ਦੋ ਕਿਸਾਨ ਔਰਤਾਂ ਸਰਬਜੀਤ ਕੌਰ ਦੱਧਾਹੂਰ ਅਤੇ ਜਤਿੰਦਰ ਕੌਰ ਗੰਗੋਹਰ ਨੇ ਸੁਣਾਈ ਵਗਦੇ ਹੰਝੂਆਂ ਤੋਂ ਰੋਹਲੇ ਅੰਗਿਆਰਾਂ ਤੱਕ ਦੀ ਗਾਥਾ
ਪਰਦੀਪ ਕਸਬਾ , ਮਹਿਲਕਲਾਂ ‘ ਬਰਨਾਲਾ, 4 ਜੁਲਾਈ, 2021
ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਅਤੇ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਬਨਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਚੱਲ ਕਿਸਾਨ ਅੰਦੋਲਨ ਬਹੁਤ ਸਾਰੇ ਨਵੇਂ ਇਤਿਹਾਸ ਸਿਰਜ ਰਿਹਾ ਹੈ। ਦਹਾਕਿਆਂ ਬੱਧੀ ਸਰਕਾਰੀ ਦਫਤਰਾਂ ਦੀਆਂ ਗੇੜੀਆਂ ਤੋਂ ਲੈਕੇ ਅਦਾਲਤੀ ਪ੍ਰਬੰਧ ਦੀਆਂ ਦੁਸ਼ਵਾਰੀਆਂ ਦਾ ਸਫਰ ਹੰਢਾ ਚੁੱਕੇ ਨਿਆਸਰਿਆਂ ਲਈ ਆਸਰਾ ਬਣ ਬਹੁੜ ਰਿਹਾ ਹੈ। ਇਹੋ ਜਿਹੀ ਇੱਕ ਵਿਥਿਆ ਅੱਜ ਟੋਲ ਪਲਾਜਾ ਮਹਿਲਕਲਾਂ ਵਿਖੇ ਅੱਖੀਂ ਵੇਖਣ ਨੂੰ ਮਿਲੀ। ਦੋ ਨੌਜਵਾਨ ਔਰਤਾਂ ਸਰਬਜੀਤ ਕੌਰ ਦੱਧਾਹੂਰ ਅਤੇ ਜਤਿੰਦਰ ਕੌਰ ਗੰਗੋਹਰ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਸਨ। ਦੋਵਾਂ ਦੇ ਮਸਲੇ ਭਲੇ ਹੀ ਵੱਖੋ-ਵੱਖ ਸਨ, ਪਰ ਦੁਸ਼ਵਾਰੀਆਂ ਦੀ ਤੰਦ ਸਾਂਝੀ ਸੀ। ਸਟੇਜ ਦੀ ਕਾਰਵਾਈ ਖਤਮ ਹੋਣ ਤੋਂ ਬਾਅਦ ਜਗਰਾਜ ਹਰਦਾਸਪੁਰਾ ਪੰਡਾਲ ਵਿੱਚ ਬੈਠੀਆਂ ਦੋਵਾਂ ਕਿਸਾਨ ਔਰਤਾਂ ਨੂੰ ਅੱਗੇ ਆਉਣ ਲਈ ਆਖਦਾ ਹੈ। ਸੰਖੇਪ ਜਾਣਕਾਰੀ ਦੇਣ ਤੋਂ ਬਾਅਦ ਆਪਣੀ ਹੱਡਬੀਤੀ ਖੁਦ ਸੁਨਾਉਣ ਲਈ ਉਤਸ਼ਾਹਿਤ ਕਰਦਾ ਹੈ। ਸਾਰਾ ਪੰਡਾਲ ਇੱਕ ਟੱਕ ਹੋਕੇ ਦੋਵਾਂ ਕਿਸਾਨ ਔਰਤਾਂ ਦੀ ਹੱਡਬੀਤੀ ਸੁਣ ਲਈ ਉਤਾਵਲਾ ਹੈ।ਹੌਲੀ ਹੌਲੀ ਪਹਿਲਾਂ ਜਤਿੰਦਰ ਕੌਰ ਗੰਗੋਹਰ ਸਟੇਜ ਵੱਲ ਆਉਂਦੀ ਹੈ, ਭਾਵੁਕ ਹੋਕੇ ਦੱਸਦੀ ਕਿ 25 ਸਾਲ ਦੀਆਂ ਦੁਸ਼ਵਾਰੀਆਂ ਦੌਰਾਨ ਆਪਣਾ ਬਾਪ ਅਤੇ ਭਰਾ ਖੋ ਲਿਆ ਹੈ। ਪੰਚਾਇਤ ਤੋਂ ਲੈਕੇ ਸਿਆਸੀ ਲੋਕਾਂ ਤੱਕ, ਪੁਲਿਸ ਥਾਣਿਆਂ ਤੋਂ ਨਿਆਂ ਪ੍ਰਬੰਧ ਦੀਆਂ ਪੌੜੀਆਂ ਤੱਕ। ਕੋਈ ਦਰ ਅਜਿਹਾ ਨਹੀਂ ਜਿੱਥੇ ਇਨਸਾਫ ਦੀ ਗੁਹਾਰ ਨਾਂ ਲਾਈ ਹੋਵੇ। ਹਰ ਥਾਂ ਤੋਂ ਨਿਰਾਸ਼ਾ ਹੀ ਪੱਲੇ ਪਈ ਹੈ।