ਵਿਰੋਧੀਆਂ ਵੱਲੋਂ ਅੰਦੋਲਨ ਨੂੰ ਲੀਹੋਂ ਲਾਹੁਣ ਦੇ ਕੀਤੇ ਜਾ ਰਹੇ ਯਤਨਾਂ ਨੂੰ ਵੀ ਫੇਲ੍ਹ ਕਰੇਗਾ – ਬੀ ਕੇ ਯੂ
ਪਰਦੀਪ ਕਸਬਾ , ਨਵੀਂ ਦਿੱਲੀ , 22 ਜੁਲਾਈ 2021
ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਟਿਕਰੀ ਬਾਰਡਰ ‘ਤੇ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪੱਕੇ ਮੋਰਚੇ ਦੀ ਗ਼ਦਰੀ ਗੁਲਾਬ ਕੌਰ ਨਗਰ ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਕਿਸਾਨੀ ਸੰਘਰਸ਼ ਕੁਝ ਸਮਾਂ ਸੰਕਟ ਦੇ ਵਿੱਚੋਂ ਗੁਜ਼ਰਿਆ, ਪਰ ਦੋ ਤਿੰਨ ਦਿਨਾਂ ਵਿੱਚ ਹੀ ਸੰਯੁਕਤ ਮੋਰਚੇ ਦੀ ਸੁਚੱਜੀ ਅਗਵਾਈ ਸਦਕਾ ਘੋਲ ਪਹਿਲਾਂ ਦੀ ਹਾਲਤ ਵਿਚ ਆ ਗਿਆ। ਭਾਵੇਂ ਸਰਕਾਰ ਨੇ ਹੁਣ ਤੱਕ ਜਥੇਬੰਦੀਆਂ ਨਾਲ ਅੱਗੇ ਗੱਲ ਤੋਰਨ ਲਈ ਕੋਈ ਰਾਹ ਨਹੀਂ ਕੱਢਿਆ ਪਰ ਕਿਸਾਨਾਂ ਦੇ ਬੁਲੰਦ ਹੌਸਲਿਆਂ ਨਾਲ ਪਿਛਲੇ ਛੇ ਮਹੀਨਿਆਂ ਦੌਰਾਨ ਕੀਤੇ ਵੱਖ ਵੱਖ ਐਕਸ਼ਨਾਂ ਸਦਕਾ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਡੋਲਣ ਨਹੀਂ ਦਿੱਤਾ।
ਪਿਛਲੇ ਮਹੀਨੇ ਸੰਯੁਕਤ ਮੋਰਚੇ ਵੱਲੋਂ ਸੰਸਦ ਵੱਲ ਕੂਚ ਕਰਨ ਦਾ ਸਹੀ ਫੈਸਲਾ ਹਕੂਮਤ ਦੀਆਂ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਨੂੰ ਹੋਰ ਹੋਰ ਵਧੇਰੇ ਨਸ਼ਰ ਕਰਨ ਤੇ ਲੋਕ ਰੋਹ ਨੂੰ ਹੋਰ ਉਗਾਸਾ ਦੇਣ ਦਾ ਸਾਧਨ ਬਣੇਗਾ। ਇਸ ਦੇ ਨਾਲ ਹੀ ਵਿਰੋਧੀਆਂ ਵੱਲੋਂ ਅੰਦੋਲਨ ਨੂੰ ਲੀਹੋਂ ਲਾਹੁਣ ਦੇ ਕੀਤੇ ਜਾ ਰਹੇ ਯਤਨਾਂ ਨੂੰ ਵੀ ਫੇਲ੍ਹ ਕਰੇਗਾ। ਭਾਰਤ ਦੀਆਂ ਦਿੱਲੀ ਮੋਰਚੇ ਚ ਸ਼ਾਮਲ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਮੋਰਚੇ ਦੀ ਅਗਵਾਈ ਕਬੂਲਦਿਆਂ 22 ਜੁਲਾਈ ਤੋਂ ਲਗਾਤਾਰ 13 ਅਗਸਤ ਤੱਕ ਚੱਲ ਰਹੇ ਪਾਰਲੀਮੈਂਟ ਮੌਨਸੂਨ ਸੈਸ਼ਨ ਦੌਰਾਨ ਜੰਤਰ ਮੰਤਰ ਵਿਚ ਰੋਜ਼ਾਨਾ ਕਾਫ਼ਲਾ ਭੇਜਣ ਦੇ ਫੈਸਲੇ ਮੁਤਾਬਿਕ ਅੱਜ 200 ਕਿਸਾਨਾਂ ਦਾ ਜੱਥਾ ਸੰਸਦ ਵੱਲ ਗਿਆ ਅਤੇ ਆਪਣੀ ਵੱਖਰੀ ਸਟੇਜ ਲਗਾ ਕੇ ਸਰਕਾਰ ਦੇ ਬਰਾਬਰ ਕਿਸਾਨ ਸੈਸ਼ਨ ਚਲਾਇਆ। ਇਸ ਐਕਸ਼ਨ ਉੱਤੇ ਦੁਨੀਆਂ ਭਰ ਦੇ ਮੀਡੀਆ ਅਤੇ ਬੁੱਧੀਜੀਵੀ ਤਬਕਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨੀ ਸੰਘਰਸ਼ ਹੋਰ ਤਿੱਖਾ ਅਤੇ ਵਿਸ਼ਾਲ ਹੋਣਾ ਹੈ। ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਕਿਸੇ ਵੀ ਰੰਗ ਦੀ ਸਰਕਾਰ ਬਣ ਜਾਵੇ ਤਾਂ ਉਹ ਸੌ ਵਾਰੀ ਸੌ ਵਾਰੀ ਸੋਚ ਕੇ ਇਨ੍ਹਾਂ ਕਾਨੂੰਨਾਂ ਬਾਰੇ ਫੈਸਲਾ ਲਵੇਗੀ।
