ਐਸ.ਐਸ.ਪੀ. ਸੰਦੀਪ ਗੋਇਲ ਦੀ ਪਹਿਲ ਤੇ ਪੁਲਿਸ ਟੀਮ ਨੇ ਲੋਕਾਂ ਨੂੰ ਲੱਭ ਕੇ ਵੰਡੇ 2/2 ਵਰ੍ਹੇ ਪਹਿਲਾਂ ਗੁੰਮੇ ਮੋਬਾਇਲ
ਮੋਬਾਇਲ ਲੈ ਕੇ ਅਮਨਦੀਪ ਕੌਰ ਤੇ ਜਸਵੀਰ ਸਿੰਘ ਨੇ ਕਿਹਾ, ਯਕੀਨ ਹੀ ਨਹੀਂ ਹੋ ਰਿਹਾ ਕਿ ਮੋਬਾਇਲ ਲੱਭ ਗਿਆ,
ਲੋਕਾਂ ਨੇ ਕਿਹਾ ਐਸ.ਐਸ.ਪੀ. ਗੋਇਲ ਦੀ ਪਹਿਲਕਦਮੀ ਨਾਲ ਪੁਲਿਸ ਤੇ ਬੱਝਿਆ ਭਰੋਸਾ
ਰਘਵੀਰ ਹੈਪੀ/ ਸੋਨੀ ਪਨੇਸਰ , ਬਰਨਾਲਾ, 5 ਜੁਲਾਈ 2021
ਐਸਐਸਪੀ ਸੰਦੀਪ ਗੋਇਲ ਆਪਣੀ ਵਿਲੱਖਣ ਕਾਰਜ਼ਸ਼ੈਲੀ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ। ਐਸਐਸਪੀ ਗੋਇਲ ਦੀ ਪਹਿਲਕਦਮੀ ਤੇ ਲੋਕਾਂ ਦੇ ਲੰਬਾ ਅਰਸਾ ਪਹਿਲਾਂ ਗੁੰਮ ਹੋਏ ਮੋਬਾਇਲ ਲੱਭਣ ਵਿੱਚ ਲੱਗੀ ਪੁਲਿਸ ਦੀ ਟੀਮ ਨੇ 75/80 ਲੱਖ ਰੁਪਏ ਕੀਮਤ ਦੇ ਮੋਬਾਇਲ ਲੱਭ ਕੇ , ਪੁਲਿਸ ਮਹਿਕਮੇ ਦੇ ਇਤਹਾਸ ਵਿੱਚ ਪ੍ਰਾਪਤੀਆਂ ਦਾ ਇੱਕ ਨਵਾਂ ਅਧਿਆਏ ਜੋੜ ਦਿੱਤਾ ਹੈ। ਮੋਬਾਇਲ ਲੱਭ ਜਾਣ ਦੀ ਸੂਚਨਾ ਪੁਲਿਸ ਕਰਮਚਾਰੀ ਕਿਵੇਂ ਦਿੰਦੇ ਹਨ, ਇਸ ਦੀ ਵੰਨਗੀ, ਕੁੱਝ ਇਸ ਤਰਾਂ ਸਾਹਮਣੇ ਆਈ।
ਹੈਲੋ ,ਭਾਈ ਅਮਨਦੀਪ ਕੌਰ ਬੋਲਦੀ ਐਂ, ਹਾਂ ਜੀ ਸਰ, ਤੁਸੀਂ ਕੌਣ, ਪੁਲਿਸ ਕਰਮਚਾਰੀ ਨੇ ਕਿਹਾ, ਤੁਹਾਡਾ ਮੁਬਾਇਲ ਗੁੰਮ ਹੋਇਆ ਸੀ, ਜੀ ਹਾਂ, ਕਦੋਂ ? ਕਰੀਬ ਡੇਢ ਸਾਲ ਪਹਿਲਾਂ, ਤੁਸੀਂ ਆਪਣਾ ਪਰੂਫ ਲੈ ਕੇ ਐਸ.ਐਸ.ਪੀ. ਦਫਤਰ ਪਹੁੰਚ ਜਾਇਉ, ਥੋਡਾ ਮੋਬਾਇਲ ਲੱਭ ਗਿਆ, ਤੁਹਾਨੂੰ ਦੇਣਾ ਹੈ। ਇਹ ਵਾਰਤਾਲਾਪ ਫੋਨ ਟਰੇਸ ਹੋਣ ਤੋਂ ਬਾਅਦ ਪੁਲਿਸ ਕਰਮਚਾਰੀ ਅਤੇ ਮੁਬਾਇਲ ਮਾਲਿਕ ਲੜਕੀ ਅਮਨਦੀਪ ਕੌਰ ਦਰਮਿਆਨ ਹੋਇਆ। ਮੋਬਾਇਲ ਮਿਲ ਜਾਣ ਦੀ ਖੁਸ਼ੀ ਅਮਨਦੀਪ ਕੌਰ ਦੇ ਚਿਹਰੇ ਤੇ ਅੱਜ ਸਾਫ ਦਿਖ ਰਹੀ ਸੀ। ਅਮਨਦੀਪ ਨੇ ਕਿਹਾ! ਐਸਐਸਪੀ ਸੰਦੀਪ ਗੋਇਲ ਮੇਰੇ ਲਈ ਫਰਿਸ਼ਤਾ ਬਣਕੇ ਬਹੁੜੇ ਹਨ, ਮੈਂਨੂੰ ਪਤੈ, ਮੈਂ ਮੋਬਾਇਲ ਕਿੰਨਾਂ ਔਖਾ ਲਿਆ ਸੀ।
ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਡੀਐਸਪੀ ਡੀ ਸ੍ਰੀ ਬ੍ਰਿਜ ਮੋਹਨ ਦੀ ਅਗਵਾਈ ਵਿੱਚ ਪੁਲਿਸ ਦੀ ਗਠਿਤ ਵਿਸ਼ੇਸ਼ ਟੀਮ ਨੇ ਹੁਣ ਤੱਕ ਸਾਢੇ 500 ਮੋਬਾਇਲ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ। ਉਨਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਲੋਕਾਂ ਦੇ ਗੁੰਮ ਹੋਏ 400 ਮੋਬਾਇਲ ਫੋਨ ਲੱਭ ਕੇ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਸੌਂਪੇ ਸਨ, ਅੱਜ ਫਿਰ ਹੋਰ ਮੋਬਾਇਲ ਲੱਭ ਕੇ ਲੋਕਾਂ ਨੂੰ ਸੌਂਪ ਦਿੱਤੇ ਹਨ। ਜਿੰਨ੍ਹਾਂ ਸਾਰਿਆਂ ਦੀ ਕੀਮਤ 75/80 ਲੱਖ ਰੁਪਏ ਬਣਦੀ ਹੈ।
ਐਸ.ਐਸ.ਪੀ. ਦਫ਼ਤਰ ਬਰਨਾਲਾ ‘ਚ ਪ੍ਰੈਸ ਕਾਨਫਰੰਸ ਕਰਦਿਆਂ ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ ਕਿ ਅੱਜ 120 ਮੋਬਾਇਲ ਪੁਲਿਸ ਵੱਲੋਂ ਲੱਭੇ ਗਏ ਹਨ, ਉਨ੍ਹਾਂ ਵਿਚੋਂ 37 ਮੋਬਾਇਲ ਵੀਵੋ ਕੰਪਨੀ ਦੇ, 25 ਮੋਬਾਇਲ ਅੋਪੋ ਕੰਪਨੀ ਦੇ, 22 ਮੋਬਾਇਲ ਰੈਡਮੀ ਕੰਪਨੀ ਦੇ, 15 ਮੋਬਾਇਲ ਸੈਮਸੰਗ ਕੰਪਨੀ ਦੇ, 18 ਮੋਬਾਇਲ ਰੀਅਲ ਮੀ ਕੰਪਨੀ ਦੇ ਅਤੇ ਇਕ ਆਈਫੋਨ ਹੈ, ਜਿਨ੍ਹਾਂ ਨੂੰ ਮੋਬਾਇਲ ਮਾਲਿਕਾਂ ਨੂੰ ਸੌਂਪ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਇਨਸਾਨ ਜਦੋਂ ਮੋਬਾਇਲ ਫੋਨ ਲੈਂਦਾ ਹੈ ਤਾਂ ਉਸਨੂੰ ਬੇਹੱਦ ਜ਼ਿਆਦਾ ਖੁਸ਼ੀ ਹੁੰਦੀ ਹੈ, ਜਦੋਂ ਉਹੀ ਮੋਬਾਇਲ ਉਨ੍ਹਾਂ ਦਾ ਚੋਰੀ ਹੋ ਜਾਵੇ ਜਾਂ ਕਿਤੇ ਗਿਰ ਜਾਵੇ ਤਾਂ ਫਿਰ ਜੋ ਉਨ੍ਹਾਂ ਦੇ ਮਨ ‘ਤੇ ਬੀਤਦੀ ਹੈ, ਉਹ ਉਨ੍ਹਾਂ ਨੂੰ ਹੀ ਪਤਾ ਹੁੰਦੀ ਹੈ | ਇਨ੍ਹਾਂ ਵਿਚ ਕੁਝ ਲੋੜਵੰਦ ਲੋਕ ਵੀ ਸ਼ਾਮਿਲ ਹੁੰਦੇ ਹਨ, ਜੋ ਕਿ ਆਪਣਾ ਫੋਨ ਕਿਸ਼ਤਾਂ ‘ਤੇ ਲੈਂਦੇ ਹਨ, ਫੋਨ ਡਿੱਗਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਨਿਰੰਤਰ ਮੋਬਾਇਲ ਦੀਆਂ ਕਿਸਤਾਂ ਭਰਨੀਆਂ ਪੈਂਦੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਮੋਬਾਇਲ ਚੋਰੀ ਜਾਂ ਮੋਬਾਇਲ ਡਿੱਗਣ ਦੀ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ | ਇਸਦੇ ਚੱਲਦਿਆਂ ਹੀ ਉਨ੍ਹਾਂ ਵੱਲੋਂ ਡੀਐਸਪੀਡੀ ਬਿ੍ਜ ਮੋਹਨ ਅਤੇ ਸਾਈਬਰ ਕ੍ਰਾਈਮ ਦੇ ਕਰਮਚਾਰੀਆਂ ਦੀ ਇਕ ਟੀਮ ਗਠਿਤ ਕੀਤੀ ਹੋਈ ਹੈ, ਜੋ ਲੋਕਾਂ ਦੇ ਗੁੰਮ ਹੋਏ ਮੋਬਾਇਲ ਲੱਭ ਕੇ ਉਨ੍ਹਾਂ ਨੂੰ ਸੌਂਪ ਰਹੀ ਹੈ | ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਟੀਮ ‘ਤੇ ਮਾਣ ਹੈ, ਜੋ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਰਹੀ ਹੈ | ਐਸ.ਐਸ.ਪੀ. ਦਫਤਰ ਬਰਨਾਲਾ ਵਿਖੇ ਮੋਬਾਇਲ ਹਾਸਿਲ ਕਰਨ ਵਾਲੇ ਸੰਜੇ ਕੁਮਾਰ, ਗੁਰਪ੍ਰੀਤ ਸਿੰਘ ਚੀਮਾ, ਗਗਨਦੀਪ ਸਿੰਘ, ਨਿਰਭੈ ਸਿੰਘ, ਕੁਲਦੀਪ ਸਿੰਘ ਆਦਿ ਨੇ ਕਿਹਾ ਕਿ ਉਨ੍ਹਾਂ ਦੇ ਗੁੰਮ ਹੋਏ ਨੂੰ ਦੋ ਸਾਲ ਦੇ ਕਰੀਬ ਹੋ ਚੁੱਕੇ ਸਨ। ਉਨ੍ਹਾਂ ਕਿਹਾ ਕਿ ਜਦੋਂ ਉਹ ਐਸਐਸਪੀ ਦਫ਼ਤਰ ਐਸ.ਐਸ.ਪੀ. ਸੰਦੀਪ ਗੋਇਲ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਖੁਦ ਐਸ.ਐਸ.ਪੀ. ਸਾਹਿਬ ਮੋਬਾਇਲ ਫੋਨ ਉਨ੍ਹਾਂ ਦੇ ਹੱਥਾਂ ਵਿਚ ਦਿੱਤੇ | ਇਨ੍ਹਾਂ ਮੋਬਾਇਲ ਫੋਨਾਂ ਨੂੰ ਲੈ ਕੇ ਉਨ੍ਹਾਂ ਨੂੰ ਇੰਨੀ ਖੁਸ਼ੀ ਹੋਈ ਕਿ ਜਿਸਦੀ ਕਲਪਣਾ ਕਰਨੀ ਵੀ ਮੁਸ਼ਕਿਲ ਹੈ | ਉਨ੍ਹਾਂ ਕਿਹਾ ਕਿ ਉਹ ਐਸ.ਐਸ.ਪੀ. ਸੰਦੀਪ ਗੋਇਲ ਅਤੇ ਉਨ੍ਹਾਂ ਦੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਗੁੰਮ ਹੋਏ ਮੋਬਾਇਲ ਫੋਨ ਲੱਭ ਕੇ ਦਿੱਤੇ ਹਨ |