ਜਮੀਨ ਤਾਂ ਮਿਲਣੀ ਕੀ ਸੀ, ਉਲਟਾ ਇਨਸਾਫ ਦੀ ਪੌੜੀ ਹਾਸਲ ਕਰਦੇ ਸਮੇਂ ਲੱਖਾਂ ਰੁ. ਇਸ ਦੀ ਭੇਂਟ ਚੜ੍ਹ ਗਿਆ ਹੈ।
ਮਹਿਲਕਲਾਂ ਟੋਲ ਪਲਾਜਾ ਦੀ ਅਗਵਾਈ ਕਰਦੇ ਆਗੂ ਵੀਰ ਮਨਜੀਤ ਧਨੇਰ, ਜਗਰਾਜ ਹਰਦਾਸਪੁਰਾ, ਮਲਕੀਤ ਸਿੰਘ ਮਹਿਲਕਲਾਂ ਵਰਗੇਬੀਕੇਯੂ ਏਕਤਾ ਡਕੌਂਦਾ ਦੇ ਆਗੂ ਸਾਡੇ ਪ੍ਰੀਵਾਰ ਲਈ ਨਿਆਮਤ ਬਣਕੇ ਬਹੁੜੇ ਹਨ।ਮੈਂ ਤਾਂ ਸਮਝਦੀ ਹਾਂ ਕਿ ਇਹ ਮੋਰਚਾ ਸਾਨੂੰ ਇਨਸਾਫ ਦਿਵਾਉਣ ਲਈ ਲੱਗਾ ਹੈ। ਇਹ ਆਗੂ ਰੱਬ ਬਣਕੇ ਬਹੁੜੇ ਹਨ, ਮੈਨੂੰ ਲੋਕਾਂ ਦੀ ਜਥੇਬੰਦ ਤਾਕਤ ਦਾ ਅਸਲੋਂ ਹੁਣ ਅਹਿਸਾਸ ਹੋਇਆ ਹੈ, ਮੈਂ ਅਤੇ ਮੇਰਾ ਪ੍ਰੀਵਾਰ ਅਜਿਹੇ ਕਿਸਾਨ ਆਗੂਆਂ ਅਤੇ ਇਨ੍ਹਾਂ ਕਿਸਾਨ ਆਗੂਆਂ ਦੀ ਅਸਲ ਤਾਕਤ ਤੁਹਾਡੇ ਵਰਗੇ ਸੰਗਰਾਮੀ ਲੋਕਾਂ ਦਾ ਜਿੰਦਗੀ ਭਰ ਦੇਣ ਨਹੀ ਦੇ ਸਕਦੇ। ਮੈਂ ਲੋਕਾਂ ਸੰਗ ਰਹਿਕੇ ਜਿੰਦਗੀ ਜਿਉਣ ਦੀ ਕੋਸ਼ਿਸ਼ ਕਰਾਂਗੀ। ਫਿਰ ਵਾਰੀ ਆਈ ਦੱਧਾਹੂਰ ਦੀ ਕੁੱਝ ਸਮਾਂ ਪਹਿਲਾਂ ਜਵਾਨੀ ਪਹਿਰੇ ਆਪਣੇ ਪਤੀ ਨੂੰ ਖੋ ਚੁੱਕੀ ਸਰਬਜੀਤ ਕੌਰ ਦੀ। ਉਸ ਨੇ ਬੇਹੱਦ ਗਮਗੀਨ ਮਹੌਲ ਆਪਣੇ ਜਜਬਾਤਾਂ ਨੂੰ ਸਾਂਭਦਿਆਂ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਗਿਆ ਹੋਇਆ ਸੀ। ਜਿਸ ਨੇ ਖੁਬ ਕਮਾਈ ਕਰਕੇ ਸਹੁਰਾ ਘਰ ਸ਼ਹਿਣਾ ਵਿਖੇ ਚੰਗੀ ਜਾਇਦਾਦ ਬਣਾਈ। ਸਰਬਜੀਤ ਕੌਰ ਦੀ ਕੁੱਖੋਂ ਇੱਕ ਬੇਟੀ ਨੇ ਜਨਮ ਲਿਆ। ਦੋਵਾਂ ਮਾਵਾਂ ਧੀਆਂ ਦੇ ਨਾਂ ਦੋ-ਦੋ ਏਕੜ ਜਮੀਨ ਸੀ। ਚੰਗੀ ਜਾਇਦਾਦ ਦਾ ਮਾਲਕ ਸਹੁਰਾ ਪ੍ਰੀਵਾਰ ਕੁੱਝ ਸਮਾਂ ਸਰਬਜੀਤ ਕੌਰ ਨੂੰ ਠੇਕਾ ਦਿੰਦਾ ਰਿਹਾ, ਪਰ ਇਸ ਵਾਰ ਜਮੀਨ/ਠੇਕਾ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ। ਹਰ ਥਾਂ ਪੁਲਿਸ ਥਾਣੇ ਤੋਂ ਲੈਕੇ ਸਿਆਸੀ ਅਸਰ ਰਸੂਖ ਰੱਖਦੇ ਲੋਕਾਂ ਤੱਕ ਪਹੁੰਚ ਕੀਤੀ। ਤਕਵੇ ਦਾ ਸੱਤੀ ਵੀਹੀਂ ਸੌ ਵਾਲੀ ਕਹਾਵਤ ਹਰ ਥਾਂ ਸੱਚ ਹੁੰਦੀ। ਫਿਰ ਅਖੀਰ ਮੈਂ ਬੀਕੇਯੂ ਏਕਤਾ ਡਕੌਂਦਾ ਪਿੰਡ ਇਕਾਈ ਰਾਹੀਂ ਮਸਲਾ ਮਨਜੀਤ ਧਨੇਰ, ਮਲਕੀਤ ਈਨਾ, ਜਗਰਾਜ ਹਰਦਾਸਪੁਰਾ ਕੋਲ ਦੱਸਿਆ।ਜਿਨ੍ਹਾਂ ਮੇਰੀ ਹਿੱਕ ਠੋਕਕੇ ਮੱਦਦ ਕੀਤੀ। ਹਰ ਕਿਸਮ ਦੀਆਂ ਚਾਲਾਂ ਨੂੰ ਜਥੇਬੰਦੀ ਦੀ ਤਾਕਤ ਦੇ ਜੋਰ ਪਛਾੜਦਿਆਂ ਮੈਨੂੰ ਇਨਸਾਫ ਦਿਵਾਇਆ। ਮੈਂ ਤਾਂ ਇੱਕ ਤਰ੍ਹਾਂ ਦੀ ਉਮੀਦ ਛੱਡ ਹੀ ਚੁੱਕੀ ਸੀ। ਕਿਹੜੀ ਤਾਕਤ ਮੈਨੂੰ ਕਿਸਾਨ ਆਗੂਆਂ ਕੋਲ ਆਈ ? ਜਿਸ ਨੇ ਮੈਨੂੰ ਇਨਸਾਫ ਦਿਵਾਇਆ। ਇਹ ਮੇਰੇ ਕਿਸੇ ਰੱਬੀ ਕਰਾਮਾਤ ਤੋਂ ਘੱਟ ਨਹੀਂ ਹੈ। ਮੇਰੇ ਕੋਲ ਕਿਸਾਨ ਆਗੂਆਂ ਦਾ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ ਹਨ। ਮੇਰਾ ਇਹੀ ਆਖਣਾ ਹੈ ਕਿ ਆਪਾਂ ਅੱਧ ਸੰਸਾਰ ਦੀਆਂ ਮਾਲਕ ਹਾਂ, ਪਰ ਸਾਨੂੰ ਮਰਦ ਪ੍ਰਧਾਨ ਸਮਾਜ ਬਰਾਬਰ ਦਾ ਦਰਜਾ ਨਹੀਂ ਦਿੰਦਾ। ਇਸ ਲਈ ਸਾਨੂੰ ਆਪਣੇ ਹੱਕ ਹਾਸਲ ਕਰਨ ਲਈ ਸੰਘਰਸ਼ ਦਾ ਹੀ ਰਸਤਾ ਅਖਤਿਆਰ ਕਰਨਾ ਪਵੇਗਾ। ਮੈਂ ਜਥੇਬੰਦੀ ਦੇ ਆਗੂਆਂ ਦੀ ਹਮੇਸ਼ਾ ਰਿਣੀ ਰਹਾਂਗੀ। ਸਟੇਜ ਤੋਂ ਦੋਵੇਂ ਨੌਜਵਾਨ ਕਿਸਾਨ ਔਰਤਾਂ ਨੇ ਅਕਾਸ਼ ਗੁੰਜਾਊ ਨਾਹਰੇ ਗੁਝਾਕੇ ਪੰਡਾਲ ਵਿੱਚ ਜੋਸ਼ ਭਰ ਦਿੱਤਾ। ਹੁਣ ਸਾਡੀਆਂ ਅੱਖਾਂ ਦੇ ਅੱਥਰੂ ਰੋਜਲੇ ਬਾਣ ਬਣਕੇ ਤੁਹਾਡੇ ਅਮਗ ਸੰਗ ਰਹਿਣਗੇ। ਇਨ੍ਹਾਂ ਨੌਜਵਾਨ ਕਿਸਾਨ ਔਰਤਾਂ ਦੇ ਇਸ ਹੌਸਲਾ ਵਧਾਊ ਕਾਰਜ ਉੱਪਰ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਸ਼ਾਲਾ ਇਹ ਨੌਜਵਾਨ ਕਿਸਾਨ ਔਰਤਾਂ ਭਵਿੱਖ ਕਿਸਾਨ ਸੰਘਰਸ਼ ਦੀ ਤਾਕਤ ਬਨਣ।