੱਤੀ ਹੈ।