ਸੰਯਕੁਤ ਕਿਸਾਨ ਮੋਰਚਾ: ਧਰਨੇ ਦਾ 295ਵਾਂ ਦਿਨ
ਕਿਸਾਨ ਸੰਸਦ ‘ਚ ਦੇਸ਼ ਦੇ ਸਾਰੇ ਕੋਨਿਆਂ ਦੇ ਕਿਸਾਨਾਂ ਦੀ ਸ਼ਮੂਲੀਅਤ, ਕਿਸਾਨ ਅੰਦੋਲਨ ਦੇ ਦੇਸ਼ ਵਿਆਪੀ ਖਾਸੇ ਦੀ ਪ੍ਰਤੀਕ: ਕਿਸਾਨ ਆਗੂ
ਪਰਦੀਪ ਕਸਬਾ , ਬਰਨਾਲਾ: 22 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 295ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ ‘ਚ ਕਿਸਾਨਾਂ ਵੱਲੋਂ ਦੇਸ਼ ਦੇ ਪਾਰਲੀਮੈਂਟ ਸ਼ੈਸਨ ਦੇ ਸਮਾਨੰਤਰ ਦਿੱਲੀ ਦੇ ਜੰਤਰ ਮੰਤਰ ‘ਤੇ ਕਿਸਾਨ ਸੰਸਦ ਚਲਾਉਣ ਦੇ ਮੁੱਦੇ ਉਪਰ ਚਰਚਾ ਦਾ ਮੁੱਦਾ ਭਾਰੂ ਰਿਹਾ। ਇਸ ਤੋਂ ਪਹਿਲਾਂ ਕਿਸਾਨਾਂ ਨੇ ਸੰਸਦ ਮੈਂਬਰਾਂ ਨੂੰ ‘ਲੋਕ ਵਿੱਪ’ ਜਾਰੀ ਕਰਕੇ ਦੁਨੀਆ ਭਰ ਦੇ ਲੋਕਤੰਤਰਾਂ ਲਈ ਜੋ ਨਿਵੇਕਲੀ ਤੇ ਅਗਾਂਹਵਧੂ ਪਿਰਤ ਪਾਈ ਹੈ ਉਸ ਦੀ ਅਹਿਮੀਅਤ ਇਤਿਹਾਸਕ ਦਰਜਾ ਰੱਖਦੀ ਹੈ। ਵਿਦਿਅਕ ਯੋਗਤਾ ਤੇ ਰਾਜਨੀਤਕ ਸੂਝ ਤੋਂ ਸੱਖਣੇ ਸਮਝੇ ਜਾਂਦੇ ਕਿਸਾਨਾਂ ਨੇ ਲੋਕ ਵਿੱਪ ਜਾਰੀ ਕਰਕੇ ਰਾਜਨੀਤਕ ਕਾਰ ਵਿਹਾਰ ਲਈ ਨਵਾਂ ਰਾਹ ਦਿਖਾਇਆ ਹੈ ਕਿ ਅੱਗੇ ਤੋਂ ਲੋਕ ਦੱਸਿਆ ਕਰਨਗੇ ਕੀ ਸੰਸਦ ਵਿੱਚ ਉਨ੍ਹਾਂ ਦੇ ਪ੍ਰਤੀਨਿੱਧੀ ਕਿਸੇ ਖਾਸ ਮੁੱਦੇ ‘ਤੇ ਕੀ ਸਟੈਂਡ ਲੈਣਗੇ। ਲੋਕ ਵਿੱਪ ਦਾ ਹੀ ਅਸਰ ਸੀ ਕਿ ਕੱਲ੍ਹ ਤੱਕ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਬੋਲਣ ਵਾਲੇ ਨੇਤਾ ‘ਖੇਤੀ ਕਾਨੂੰਨ ਰੱਦ ਕਰੋ’ ਵਾਲੀਆਂ ਤਖਤੀਆਂ ਫੜੀ ਸੰਸਦ ਮੂਹਰੇ ਖੜ੍ਹੇ ਦਿਖਾਈ ਦਿੱਤੇ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਮੇਲ ਸ਼ਰਮਾ, ਬਲਜੀਤ ਸਿੰਘ ਚੌਹਾਨਕੇ, ਨਛੱਤਰ ਸਿੰਘ ਸਾਹੌਰ, ਜਸਪਾਲ ਚੀਮਾ, ਚਰਨਜੀਤ ਕੌਰ,ਕਾਕਾ ਸਿੰਘ ਫਰਵਾਹੀ, ਗੁਰਨਾਮ ਸਿੰਘ ਠੀਕਰੀਵਾਲਾ, ਮੇਲਾ ਸਿੰਘ ਕੱਟੂ, ਗੋਰਾ ਸਿੰਘ ਢਿੱਲਵਾਂ, ਗੁਰਚਰਨ ਸਿੰਘ ਸੁਰਜੀਤਪੁਰਾ, ਬਰਿੰਦਰ ਸ਼ਰਮਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਨੇਤਾ ਤੇ ਸਰਕਾਰ ਇਹ ਕਹਿ ਕੇ ਕਿਸਾਨ ਅੰਦੋਲਨ ਨੂੰ ਛੁਟਿਆਉਣ ਦੀ ਕੋਸ਼ਿਸ਼ ਕਰਦੀ ਆਈ ਹੈ ਕਿ ਇਸ ਵਿਚ ਸਿਰਫ ਪੰਜਾਬ ਤੇ ਹਰਿਆਣਾ ਦੇ ਕਿਸਾਨ ਸ਼ਾਮਲ ਹਨ। ਅੱਜ ਦੀ ਕਿਸਾਨ ਸੰਸਦ ਅਤੇ ਇਸ ਮੰਤਵ ਲਈ ਅੱਗਲੇ ਦਿਨਾਂ ਲਈ ਬਣ ਰਹੀਆਂ ਲਿਸਟਾਂ ਤੋਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇਸ ਅੰਦੋਲਨ ਵਿੱਚ ਮੁਲਕ ਦੇ ਸਾਰੇ ਸੂਬਿਆਂ ਦੇ ਲੋਕ ਸ਼ਾਮਲ ਹਨ। ਸੰਯੁਕਤ ਕਿਸਾਨ ਮੋਰਚੇ ਦੇ ਸੱਦਿਆਂ ਨੂੰ ਮਿਲੇ ਹੁੰਗਾਰਿਆਂ ਤੋਂ ਵੀ ਪਤਾ ਚਲਦਾ ਹੈ ਕਿ ਇਸ ਅੰਦੋਲਨ ਦਾ ਖਾਸਾ ਦੇਸ਼ ਵਿਆਪੀ ਹੈ। ਸਰਕਾਰ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ।
ਅੱਜ ਗੁਰਮੇਲ ਸਿੰਘ ਕਾਲੇਕਾ ਦੇ ਕਵੀਸ਼ਰੀ ਜਥੇ ਨੇ ਬੀਰਰਸੀ ਕਵੀਸ਼ਰੀ ਨਾਲ ਪੰਡਾਲ ਵਿੱਚ ਜੋਸ਼ ਭਰਿਆ। ਨਰਿੰਦਰਪਾਲ ਸਿੰਗਲਾ ਤੇ ਸੁਰਜੀਤ ਰਾਮਗੜ੍ਹ ਨੇ ਕਵਿਤਾਵਾਂ ਸੁਣਾਈਆਂ।