ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 269ਵਾਂ ਦਿਨ
ਵੱਡੀ ਗਿਣਤੀ ‘ਚ ਸਫਾਈ ਕਰਮਚਾਰੀ, ਮਜ਼ਦੂਰ, ਔਰਤਾਂ ਤੇ ਕਿਸਾਨ ਧਰਨੇ ‘ਚ ਸ਼ਾਮਲ ਹੋਏ।
ਐਮਰਜੈਂਸੀ ਸਮੇਂ ਜੇਲ੍ਹ ਕੱਟਣ ਵਾਲੇ ਯੋਧਿਆਂ ਦਾ ਸਨਮਾਨ ਕੀਤਾ ਗਿਆ।
ਪਰਦੀਪ ਕਸਬਾ ਬਰਨਾਲਾ: 26 ਜੂਨ, 2021
ਤੀਹ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 269ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਦਿੱਲੀ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋ ਚੁੱਕੇ ਹਨ। ਅੱਜ ਦੇ ਹੀ ਦਿਨ ਸੰਨ1975 ‘ਚ ਤਦਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਲਾ ਕੇ ਲੋਕਾਂ ਦੇ ਸਾਰੇ ਸੰਵਿਧਾਨਕ ਤੇ ਕਾਨੂੰਨੀ ਅਧਿਕਾਰ ਮਨਸੂਖ ਕਰ ਦਿੱਤੇ ਸਨ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਅੱਜ ਧਰਨੇ ਵਿੱਚ ‘ਖੇਤੀ ਬਚਾਉ, ਲੋਕਤੰਤਰ ਬਚਾਉ’ ਦਿਵਸ ਮਨਾਇਆ ਗਿਆ ਜਿਸ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ। ਵੱਡੀ ਗਿਣਤੀ ‘ਚ ਸਫਾਈ ਕਰਮਚਾਰੀ ਤੇ ਮਜ਼ਦੂਰ ਕਿਸਾਨ ਧਰਨੇ ‘ਚ ਸ਼ਾਮਲ ਹੋਏ।
ਧਰਨੇ ‘ਚ ਐਮਰਜੈਂਸੀ ਪੀੜਤਾਂ ਅਮਰ ਸਿੰਘ ਬੀ.ਏ, ਹੇਮ ਰਾਜਭਦੌੜ, ਖੇਮ ਚੰਦ, ਮਹਿੰਦਰ ਸਿੰਘ, ਗੁਰਦੇਵ ਸਿੰਘ ਤੇ ਗਮਦੂਰ ਕੌਰ ਸੁਪਤਨੀ ਮੱਘਰ ਸਿੰਘ ਕੁਲਰੀਆਂ ਦੇ ਗਲਾਂ ਵਿੱਚ ਹਿਰ ਪਾ ਕੇ ਸਨਮਾਨ ਕੀਤਾ ਗਿਆ।
ਅੱਜ ਧਰਨੇ ਨੂੰ ਦਰਸ਼ਨ ਸਿੰਘ ਉਗੋਕੇ,ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਪਰਮਜੀਤ ਕੌਰ ਲੌਂਗੋਵਾਲ, ਡਾਕਟਰ ਰਾਜਿੰਦਰ ਪਾਲ,ਨਛੱਤਰ ਸਿੰਘ ਸਾਹੌਰ, ਜਗਤਾਰ ਸਿੰਘ ਕਾਦੀਆਂ,ਗੁਰਪ੍ਰੀਤ ਸਿੰਘ ਰੂੜੇਕੇ , ਗੁਰਮੀਤ ਸੁਖਪੁਰ, ਮੰਗਤ ਰਾਮ ,ਬਾਬੂ ਸਿੰਘ ਖੁੱਡੀ ਕਲਾਂ, ਗੁਰਨਾਮ ਸਿੰਘ ਠੀਕਰੀਵਾਲਾ, ਗੋਰਾ ਸਿੰਘ ਢਿੱਲਵਾਂ, ਮਾਸਟਰ ਰਾਜਿੰਦਰ ਭਦੌੜ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ ਨੂੰ ਅੱਜ ਸੱਤ ਮਹੀਨੇ ਪੂਰੇ ਹੋ ਗਏ ਹਨ। ਇਨ੍ਹਾਂ ਸੱਤ ਮਹੀਨਿਆਂ ਦੌਰਾਨ ਉਨ੍ਹਾਂ ਨੇ ਅੱਤ ਦੀ ਸਰਦੀ, ਗਰਮੀ, ਗੜ੍ਹੇ, ਮੀਂਹ, ਹਨੇਰੀ, ਤੂਫਾਨ, ਗੱਲ ਕੀ, ਕੁਦਰਤ ਦੀਆਂ ਹਰ ਤਰ੍ਹਾਂ ਦੀਆਂ ਦੁਸ਼ਵਾਰੀਆਂ ਆਪਣੇ ਪਿੰਡਿਆਂ ‘ਤੇ ਝੱਲੀਆਂ ਹਨ। 500 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ। ਪਰ ਕੇਂਦਰ ਦੀ ਤਾਨਾਸ਼ਾਹ ਸਰਕਾਰ ਨੇ ਹੱਠਧਰਮੀ ਤੇ ਹੰਕਾਰੀ ਵਤੀਰਾ ਧਾਰਨ ਕਰਿਆ ਹੋਇਆ ਹੈ।
ਇਸੇ ਤਰ੍ਹਾਂ ਦੀ ਤਾਨਾਸ਼ਾਹੀ ਦੀ ਝਲਕ 26 ਜੂਨ 1975 ਨੂੰ ਵੀ ਦੇਖਣ ਨੂੰ ਮਿਲੀ ਸੀ ਜਦੋਂ ਐਮਰਜੈਂਸੀ ਲਾਈ ਗਈ ਸੀ। ਅੱਜ ਵੀ ਸਾਡੇ ਦੇਸ਼ ਵਿੱਚ ਉਸੇ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਹਨ; ਬਸ ਇਤਨਾ ਫਰਕ ਹੈ ਕਿ ਇਸ ਦਾ ਐਲਾਨ ਨਹੀਂ ਕੀਤਾ ਹੋਇਆ। ਤਿੰਨ ਕਾਲੇ ਖੇਤੀ ਕਾਨੂੰਨ ਲੈ ਕੇ ਆਉਣੇ ਉਸੇ ਐਮਰਜੈਂਸੀ ਦਾ ਹੀ ਇੱਕ ਰੂਪ ਹੈ। ਇਸੇ ਲਈ ‘ਖੇਤੀ ਬਚਾਉ, ਲੋਕਤੰਤਰ ਬਚਾਉ’ ਦਿਵਸ ਸਮੇਂ ਅਸੀਂ ਆਪਣੇ ਅਹਿਦ ਨੂੰ ਫਿਰ ਤੋਂ ਦੁਹਰਾਉਂਦੇ ਹਾਂ ਕਿ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਘਰ ਨਹੀਂ ਮੁੜਾਂਗੇ।