ਅਦਾਲਤ ਵਿੱਚ 29 ਜੁਲਾਈ ਨੂੰ ਫਿਰ ਹੋਵੇਗੀ ਅਗਲੀ ਸੁਣਵਾਈ, ਅੱਜ ਵੀ ਨਹੀਂ ਮਿਲੀ ਕੋਈ ਸਟੇਅ ,,
ਹਰਿੰਦਰ ਨਿੱਕਾ , ਬਰਨਾਲਾ 5 ਜੂਨ 2021
ਬਰਨਾਲਾ-ਬਠਿੰਡਾ ਮੇਨ ਹਾਈਵੇ ਤੇ ਪਿੰਡ ਹੰਡਿਆਇਆ ਦੇ ਨੇੜੇ ਸਿਹਤ ਵਿਭਾਗ ਵੱਲੋਂ 100 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਦੇ ਨਿਰਮਾਣ ਸ਼ੁਰੂ ਹੋਣ ਵਿੱਚ ਹਾਲੇ ਵੀ ਕਾਨੂੰਨੀ ਪੇਚ ਫਸਿਆ ਹੋਇਆ ਹੈ। ਨਗਰ ਕੌਂਸਲ ਬਰਨਾਲਾ ਵੱਲੋਂ ਉਕਤ ਹਸਪਤਾਲ ਲਈ ਪ੍ਰਸਤਾਵਿਤ ਥਾਂ ਤੇ ਕਰੀਬ ਸਵਾ ਕੁ ਏਕੜ ਜਮੀਨ ਤੇ ਲੁੱਕ ਮਿਕਸਚਰ ਪਲਾਂਟ ਦੇ ਰੂਪ ‘ਚ ਕਾਬਿਜ਼ ਧਿਰ ਯੂਨੀਕੋਨ ਬਿਲਡਰ ਕੰਪਨੀ ਦੀ ਤਰਫੋਂ ਅਦਾਲਤ ਵਿੱਚ ਦਾਇਰ ਕੇਸ ਦੀ ਅੱਜ ਹੋਈ ਸੁਣਵਾਈ ਦੇ ਬਾਵਜੂਦ ਮਾਨਯੋਗ ਜੱਜ ਨੇ ਯੂਨੀਕੋਨ ਬਿਲਡਰ ਵਾਲਿਆਂ ਨੂੰ ਕੋਈ ਸਟੇਅ ਨਹੀਂ ਦਿੱਤਾ। ਦੋਵਾਂ ਧਿਰਾਂ ਦੀ ਸੁਣਵਾਈ ਉਪਰੰਤ ਜੱਜ ਨੇ ਕੇਸ ਦੀ ਸੁਣਵਾਈ ਲਈ 29 ਜੁਲਾਈ ਦੀ ਤਾਰੀਖ ਪੇਸ਼ੀ ਨਗਰ ਕੌਂਸਲ ਵਾਲੀ ਧਿਰ ਨੂੰ ਜੁਆਬ ਦੇਣ ਲਈ ਮੁਕਰਰ ਕਰ ਦਿੱਤੀ ਹੈ।
ਨਗਰ ਕੌਂਸਲ ਵੱਲੋਂ ਸੀਨੀਅਰ ਐਡਵੋਕੇਟ ਰਾਹੁਲ ਗੁਪਤਾ ਅਤੇ ਯੂਨੀਕੋਨ ਬਿਲਡਰ ਦੀ ਤਰਫੋਂ ਵਰੁਣ ਸਿੰਗਲਾ ਪੇਸ਼ ਹੋਏ । ਵਰਨਣਯੋਗ ਹੈ ਕਿ ਯੂਨੀਕੋਨ ਬਿਲਡਰ ਕੰਪਨੀ ਵੱਲੋਂ ਕਰੀਬ ਤਿੰਨ ਦਹਾਕੇ ਪਹਿਲਾਂ ਗ੍ਰਾਮ ਪੰਚਾਇਤ ਤੋਂ ਮਾਮੂਲੀ ਜਿਹੀ ਲੀਜ ਤੇ ਲੁੱਕ ਮਿਕਸਚਰ ਪਲਾਂਟ ਲਈ ਕਰੀਬ ਡੇਢ ਏਕੜ ਜਮੀਨ ਲਈ ਸੀ। ਪਰੰਤੂ ਯੂਨੀਕੋਨ ਬਿਲਡਰ ਕੰਪਨੀ ਦੇ ਸੰਚਾਲਕਾਂ ਨੇ ਬਿਨਾਂ ਕਿਸੇ ਮੰਜੂਰੀ ਤੋਂ ਹੀ ਜਮੀਨ ਦੇ ਵੱਡੇ ਹਿੱਸੇ ਤੇ ਕਬਜਾ ਜਮਾ ਲਿਆ ਸੀ। ਜਦੋਂ ਲੁੱਕ ਪਲਾਂਟ ਵਾਲਾ ਖੇਤਰ ਨਗਰ ਕੌਂਸਲ ਬਰਨਾਲਾ ਦੀ ਹਦੂਦ ਵਿੱਚ ਆ ਗਿਆ ਤਾਂ ਤਤਕਾਲੀ ਨਗਰ ਕੌਂਸਲ ਪ੍ਰਬੰਧਕਾਂ ਵੱਲੋਂ ਆਪਣੀ ਮਾਲਕੀ ਦੀ ਜਮੀਨ ਤੋਂ ਯੂਨੀਕੋਨ ਬਿਲਡਰ ਦਾ ਕਬਜਾ ਚੁਕਵਾਉਣ ਲਈ ਅਦਾਲਤ ਦਾ ਸਹਾਰਾ ਲਿਆ। ਪਰੰਤੂ ਲੁੱਕ ਪਲਾਂਟ ਵਾਲਿਆਂ ਨੂੰ ਕਿੱਧਰੇ ਵੀ ਰਿਲੀਫ ਨਹੀਂ ਮਿਲੀ। ਸਗੋਂ ਮਾਨਯੋਗ ਹਾਈਕੋਰਟ ਨੇ ਯੂਨੀਕੋਨ ਬਿਲਡਰ ਵਾਲਿਆਂ ਨੂੰ ਬਕਾਇਦਾ ਰੁਪਏ ਭਰ ਕੇ ਜਗ੍ਹਾ ਖਾਲੀ ਕਰਨ ਅਤੇ ਕੌਸਟ ਪਾ ਕੇ ਉਨਾਂ ਦੀ ਅਪੀਲ ਖਾਰਿਜ ਕਰ ਦਿੱਤੀ ਸੀ ।