ਉਨ੍ਹਾਂ ਕਿਹਾ ਕਿ ਸਾਮਰਾਜੀ ਕਾਰਪੋਰੇਟਾਂ ਨਾਲ ਵਫਾਦਾਰੀ ਅਤੇ ਦੇਸ਼ ਦੇ ਅੰਨਦਾਤੇ ਨਾਲ ਦੁਸ਼ਮਣੀ ਕਮਾ ਰਹੀ ਬੀਜੇਪੀ ਦਾ ਸਿਆਸੀ ਖ਼ਾਤਮਾ ਦੇਸ਼ ਵਿਚ ਅਟੱਲ ਹੈ। ਕਿਉਂਕਿ ਲੋਕਾਂ ਨੂੰ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਦੀ ਇਕੱਲੀ ਇਕੱਲੀ ਮੱਦ ਸਮਝ ਪੈ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਡੇ ਸਮਾਜ ਦੀ ਬਣਤਰ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਾਰ ਵਪਾਰ ਸੰਸਥਾ ਦੀਆਂ ਸਾਰੀਆਂ ਸਾਮਰਾਜੀ ਨੀਤੀਆਂ ਨੂੰ ਦੇਸ਼ ਦੇ ਵਿੱਚੋਂ ਦਬੱਲ ਕੇ ਹੀ ਦਮ ਲਵਾਂਗੇ।
ਸ੍ਰੀ ਉਗਰਾਹਾਂ ਨੇ ਪਿਛਲੇ ਦੋ ਕੁ ਸਾਲਾਂ ਤੋਂ ਕੁੱਝ ਗ਼ਰੀਬ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਸਾਲ ਦਿੱਤੀ ਸਹਾਇਤਾ ਰਾਸ਼ੀ 41 ਲੱਖ ਕਿਸਾਨਾਂ ਤੋਂ ਵਾਪਸ ਲੈਣ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕਿ 26 ਜੁਲਾਈ ਨੂੰ ਔਰਤ ਭੈਣਾਂ ਦਾ ਜੱਥਾ ਸੰਸਦ ਵੱਲ ਕੂਚ ਕਰੇਗਾ, ਜਿਨ੍ਹਾਂ ਦਾ ਮੌਜੂਦਾ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀਆਂ ਲੁਟੇਰੀਆਂ ਹਾਕਮ ਜਮਾਤਾਂ ਨੇ ਅੱਡ ਅੱਡ ਕਿਰਤੀ ਤਬਕਿਆਂ ਦੀ ਲੁੱਟ ਨੂੰ ਬਹੁਤ ਤੇਜ਼ ਕੀਤਾ ਹੋਇਆ ਹੈ। ਇਸ ਕਰਕੇ ਇਹ ਸੰਘਰਸ਼ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਬਣਦੀ ਹੈ। ਭਾਵੇਂ ਉਹ ਪੇਂਡੂ ਖੇਤ ਮਜ਼ਦੂਰ ਹੋਣ, ਭਾਵੇਂ ਛੋਟੇ ਪ੍ਰਚੂਨ ਕਾਰੋਬਾਰੀ ਹੋਣ, ਭਾਵੇਂ ਛੋਟੇ ਸਨਅਤੀ ਕਾਰੋਬਾਰ ਹੋਣ,ਸਭ ਨਾਲ ਸੰਘਰਸ਼-ਸਾਂਝ ਦੀ ਲੋੜ ਹੈ। ਅੱਜ ਸਟੇਜ ਦੀ ਕਾਰਵਾਈ ਜਰਨੈਲ ਸਿੰਘ ਬਦਰਾ (ਬਰਨਾਲਾ) ਨੇ ਚਲਾਈ ਅਤੇ ਮਨਜੀਤ ਸਿੰਘ ਘਰਾਚੋਂ ,ਬਿੱਟੂ ਮੱਲਣ ,ਜਸਵਿੰਦਰ ਬਰਾਸ ਪਟਿਆਲਾ ਆਦਿ ਨੇ ਵੀ ਸੰਬੋਧਨ ਕੀਤਾ।
Advertisement