ਮਾਮਲਾ:ਸੜੇ ਟਰਾਸਫਾਰਮਰਨਾ ਬਦਲਣ ਦਾ ਅਤੇ ਵਾਰ ਵਾਰ ਲੱਗ ਰਹੇ ਬਿਜਲੀ ਕੱਟਾਂ ਦਾ
ਕਿਰਤੀ ਕਿਸਾਨਾਂ ਤੇ ਪੇਂਡੂ ਮਜ਼ਦੂਰਾਂ ਵਲੋਂ ਪਾਵਰਕਾਮ ਦਫ਼ਤਰ ਦਾ ਘੇਰਾਓ
ਪਰਦੀਪ ਕਸਬਾ , ਕਰਤਾਰਪੁਰ, 2 ਜੁਲਾਈ 2021
ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਬਿਜਲੀ ਸਪਲਾਈ ਦੇ ਮੰਦੇ ਹਾਲ ਵਿਰੁੱਧ ਐਕਸੀਅਨ ਪਾਵਰਕਾਮ ਕਰਤਾਰਪੁਰ ਦੇ ਦਫ਼ਤਰ ਦਾ 2 ਘੰਟੇ ਤੋਂ ਵੱਧ ਸਮਾਂ ਘੇਰਾਓ ਕੀਤਾ ਗਿਆ। ਘੇਰਾਓ ਦੌਰਾਨ ਨਾ ਤਾਂ ਕਿਸੇ ਨੂੰ ਦਫ਼ਤਰ ਦੇ ਅੰਦਰ ਵੜਨ ਦਿੱਤਾ ਗਿਆ ਅਤੇ ਨਾ ਹੀ ਕਿਸੇ ਨੂੰ ਦਫ਼ਤਰ ਤੋਂ ਬਾਹਰ ਨਿਕਲਣ ਦਿੱਤਾ ਗਿਆ।ਹਲਕਾ ਵਿਧਾਇਕ ਦੇ ਘੇਰਾਓ ਦੀ ਚੇਤਾਵਨੀ ਦਿੰਦੇ ਸਾਰ ਹੀ ਮੌਕੇ ਉੱਤੇ ਐਕਸੀਅਨ ਨੂੰ ਧਰਨਾਕਾਰੀਆਂ ਵਿੱਚ ਆਉਣਾ ਪਿਆ।ਅੱਜ ਸ਼ਾਮ ਨੂੰ ਹੀ ਸੜੇ ਟ੍ਰਾਂਸਫਾਰਮਰ ਬਦਲਣੇ ਸ਼ੁਰੂ ਕਰਨ ਦਾ ਐਕਸੀਅਨ ਵਿਨੈ ਸ਼ਰਮਾ ਵਲੋਂ ਐਲਾਨ ਕੀਤਾ ਗਿਆ ਅਤੇ ਹੋਰ ਮੰਗਾਂ ਮੰਨਣ ਦਾ ਭਰੋਸਾ ਦੇਣ ਦੇ ਭਰੋਸੇ ਉਪਰੰਤ ਘੇਰਾਓ ਖ਼ਤਮ ਕੀਤਾ ਗਿਆ।
ਜਥੇਬੰਦੀਆਂ ਵਲੋਂ ਕਰਤਾਰਪੁਰ ਦੇ ਮੁੱਖ ਚੌਂਕ ਤੱਕ ਮੁਜ਼ਾਹਰਾ ਕਰਕੇ ਚੇਤਾਵਨੀ ਦਿੱਤੀ ਗਈ ਕਿ ਜੇਕਰ 5 ਜੁਲਾਈ ਤੱਕ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ 6 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਪਟਿਆਲਾ ਵਿਖੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਕੀਤੇ ਜਾ ਰਹੇ ਘੇਰਾਓ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।