ਕਿਸੇ ਵੀ ਵਿਅਕਤੀ ਨੂੰ ਬਿਨਾਂ ਸ਼ਨਾਖਤੀ ਸਬੂਤ ਲਏ ਨਾ ਠਹਿਰਾਇਆ ਜਾਵੇ: ਵਧੀਕ ਜ਼ਿਲ੍ਹਾ ਮੈਜਿਸਟ੍ਰੇਟ
ਹੋਟਲ, ਰੈਸਟੋਰੈਂਟ ਤੇ ਧਰਮਾਸ਼ਾਲਾਵਾਂ ਦੇ ਮਾਲਿਕਾਂ ਤੇ ਪ੍ਰਬੰਧਕਾਂ ਨੂੰ ਨਵੀਆਂ ਹਦਾਇਤਾਂ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 22 ਜੁਲਾਈ:2021
ਜ਼ਿਲ੍ਹਾ ਪ੍ਰਸ਼ਾਸ਼ਨ ਨੇ ਅਪਰਾਧਿਕ ਘਟਨਾਵਾਂ ਤੇ ਰੋਕਥਾਮ ਲਈ ਸਖਤ ਰਵੱਈਆਂ ਅਪਣਾ ਲਿਆ ਹੈ। ਵਧੀਕ ਜਿਲ੍ਹਾ ਮੈਜਿਸਟਰੇਟ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਸਥਿਤ ਹੋਟਲ, ਰੈਸਟੋਰੈਂਟ ਤੇ ਧਰਮਾਸ਼ਾਲਾਵਾਂ ਦੇ ਮਾਲਿਕਾਂ ਤੇ ਪ੍ਰਬੰਧਕਾਂ ਨੂੰ ਹਦਾਇਤਾਂ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਬਿਨਾਂ ਸ਼ਨਾਖਤੀ ਸਬੂਤ ਲਏ ਹੋਟਲ, ਰੈਸਟੋਰੈਂਟ ਤੇ ਧਰਮਸ਼ਾਲਾ ਆਦਿ ਵਿੱਚ ਨਾ ਠਹਿਰਾਇਆ ਜਾਵੇ । ਹੋਟਲ, ਰੈਸਟੋਰੈਂਟ ਅਤੇ ਧਰਮਸ਼ਾਲਾ ਆਦਿ ਵਿੱਚ ਠਹਿਰਨ ਵਾਲੇ ਵਿਅਕਤੀਆਂ ਦੇ ਵੇਰਵਿਆਂ ਦਾ ਇੰਦਰਾਜ ਰਜਿਸਟਰ ਵਿੱਚ ਕੀਤਾ ਜਾਵੇ ਜਿਵੇਂ ਕਿ ਟੈਲੀਫੋਨ ਨੰਬਰ ਅਤੇ ਘਰ ਦਾ ਪਤਾ ਆਦਿ ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਹੋਟਲ, ਰੈਸਟੋਰੈਂਟ ਜਾਂ ਧਰਮਸ਼ਾਲਾ ਦੇ ਪ੍ਰਬੰਧਕਾਂ ਨੂੰ ਠਹਿਰਨ ਵਾਲੇ ਕਿਸੇ ਵਿਅਕਤੀ ਦੀ ਗਤੀਵਿਧੀ ਸ਼ੱਕੀ ਲਗਦੀ ਹੋਵੇ ਤਾਂ ਉਹ ਸਬੰਧਤ ਥਾਣੇ ਵਿਖੇ ਸੰਪਰਕ ਕਰਨ।
ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜ਼ਿਲ੍ਹਾ ਸੰਗਰੂਰ ਅਤੇ ਇਸ ਜ਼ਿਲ੍ਹੇ ਅਧੀਨ ਦੂਜੇ ਸ਼ਹਿਰਾਂ ਵਿੱਚ ਕਾਫ਼ੀ ਤਾਦਾਦ ਵਿੱਚ ਹੋਟਲ, ਰੈਸਟੋਰੈਂਟ ਖੁੱਲ੍ਹੇ ਹੋਏ ਹਨ ਅਤੇ ਪਾਰਟੀਆਂ ਵਗੈਰਾ ਕੀਤੀਆਂ ਜਾਂਦੀਆਂ ਹਨ ਅਤੇ ਰਾਤਾਂ ਨੂੰ ਠਹਿਰਨ ਲਈ ਕਮਰੇ ਵੀ ਉਪਲਬਧ ਕਰਵਾਏ ਜਾਂਦੇ ਹਨ। ਅਜੋਕੇ ਸਮੇਂ ਵਿੱਚ ਹੋਟਲਾਂ/ਰੈਸਟੋਰੈਂਟਾਂ ਵਿੱਚ ਕਤਲ, ਰੇਪ/ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਕਾਫ਼ੀ ਤਾਦਾਦ ਵਿੱਚ ਵੱਧ ਰਹੀਆਂ ਹਨ ਅਤੇ ਕਈ ਵਾਰ ਪੈਸਿਆਂ ਦੇ ਲਾਲਚ ਵਿੱਚ ਆਪਣੇ ਗਾਹਕਾਂ ਪਾਸੋਂ ਵਾਧੂ ਪੈਸੇ ਵਸੂਲ ਕੇ ਬਿਨਾਂ ਕੋਈ ਸ਼ਨਾਖਤੀ ਸਬੂਤ ਲਏ ਅਤੇ ਬਿਨਾਂ ਕਿਸੇ ਰਜਿਸਟਰ ਵਿੱਚ ਇੰਦਰਾਜ ਕੀਤੇ ਕਮਰੇ ਕਿਰਾਏ ’ਤੇ ਦੇ ਦਿੰਦੇ ਹਨ। ਇਸ ਤੋਂ ਇਲਾਵਾ ਹੋਟਲਾਂ, ਰੈਸਟੋਰੈਂਟਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਦੀ ਵੀ ਕੋਈ ਵਿਵਸਥਾ ਨਹੀਂ ਹੈ ਜਿਸ ਕਾਰਨ ਅਪਰਾਧ ਹੋਣ ਦੀ ਸਥਿਤੀ ਵਿੱਚ ਇਨ੍ਹਾਂ ਹੋਟਲਾਂ/ਰੈਸਟੋਰੈਂਟਾਂ ਵਿੱਚ ਅਪਰਾਧੀ ਰਾਤ ਠਹਿਰਨ ਉਪਰੰਤ ਬੇਖੌਫ਼ ਚਲੇ ਜਾਂਦੇ ਹਨ ਅਤੇ ਕੋਈ ਰਿਕਾਰਡ ਉਪਲਬਧ ਨਾ ਹੋਣ ਕਾਰਨ ਕਰਾਈਮ ਏਜੰਸੀਆਂ ਨੂੰ ਅਪਰਾਧੀਆਂ ਦੀ ਭਾਲ ਕਰਨ ਵਿੱਚ ਮੁਸ਼ਕਿਲ ਪੈਦਾ ਹੋ ਜਾਂਦੀ ਹੈ। ਇਸ ਲਈ ਇਨ੍ਹਾਂ ਖਤਰਿਆਂ ਤੋਂ ਬਚਣ ਅਤੇ ਲੋਕ ਹਿੱਤ ਵਿੱਚ ਤੁਰੰਤ ਕਾਰਵਾਈ ਕਰਨ ਦੀ ਅਤਿਅੰਤ ਲੋੜ ਹੈ। ਇਹ ਹੁਕਮ 18 ਸਤੰਬਰ 2021 ਤੱਕ ਲਾਗੂ ਰਹਿਣਗੇ।