ਡਿਪਟੀ ਕਮਿਸ਼ਨਰ ਵੱਲੋਂ ਬਿਰਧ ਆਸ਼ਰਮ ਦੇ ਉਸਾਰੀ ਕਾਰਜ ਦਾ ਜਾਇਜ਼ਾ
ਬਜ਼ੁਰਗਾਂ ਲਈ ਹਰ ਲੋੜੀਂਦੀ ਸਹੂਲਤ ਕਰਵਾਈ ਜਾਵੇਗੀ ਉਪਲੱਬਧ: ਤੇਜ ਪ੍ਰਤਾਪ ਸਿੰਘ ਫੂਲਕਾ
ਪਰਦੀਪ ਕਸਬਾ, ਬਰਨਾਲਾ, 23 ਜੁਲਾਈ
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਅੱਜ ਤਪਾ ਨੇੜੇ ਢਿੱਲਵਾਂ ਰੋਡ ’ਤੇ ਉਸਾਰੀ ਅਧੀਨ ਬਿਰਧ ਆਸ਼ਰਮ ਦੇ ਉਸਾਰੀ ਕਾਰਜ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਅੰਦਾਜ਼ਨ ਲਾਗ਼ਤ ਸਾਢੇ ਪੰਜ ਕਰੋੜ ਹੈ ਤੇ ਇਹ ਬਿਰਧ ਆਸ਼ਰਮ 26 ਕਨਾਲ 17 ਮਰਲੇ ਜਗਾ ਵਿਚ ਬਣਾਇਆ ਜਾ ਰਿਹਾ ਹੈ, ਜਿਸ ਵਿਚ 24 ਕਮਰਿਆਂ ਅਤੇ 72 ਬਿਸਤਰਿਆਂ ਦਾ ਪ੍ਰਬੰਧ ਹੋਵੇਗਾ। ਉਨਾਂ ਆਖਿਆ ਕਿ ਅਜੋਕੇ ਸਮਾਜਿਕ ਵਰਤਾਰੇ ਕਾਰਨ ਮਜਬੂਰੀ ਵੱਸ ਕਈ ਬਜ਼ੁਰਗਾਂ ਨੂੰ ਇਕਲਾਪਾ ਹੰਢਾਉਣਾ ਪੈਂਦਾ ਹੈ। ਅਜਿਹੇ ਬਜ਼ੁਰਗਾਂ ਵਾਸਤੇ ਬਿਰਧ ਆਸ਼ਰਮ ਵਿਚ ਢੁਕਵਾਂ ਮਾਹੌਲ ਮੁਹੱਈਆ ਕਰਾਇਆ ਜਾਵੇਗਾ ਤਾਂ ਜੋ ਉਨਾਂ ਨੂੰ ਇਕੱਲਤਾ ਦਾ ਸ਼ਿਕਾਰ ਨਾ ਹੋਣਾ ਪਵੇ ਅਤੇ ਉਨਾਂ ਦੀ ਚੰਗੀ ਸਾਂਭ ਸੰਭਾਲ ਹੋ ਸਕੇ।
ਇਸ ਮੌਕੇ ਉਨਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਿਰਧ ਆਸ਼ਰਮ ਦੀਆਂ ਬਾਹਰੀ ਕੰਧਾਂ ਨਾਲ ਪੌਦੇ ਲਗਵਾਏ ਜਾਣ ਅਤੇ ਹਰਿਆਲੀ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਬਿਰਧ ਆਸ਼ਰਮ ਦਾ ਕੰਮ ਆਉਦੇ ਕੁਝ ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗਾ ਅਤੇ ਇੱਥੇ ਬਿਰਧਾਂ ਲਈ ਸਹੂਲਤਾਂ ਜਿਵੇਂ ਡੇਅ ਕੇਅਰ ਸੈਂਟਰ, ਲਾਇਬ੍ਰੇਰੀ, ਹਰਿਆਵਲ ਖੇਤਰ ਆਦਿ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ। ਇਸ ਮੌਕੇ ਲੋਕ ਨਿਰਮਾਣ ਵਿਭਾਗ ਤੋਂ ਸ੍ਰੀ ਸੰਦੀਪ ਪਾਲ, ਜ਼ਿਲਾ ਸਮਾਜਿਕ ਸੁਰੱਖਿਆ ਦਫਤਰ ਤੋਂ ਮੁਕੇਸ਼ ਕੁਮਾਰ ਤੇ ਹੋਰ ਹਾਜ਼ਰ ਸਨ।