ਕੇਂਦਰ ਦੀ ਭਾਜਪਾ ਸਰਕਾਰ ਹਰ ਵਰਗ ਦੇ ਲੋਕਾਂ ਨਾਲ ਧੱਕਾ ਕਰਕੇ ਦੇਸ਼ ਦਾ ਸਾਰਾ ਕਾਰੋਬਾਰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ‘ਚ ਦੇਣ ਜਾ ਰਹੀ ਹੈ
ਪਰਦੀਪ ਕਸਬਾ , ਨਵੀਂ ਦਿੱਲੀ 4 ਜੁਲਾਈ 2021
ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ‘ਤੇ ਚੱਲ ਰਹੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਮੁਲਕ ਅੰਦਰ ਪੈਟਰੌਲੀਅਮ ਪਦਾਰਥਾਂ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਉਪਰੋਕਤ ਸਟੇਜ ਤੋਂ ਵੀ ਉਕਤ ਸੱਦੇ ਤਹਿਤ ਐੱਸ ਡੀ ਐਮ ਬਹਾਦਰਗੜ ਦੇ ਦਫਤਰ ਅੱਗੇ ਵੱਧ ਤੋਂ ਵੱਧ ਵ੍ਹੀਕਲ ਖੜ੍ਹੇ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।
ਉਨ੍ਹਾਂ ਕਿਹਾ ਕਿ 26 ਨਵੰਬਰ 2020 ਨੂੰ ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਡੱਬਵਾਲੀ ਅਤੇ ਖਨੌਰੀ ਬਾਰਡਰਾ ਤੋਂ ਕੂਚ ਕੀਤਾ ਤਾਂ ਹਰਿਆਣਾ ਦੀ ਖੱਟਰ ਸਰਕਾਰ ਨੇ ਲੋਕਾਂ ਦੇ ਹੜ੍ਹ ਨੂੰ ਰੋਕਣ ਲਈ ਰਸਤੇ ‘ਚ ਕਈ ਥਾਵਾਂ ‘ਤੇ ਮਿੱਟੀ ਦੇ ਟਿੱਬੇ, ਵੱਡੀਆਂ ਪਾਈਪਾਂ,ਮਿੱਟੀ ਨਾਲ ਭਰ ਕੇ ਦੂਹਰੀ ਬੈਰੀਕੇਡਿੰਗ ਕਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ‘ਚ ਖੇਤੀ ਬਿੱਲਾਂ ਨੂੰ ਲੈ ਕੇ ਇੰਨਾ ਗੁੱਸਾ ਸੀ ਕਿ ਲਾਈਆਂ ਹੋਈਆਂ ਸਾਰੀਆਂ ਰੋਕਾਂ ਨੂੰ ਦੂਰ ਕਰ ਕੇ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚਣ ‘ਚ ਕਾਮਯਾਬ ਹੋ ਗਏ , ਜਿਸ ‘ਚ ਹਰਿਆਣੇ ਦੇ ਕਿਸਾਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀ। ਹਰਿਆਣਾ ਦੀ ਖੱਟਰ ਸਰਕਾਰ ਬੌਖਲਾਹਟ ‘ਚ ਆ ਕੇ ਕਿਸਾਨਾਂ ਦੇ ਖਿਲਾਫ ਊਲ ਜਲੂਲ ਸ਼ਬਦ ਵਰਤ ਕੇ ਅਤੇ ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਕਦੇ ਵੀ ਵਾਪਸ ਨਾ ਲੈਣ ਦੀਆ ਗੱਲਾ ਕਰਕੇ ਕਿਸਾਨਾਂ ਦੇ ਸਬਰ ਨੂੰ ਪਰਖਣ ‘ਤੇ ਲੱਗੀ ਹੋਈ ਹੈ ਪਰ ਭਾਰਤ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਵੱਖ ਵੱਖ ਇਨਸਾਫ਼ ਪਸੰਦ ਲੋਕ ਤਿੰਨੇ ਕਾਲੇ ਖੇਤੀ ਕਾਨੂੰਨਾਂ ਦੇ ਨਾਲ ਨਾਲ ਸਾਰੇ ਲੋਕ ਵਿਰੋਧੀ ਲਏ ਗਏ ਫ਼ੈਸਲਿਆਂ ਨੂੰ ਰੱਦ ਕਰਵਾ ਕੇ ਹੀ ਦਮ ਲੈਣਗੇ ਭਾਵੇਂ ਕਿੱਡੀਆਂ ਵੀ ਵੱਡੀਆਂ ਕੁਰਬਾਨੀਆਂ ਕਿਉਂ ਨਾ ਕਰਨੀਆਂ ਪੈ ਜਾਣ।
ਮਹਿਲਾ ਸੰਗਠਨ ਦਿੱਲੀ ਤੋਂ ਸਕੱਤਰ ਰਿਤੂ ਕੌਸ਼ਿਕ ਨੇ ਕਿਹਾ ਕਿ ਇਨ੍ਹਾਂ ਤਿੰਨੇ ਕਾਨੂੰਨਾਂ ਨਾਲ ਇਕੱਲੇ ਕਿਸਾਨ ਹੀ ਨਹੀਂ ਪ੍ਰਭਾਵਿਤ ਹੋਣਗੇ। ਇਨ੍ਹਾਂ ਦਾ ਅਸਰ ਕੁੱਲ ਕਿਰਤੀ ਵਰਗ ‘ਤੇ ਪੈਣਾ ਹੈ ਭਾਵੇਂ ਛੋਟਾ ਦੁਕਾਨਦਾਰ, ਛੋਟਾ ਵਪਾਰੀ ਅਤੇ ਰੇਹੜੀ ਫੜ੍ਹੀ ਵਾਲਿਆਂ ਤੋਂ ਲੈ ਕੇ ਹਰ ਖਿੱਤੇ ਦੇ ਲੋਕਾਂ ਨੂੰ ਇਨ੍ਹਾਂ ਦਾ ਸੰਤਾਪ ਹੰਢਾਉਣਾ ਪਵੇਗਾ। ਇਸੇ ਕਰਕੇ ਅਸੀਂ ਸ਼ਹਿਰੀ ਲੋਕ ਵੀ ਜੋ ਅੱਡ ਅੱਡ ਕਿੱਤਿਆਂ ਨਾਲ ਜੁੜੇ ਹੋਏ ਹਾਂ ਇਸ ਸੰਘਰਸ਼ ‘ਚ ਸ਼ਾਮਲ ਹਾਂ। ਭਾਵੇਂ ਕੇਂਦਰ ਦੀ ਭਾਜਪਾ ਸਰਕਾਰ ਹਰ ਵਰਗ ਦੇ ਲੋਕਾਂ ਨਾਲ ਧੱਕਾ ਕਰਕੇ ਦੇਸ਼ ਦਾ ਸਾਰਾ ਕਾਰੋਬਾਰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ‘ਚ ਦੇਣ ਜਾ ਰਹੀ ਹੈ ਪਰ ਇਸ ਕਿਸਾਨ ਅੰਦੋਲਨ ਨੇ ਭਾਰਤ ਦੇ ਕੁੱਲ ਕਿਰਤੀ ਲੋਕਾ ਨੂੰ ਸੰਘਰਸ਼ ਕਰਨ ਦਾ ਢੰਗ ਸਿਖਾਇਆ ਹੈ।ਇਹ ਜਨ-ਅੰਦੋਲਨ ਅੱਜ ਇਤਿਹਾਸ ‘ਚ ਆਪਣੀ ਥਾਂ ਬਣਾ ਚੁੱਕਾ ਹੈ।ਇਸ ਹੱਕੀ ਸੰਘਰਸ਼ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਆਪਣੀ ਮੰਜ਼ਿਲ ਵੱਲ ਵਧਣ ਤੋਂ ਰੋਕ ਨਹੀਂ ਸਕਦੀ। ਅਖੀਰ ‘ਚ ਉਨ੍ਹਾਂ ਪੰਜਾਬ ਦੇ ਕਿਸਾਨਾਂ ਦੇ ਦ੍ਰਿੜ੍ਹ ਇਰਾਦਿਆਂ ਅਤੇ ਲੜਨ ਦੇ ਜਜ਼ਬੇ ਨੂੰ ਸਲਾਮ ਕੀਤਾ।
ਸਟੇਜ ਸੰਚਾਲਨ ਦੀ ਭੂਮਿਕਾ ਮਨਪ੍ਰੀਤ ਸਿੰਘ ਸਿੰਘੇਵਾਲਾ ਨੇ ਬਾਖੂਬੀ ਨਿਭਾਈ ਅਤੇ ਡਾ ਕੁਲਦੀਪ ਸਿੰਘ ਅੰਮ੍ਰਿਤਸਰ, ਬਿੱਟੂ ਮੱਲਣ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ (ਬਠਿੰਡਾ), ਰਾਮ ਸਿੰਘ ਕੋਟਗੁਰੂ ਅਤੇ ਹਰਮੀਤ ਕੌਰ ਕਾਲੇਕੇ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ ।