ਮਿਤੀ 22 ਜੁਲਾਈ ਨੂੰ ਬਸੀ ਪਠਾਣਾ ਵਿਖੇ ਲਗਾਇਆ ਜਾਵੇਗਾ ਮੈਗਾ ਵੈਕਸੀਨੇਸ਼ਨ ਕੈਂਪ
ਪਿੰਡਾਂ ਤੇ ਸ਼ਹਿਰਾਂ ਵਿੱਚ ਲਗਾਏ ਜਾ ਰਹੇ ਵੈਕਸੀਨੇਸ਼ਨ ਕੈਂਪਾਂ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ
ਬੀ ਟੀ ਐੱਨ , ਫ਼ਤਹਿਗੜ੍ਹ ਸਾਹਿਬ, 21 ਜੁਲਾਈ 2021
ਜਿ਼ਲ੍ਹਾ ਪ੍ਰਸਾਸ਼ਨ ਵੱਲੋਂ ਸ਼ੁਰੂ ਕੀਤੀ ਮੇਰਾ ਵਚਨ 100 ਫੀਸਦੀ ਟੀਕਾਕਰਨ ਮੁਹਿੰਮ ਕੋਰੋਨਾ ਮਹਾਂਮਾਰੀ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ ਕਿਉਂਕਿ ਟੀਕਾਕਰਨ ਕਰਵਾ ਕੇ ਹੀ ਅਸੀਂ ਇਸ ਮਹਾਂਮਾਰੀ ਤੋਂ ਬਚ ਸਕਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਨੇ ਜਿ਼ਲ੍ਹੇ ਵਿੱਚ ਕੋਰੋਨਾ ਦੀ ਸਥਿਤੀ ਬਾਰੇ ਗੱਲਬਾਤ ਕਰਦਿਆਂ ਦਿੱਤੀ।
ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਰੂਪ ਵਿੱਚ ਸਾਡੇ ਅੱਗੇ ਇੱਕ ਵੱਡੀ ਚੁਣੋਤੀ ਆਈ ਸੀ ਜਿਸ ਦਾ ਜਿ਼ਲ੍ਹਾ ਪ੍ਰਸ਼ਾਸ਼ਨ ਨੇ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਟਾਕਰਾ ਕੀਤਾ ਅਤੇ ਲੋਕਾਂ ਨੂੰ ਵੱਖ-ਵੱਖ ਪ੍ਰਚਾਰ ਮਾਧਿਅਮਾਂ ਕਾਰਨ ਲੋਕ ਕਾਫੀ ਜਾਗਰੂਕ ਹੋ ਗਏ ਹਨ ਅਤੇ ਜਿਥੇ ਉਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਕਰ ਰਹੇ ਹਨ ਉਥੇ ਹੀ ਉਤਸ਼ਾਹ ਨਾਲ ਟੀਕਾਕਰਨ ਵੀ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਅੱਜ ਅਮਲੋਹ, ਮਨਹੇੜਾ ਜੱਟਾਂ, ਅਸ਼ੋਕਾ ਸਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ, ਬਡਾਲੀ, ਰੰਧਾਵਾ ਵਿਖੇ ਵੈਕਸੀਨੇਸ਼ਨ ਕੈਂਪ ਲਗਾਏ ਗਏ ਜਿਨ੍ਹਾਂ ਵਿੱਚ ਵੱਡੀ ਗਿਣਤੀ ਲੋਕਾਂ ਦਾ ਟੀਕਾਕਰਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਲੜੀ ਤਹਿਤ ਮਿਤੀ 22 ਜੁਲਾਈ ਨੂੰ ਰਾਧਾ ਸੁਆਮੀ ਸਤਿਸੰਗ ਘਰ, ਬਸੀ ਪਠਾਣਾ ਵਿਖੇ ਵੈਕਸੀਨੇਸ਼ਨ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਵੈਕਸੀਨੇਸ਼ਨ ਲਗਾਈ ਜਾਵੇਗੀ। ਇਹ ਕੈਂਪ ਸਵੇਰੇ 08-00 ਵਜੇ ਸੁਰੂ ਹੋਵੇਗਾ ਤੇ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ ਤੇ ਵੈਕਸੀਨੇਸ਼ਨ ਲਗਾਈ ਜਾਵੇਗੀ । ਇਸਦੇ ਨਾਲ ਹੀ ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਵਲੋਂ ਮਾਘੀ ਕਾਲਜ਼ ਅਮਲੋਹ ਵਿਖੇ ਵੀ ਸਵੇਰੇ 09 ਵਜ਼ੇ ਕੋਵਿਡ ਟੀਕਾਕਰਣ ਕੈਂਪ ਲਗਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਲਗਾਏ ਜਾ ਰਹੇ ਕੋਰੋਨਾ ਵੈਕਸੀਨੇਸ਼ਨ ਕੈਂਪਾਂ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਲੋਕ ਆਪ ਖੁਦ ਆ ਕੇ ਆਪਣੇ ਟੀਕਾਕਰਨ ਕਰਵਾ ਰਹੇ ਹਨ ਜਿਸ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਜਿ਼ਲ੍ਹੇ ਵਿੱਚੋਂ ਕੋਰੋਨਾ ਮਹਾਂਮਾਰੀ ਤੋਂ ਛੁਟਕਾਰੇ ਵਿੱਚ ਜਿਆਦਾ ਵਕਤ ਨਹੀਂ ਲੱਗੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਮੁਹਿੰਮ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਸਫਲਤਾ ਪੂਰਵਕ ਨੇਪਰੇ ਚਾੜਿਆ ਜਾ ਸਕਦਾ ਹੈ ਅਤੇ ਕੋਰੋਨਾ ਮਹਾਂਮਾਰੀ ਨੂੰ ਵੀ ਲੋਕਾਂ ਦੇ ਸਹਿਯੋਗ ਨਾਲ ਹੀ ਖ਼ਤਮ ਕੀਤਾ ਜਾਵੇਗਾ।