ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਵਧੀਕ ਮੁੱਖ ਸਕੱਤਰ ਸੈਰ-ਸਪਾਟਾ ਸੰਜੇ ਕੁਮਾਰ ਤੇ ਹੋਰਨਾਂ ਅਧਿਕਾਰੀਆਂ ਨਾਲ ਲਿਆ ਯਾਦਗਾਰ ਪ੍ਰਬੰਧਾਂ ਦਾ ਜਾਇਜ਼ਾ
ਹਰਪ੍ਹੀਤ ਕੌਰ ਬਬਲੀ, ਸੰਗਰੂਰ, 19 ਜੁਲਾਈ 2021
ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੀ ਯਾਦ ‘ਚ ਬਣਾਈ ਜਾ ਰਹੀ ਯਾਦਗਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 31 ਜੁਲਾਈ ਨੂੰ ਸ਼ਹੀਦ ਦੀ ਬਰਸੀ ਮੌਕੇ ਸੂਬਾ ਵਾਸੀਆਂ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸੁਨਾਮ ਵਿਖੇ ਯਾਦਗਾਰ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਸ੍ਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੀ ਵਾਗਡੋਰ ਸੰਭਾਲਦਿਆਂ ਹੀ ਸ਼ਹੀਦ ਉੂਧਮ ਸਿੰਘ ਦੀ ਸ਼ਹਾਦਤ ਨੂੰ ਸਦੀਵੀ ਬਣਾਉਣ ਲਈ ਯਾਦਗਾਰ ਦਾ ਕੰਮ ਲੋਕਾਂ ਦੀ ਮੰਗ ਅਨੁਸਾਰ 2 ਕਰੋੜ 62 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕਰਵਾਇਆ।
ਉਨ੍ਹਾਂ ਦੱਸਿਆ ਕਿ ਸ਼ਹੀਦੀ ਯਾਦਗਾਰ ਦੀ ਰੂਪ ਰੇਖਾ ਤੇ ਡਿਜ਼ਾਈਨ ਚੀਫ਼ ਆਰਕੀਟੈਕਟ ਪੰਜਾਬ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਬੁੱਤ, ਸ਼ਹੀਦ ਨੂੰ ਸਮਰਪਿਤ ਅਜਾਇਬ ਘਰ, ਓਪਨ ਏਅਰ ਥੀਏਟਰ ਲੈਂਡਸਕੇਪਿੰਗ ਚਾਰਦੀਵਾਰੀ ਸਮੇਤ ਹੋਰ ਆਧੁਨਿਕ ਸੁਵਿਧਾਵਾਂ ਉਪਲੱਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਯਾਦਗਾਰ ਦੀ ਉਸਾਰੀ ਦੇ ਕੰਮ ਦੀ ਗੁਣਵੱਤਾ ਸਹੀ ਰੱਖਣ ਲਈ ਉਨ੍ਹਾਂ ਵੱਲੋਂ ਸਮੇਂ ਸਮੇਂ ‘ਤੇ ਸਾਇਟ ਦਾ ਨਿਰੀਖਣ ਕਰਨਾ ਯਕੀਨੀ ਬਣਾਇਆ ਗਿਆ ਹੈ।
ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਾਨੂੰ ਇਨ੍ਹਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਕੇ ਮਹਾਨ ਸ਼ਹੀਦਾਂ ਦੀ ਦੇਣ ਨੂੰ ਹਮੇਸ਼ਾ ਸਿਜਦਾ ਕਰਨ ਦੀ ਜ਼ਰੂਰਤ ਹੈ ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁੱਖਾਂ ਚ ਮਹਾਰਾਜਾ ਰਣਜੀਤ ਸਿੰਘ ਦੇ ਨਵੇਂ ਬੁੱਤ ਅਤੇ ਪਾਰਕ ਦੀ ਸਥਾਪਨਾ ਲਈ ਇੱਕ ਕਰੋੜ ਰੁਪਏ ਪੰਜਾਬ ਸਰਕਾਰ ਵਲੋਂ ਮਨਜ਼ੂਰ ਕੀਤੇ ਗਏ ਹਨ ਅਤੇ ਕੰਮ ਸ਼ੁਰੂ ਵੀ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸ਼ੇਰ-ਏ-ਪੰਜਾਬ ਦਾ ਬੁੱਤ ਮਹਾਰਾਸ਼ਟਰ ਤੋਂ ਤਿਆਰ ਕਰਵਾਇਆ ਜਾ ਰਿਹਾ ਹੈ ਤਾਂ ਜੋ ਬੁੱਤ ਦੀ ਦਿੱਖ ਨੂੰ ਹੂ-ਬਹੂ ਰੂਪ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵਿਰਾਸਤੀ ਇਮਾਰਤਾਂ ਦੀ ਸੰਭਾਲ ਲਈ ਲੋੜੀਂਦੇ ਫੰਡ ਜਾਰੀ ਕਰਨ ਦੇ ਨਾਲ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਰਾਸਤੀ ਸ਼ਹਿਰਾਂ ਦੀ ਰਵਾਇਤੀ ਦਿੱਖ ਬਹਾਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਯਾਦ ‘ਚ ਬਣਾਈ ਯਾਦਗਾਰ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਉਨ੍ਹਾਂ ਦਾ ਦਲੇਰੀ ਭਰਿਆ ਕਾਰਨਾਮੇ ਚੇਤੇ ਕਰਵਾ ਅਣਖ ਭਰਨ ਦਾ ਕੰਮ ਕਰਦੀ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਵਿਭਾਗ ਸੰਜੇ ਕੁਮਾਰ, ਡਾਇਰੈਕਟਰ ਪੁਰਾਤੱਤਵ ਵਿਭਾਗ ਕੇ.ਪੀ. ਬਰਾੜ, ਡਿਪਟੀ ਕਮਿਸ਼ਨਰ ਰਾਮਵੀਰ ਅਤੇ ਕਮੇਟੀ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਵੀ ਹਾਜ਼ਰ ਸਨ।