ਮਾਰਚ ਕਰਕੇ 29 ਜੁਲਾਈ ਨੂੰ ਮਜਦੂਰ ਜਥੇਬੰਦੀਆਂ ਹਲਕਾ ਵਿਧਾਇਕ ਨੂੰ ਦੇਵਾਂਗੇ ਯਾਦ ਪੱਤਰ
ਪਰਦੀਪ ਕਸਬਾ , ਕਰਤਾਰਪੁਰ,18 ਜੁਲਾਈ 2021
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਮਜਦੂਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ 9 ਅਗਸਤ ਤੋਂ ਮੁੱਖ ਮੰਤਰੀ ਦੇ ਰਿਹਾਇਸ਼ੀ ਸ਼ਹਿਰ ਪਟਿਆਲੇ ਧਰਨਾ ਲਗਾਇਆ ਜਾ ਰਿਹਾ ਹੈ।ਜਿਸ ਦੀ ਪੰਜਾਬ ਭਰ ਵਿੱਚ ਜੋਰਦਾਰ ਤਿਆਰੀ ਕੀਤੀ ਜਾ ਰਹੀ ਹੈ।ਇਸ ਧਰਨੇ ਦੀ ਕਾਮਯਾਬੀ ਲਈ ਪਿੰਡਾਂ ਵਿੱਚ ਕੀਤੇ ਜਾ ਰਹੇ ਮੁਜ਼ਾਹਰਿਆਂ ਦੀ
ਕੜੀ ਵਜੋਂ ਅੱਜ ਪਿੰਡ ਧੀਰਪੁਰ, ਪਾੜਾ ਪਿੰਡ ਅਤੇ ਬੱਖੂਨੰਗਲ ਵਿਖੇ ਮੁਜ਼ਾਹਰੇ ਕੀਤੇ ਗਏ।ਇਸ ਮੌਕੇ 29 ਜੁਲਾਈ ਨੂੰ ਹਲਕਾ ਕਰਤਾਰਪੁਰ ਦੇ ਕਾਂਗਰਸੀ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਜਨਤਕ ਇਕੱਠ ਕਰਕੇ ਯਾਦ ਪੱਤਰ ਦਿੱਤੇ ਜਾਣ ਦਾ ਐਲਾਨ ਵੀ ਕੀਤਾ ਗਿਆ। ਪਿੰਡ ਪਿੰਡ ਜਥੇਬੰਦੀ ਦੀ ਮੈਂਬਰਸ਼ਿਪ ਕਰਕੇ ਯੂਨੀਅਨ ਦੀਆਂ ਕਮੇਟੀਆਂ ਦਾ ਗਠਨ ਕਰਨ ਦਾ ਪੇਂਡੂ ਮਜ਼ਦੂਰਾਂ ਨੂੰ ਸੱਦਾ ਵੀ ਦਿੱਤਾ।
ਇਸ ਮੌਕੇ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਕਾਂਗਰਸ ਸਰਕਾਰ ਨੇ ਇੱਕ ਵੀ ਵਾਅਦਾ ਦਾਅਵਾ ਪੂਰਾ ਨਹੀਂ ਕੀਤਾ।ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਕਾਰਪੋਰੇਟ ਘਰਾਣਿਆਂ ਪੱਖੀ ਹੀ ਸਾਬਿਤ ਹੋਈ ਹੈ। ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਪੇਂਡੂ ਮਜ਼ਦੂਰਾਂ ਦੀ ਹਾਲਤ ਪਹਿਲਾਂ ਤੋਂ ਵੀ ਵੱਧ ਮਾੜੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਪਾਸ ਸੰਘਰਸ਼ ਕਰਨ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਹੈ।
ਇਸ ਮੌਕੇ ਯੂਨੀਅਨ ਦੇ ਤਹਿਸੀਲ ਆਗੂ ਬਲਬੀਰ ਸਿੰਘ ਧੀਰਪੁਰ,ਕੇ ਐੱਸ ਅਟਵਾਲ ਅਤੇ ਗੁਰਪ੍ਰੀਤ ਸਿੰਘ ਚੀਦਾ ਆਦਿ ਨੇ ਵੀ ਸੰਬੋਧਨ ਕੀਤਾ।