ਪ੍ਰਬੰਧਕਾਂ ਦੀ ਮਿਲੀਭੁਗਤ ਨੇ ਲਾਇਆ ਨਗਰ ਕੌਂਸਲ ਨੂੰ ਮੋਟਾ ਚੂਨਾ
ਮਾਨਯੋਗ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਨਗਰ ਕੌਂਸਲ ਦੇ ਤਤਕਾਲੀ ਪ੍ਰਬੰਧਕਾਂ ਨੇ ਯੂਨੀਕੋਨ ਬਿਲਡਰ ਵਾਲਿਆਂ ਨੂੰ ਲਾਭ ਦੇਣ ਦੇ ਇਰਾਦੇ ਨਾਲ ਝਗੜੇ ਵਾਲੀ ਜਮੀਨ ਦੀ ਉੱਕਾ-ਪੁੱਕਾ 20 ਹਜ਼ਾਰ ਰੁਪਏ ਵਿੱਚ ਯਾਨੀ ਸਿਰਫ 1666 ਰੁਪਏ ਮਹੀਨਾਂ ਦੇ ਹਿਸਾਬ ਨਾਲ ਕਾਂਗਜਾਂ ਵਿੱਚ 1.50 ਏਕੜ , ਜਦੋਂ ਕਿ ਅਣਅਧਿਕਾਰਤ ਤੌਰ ਤੇ ਕਰੀਬ 5/6 ਏਕੜ ਜਮੀਨ ਹੀ ਕਰੀਬ 25 ਸਾਲਾਂ ਤੱਕ ਦੇ ਕੇ ਰੱਖੀ। ਹੁਣ ਜਦੋਂ ਇਹੋ ਜਗ੍ਹਾ ਤੇ ਪੰਜਾਬ ਸਰਕਾਰ ਨੇ 100 ਕਰੋੜ ਰੁਪਏ ਦੀ ਲਾਗਤ ਨਾਲ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਦੇ ਨਿਰਮਾਣ ਦਾ ਐਲਾਨ ਕਰ ਦਿੱਤਾ, ਉਦੋਂ ਹੀ ਯੂਨੀਕੋਨ ਬਿਲਡਰ ਵਾਲਿਆਂ ਨੇ ਹਸਪਤਾਲ ਦਾ ਕੰਮ ਰੁਕਵਾਉਣ ਲਈ ਅਦਾਲਤ ਦਾ ਫਿਰ ਰੁੱਖ ਕਰਦਿਆਂ 29 ਜੂਨ ਨੂੰ ਬਰਨਾਲਾ ਅਦਾਲਤ ਤੋਂ ਸਟੇਅ ਲੈਣ ਲਈ ਕੇਸ ਦਾਇਰ ਕੀਤਾ ਗਿਆ। ਜਿਸ ਦੀ ਸੁਣਵਾਈ 5 ਜੁਲਾਈ ਦੀ ਨਿਸਚਿਤ ਹੋਈ ਸੀ। ਅੱਜ ਫਿਰ ਅਦਾਲਤ ਨੇ 29 ਜੁਲਾਈ ਤੀ ਤਾਰੀਖ ਪੇਸ਼ੀ ਮੁਕਰਰ ਕਰ ਦਿੱਤੀ ਗਈ। ਹੁਣ ਲੋਕਾਂ ਦੀਆਂ ਨਜ਼ਰਾਂ 29 ਜੁਲਾਈ ਤੱਕ ਅਦਾਲਤ ਦੇ ਨਿਰਣੇ ਅਤੇ ਪ੍ਰਸ਼ਾਸ਼ਨ ਦੀ ਕਾਰਵਾਈ ਤੇ ਟਿਕੀਆਂ ਰਹਿਣਗੀਆਂ। ਉੱਧਰ ਪਤਾ ਇਹ ਵੀ ਲੱਗਿਆ ਹੈ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਯੂਨੀਕੋਨ ਬਿਲਡਰ ਵਾਲਿਆਂ ਤੋਂ ਜਗ੍ਹਾ ਖਾਲੀ ਕਰਵਾ ਕੇ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਦੇ ਨਿਰਮਾਣ ਵਿੱਚ ਲੱਗ ਰਿਹਾ ਅੜਿੱਕਾ ਦੂਰ ਕਰਨ ਲਈ ਯਤਨ ਤੇਜ਼ ਕਰ ਦਿੱਤੇ ਹਨ।