ਇਸ ਮੌਕੇ ਮੰਗ ਕੀਤੀ ਗਈ ਕਿ ਸੜੇ ਹੋਏ ਟਰਾਂਸਫਾਰਮਰ ਤੁਰੰਤ ਪ੍ਰਭਾਵ ਨਾਲ ਤਬਦੀਲ ਕਰਕੇ ਖੇਤੀਬਾੜੀ ਲਈ ਬਿਜਲੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇ। ਵਾਰ-ਵਾਰ ਲੱਗੇ ਕੱਟਾਂ ਤੇ ਸੜੇ ਹੋਏ ਟਰਾਂਸਫਾਰਮਰ 24 ਘੰਟੇ ਵਿੱਚ ਤਬਦੀਲ ਨਾ ਕਰਨ ਕਾਰਨ ਕਿਸਾਨਾਂ ਦੀਆਂ ਫ਼ਸਲਾਂ, ਚਾਰਾ ਸੁੱਕਣ ਨਾਲ ਤੇ ਝੋਨੇ ਦੀ ਬਿਜਾਈ ਲੇਟ ਹੋਣ ਕਾਰਨ ਕਿਸਾਨਾਂ ਦੇ ਹੋਏ ਆਰਥਿਕ ਨੁਕਸਾਨ ਦੀ ਮਹਿਕਮਾ ਜਾਂ ਸਰਕਾਰ ਭਰਪਾਈ ਕਰੇ। ਖੇਤੀ ਮੋਟਰਾਂ ਲਈ 8 ਘੰਟੇ ਅਤੇ ਘਰੇਲੂ ਬਿਜਲੀ ਸਪਲਾਈ 24 ਘੰਟੇ ਨਿਰਵਿਘਨ ਯਕੀਨੀ ਬਣਾਈ ਜਾਵੇ। ਘਰੇਲੂ ਬਿਜਲੀ ਸਪਲਾਈ ’ਚ ਵਾਰ-ਵਾਰ ਲੱਗ ਰਹੇ ਕੱਟਾਂ ਕਾਰਨ ਲੋਕਾਂ ਦੇ ਬਿਜਲੀ ਯੰਤਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਮੁਆਫ਼ੀ ਦੇ ਘੇਰੇ ਵਿੱਚ ਆਉਦੇ ਐਸ.ਸੀ./ਬੀ.ਸੀ. ਪਰਿਵਾਰਾਂ ਨੂੰ ਮੀਟਰ ਰੀਡਰਾਂ ਦੀ ਅਣਗਹਿਲੀ ਕਾਰਨ ਵਾਧੂ ਭੇਜੇ ਗਏ ਬਿਜਲੀ ਬਿੱਲ ਦਰੁੱਸਤ ਕੀਤੇ ਜਾਣ। ਐਸ.ਸੀ.,ਬੀ.ਸੀ. ਪਰਿਵਾਰਾਂ ਨੂੰ ਘਰੇਲੂ ਬਿਜਲੀ ਬਿੱਲ ਮੁਆਫ਼ੀ ਦੀ ਸਹੂਲਤ ਦਿੱਤੀ ਜਾਵੇ।
ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਝੋਨੇ ਦੇ ਸੀਜ਼ਨ ਦੇ ਚਲਦਿਆਂ ਖੇਤੀ ਮੋਟਰਾਂ ਲਈ 8 ਘੰਟੇ ਨਿਰਵਿਘਨ ਅਤੇ ਘਰਾਂ ਲਈ 24 ਘੰਟੇ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ ਹੋਇਆ ਹੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਰਕਾਰ ਤੇ ਅਧਿਕਾਰੀਆਂ ਦੇ ਭਰੋਸੇ ਦੇ ਬਾਵਜੂਦ ਨਾ ਤਾਂ ਖੇਤੀ ਮੋਟਰਾਂ ਨੂੰ 8 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ ਅਤੇ ਨਾ ਹੀ ਘਰਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ।ਇਸ ਤੋਂ ਬਿਨਾਂ ਸਰਕਾਰ ਤੇ ਪਾਵਰਕਾਮ ਨੇ ਸੜੇ ਟਰਾਂਸਫਾਰਮਰ 24 ਘੰਟੇ ਦੇ ਅੰਦਰ ਤਬਦੀਲ ਕਰਨ ਦਾ ਫੈਸਲਾ ਕੀਤਾ ਲੇਕਿਨ ਹਨੇਰੀਆਂ ਕਾਰਨ 3 ਹਫ਼ਤਿਆਂ ਤੋਂ ਵੀ ਵੱਧ ਸਮੇਂ ਤੋਂ ਡਵੀਜ਼ਨ ਕਰਤਾਰਪੁਰ ਅਧੀਨ ਪੈਂਦੀਆਂ ਸਬ-ਡਵੀਜ਼ਨਾਂ ਦੇ ਕਈ ਪਿੰਡਾਂ ਦੇ 23 ਤੋਂ ਵੱਧ ਕਿਸਾਨਾਂ ਦੇ ਸੜੇ, ਖਰਾਬ ਟਰਾਂਸਫਾਰਮਰ ਨਹੀਂ ਬਦਲੇ ਗਏ। ਇਹਨਾਂ ਸਮੱਸਿਆ ਦੇ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਤੇ ਪਸ਼ੂ ਚਾਰਾ ਸੁੱਕ ਗਿਆ ਹੈ ਤੇ ਝੋਨੇ ਦੀ ਫ਼ਸਲ ਦੀ ਬਿਜਾਈ ’ਚ ਕਾਫ਼ੀ ਦੇਰ ਹੋ ਗਈ ਹੈ, ਜਿਸ ਨਾਲ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਘਰੇਲੂ ਬਿਜਲੀ ਦੇ ਲੱਗ ਰਹੇ ਵਾਰ-ਵਾਰ ਕੱਟਾਂ ਕਾਰਨ ਪੀਣ ਵਾਲੇ ਪਾਣੀ ਦੇ ਅਧਿਕਾਰ ਤੋਂ ਜਿੱਥੇ ਲੋਕ ਵਾਂਝੇ ਹੁੰਦੇ ਹਨ ਉਥੇ ਬਿਜਲੀ ਨਾਲ ਚੱਲਣ ਵਾਲੇ ਸਾਜੋ-ਸਮਾਨ ਵੀ ਸੜ ਰਹੇ ਹਨ। ਲੋਕ ਗਰਮੀ ਦੇ ਮੌਸਮ ਨਾਲ ਤਰਾਹ-ਤਰਾਹ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਮੀਟਰ ਰੀਡਰਾਂ ਦੀ ਅਣਗਹਿਲੀ ਨਾਲ ਵਾਧੂ ਘਰੇਲੂ ਬਿਜਲੀ ਬਿੱਲ ਭੇਜਣ ਨਾਲ ਮਾਫ਼ੀ ਦੇ ਬਾਵਜੂਦ ਐਸ.ਸੀ.,ਬੀ.ਸੀ. ਪਰਿਵਾਰਾਂ ਦੇ ਇਹ ਬਿੱਲ ਦਰੁੱਸਤ ਕਰਨ ਦੀ ਥਾਂ ਮਹਿਕਮਾ ਧੱਕਾ ਕਰ ਰਿਹਾ ਹੈ ਅਤੇ ਬਿਨ੍ਹਾਂ ਵਜਾਹ ਕਈ ਐਸ.ਸੀ.,ਬੀ.ਸੀ. ਪਰਿਵਾਰਾਂ ਨੂੰ ਘਰੇਲੂ ਬਿੱਲ ਮੁਆਫ਼ੀ ਦੀ ਸਹੂਲਤ ਨਹੀਂ ਦਿੱਤੀ ਗਈ। ਜਿਸ ਕਾਰਨ ਐਸ.ਸੀ.,ਬੀ.ਸੀ. ਪਰਿਵਾਰਾਂ ਦੇ ਮਨਾਂ ’ਚ ਵੀ ਗੁੱਸਾ ਪਾਇਆ ਜਾ ਰਿਹਾ ਹੈ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ,ਇਲਾਕਾ ਆਗੂ ਬਲਵਿੰਦਰ ਕੌਰ ਦਿਆਲਪੁਰ, ਗੁਰਪ੍ਰੀਤ ਸਿੰਘ ਚੀਦਾ, ਬਲਬੀਰ ਸਿੰਘ ਧੀਰਪੁਰ,ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮੋਹਨ ਸਿੰਘ ਘੱਗ, ਹਰਪ੍ਰੀਤ ਕੌਰ ਨੂਸੀ,ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਜਸਵੀਰ ਕੌਰ ਜੱਸੀ, ਨੌਜਵਾਨ ਆਗੂ ਵੀਰ ਕੁਮਾਰ ਅਤੇ ਸੁਖਮਨ ਸਿੰਘ ਘੱਗ ਆਦਿ ਨੇ ਸੰਬੋਧਨ ਕੀਤਾ ।