ਪ੍ਰਸ਼ਾਸ਼ਨ ਵੱਲੋਂ ਕੱਲ 150 ਕੈਂਪ ਲਗਾਏ ਜਾਣਗੇ, 18 ਸਾਲ ਤੋਂ ਵੱਧ ਵਿਅਕਤੀਆਂ ਲਈ ਮੌਜੂਦ ਹੈ 36 ਹਜ਼ਾਰ ਖੁਰਾਕਾਂ ਦਾ ਸਟਾਕ
ਦਵਿੰਦਰ ਡੀ ਕੇ, ਲੁਧਿਆਣਾ, 16 ਜੂਨ 2021
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਲੁਧਿਆਣਾ ਵਾਸੀਆਂ ਨੂੰ ਟੀਕਾਕਰਨ ਕਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੱਲ ਵੀਰਵਾਰ ਨੂੰ ਜ਼ਿਲ੍ਹੇ ਭਰ ਵਿੱਚ ਲਗਾਏ ਜਾਣ ਵਾਲੇ 150 ਟੀਕਾਕਰਣ ਕੈਪਾਂ ਵਿੱਚ ਦਿਲੋਂ ਸਮਰਥਨ ਕਰਨਾ ਚਾਹੀਦਾ ਹੈ ਤਾਂ ਜੋ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ 36 ਹਜ਼ਾਰ ਖੁਰਾਕਾਂ ਦੇ ਸਟਾਕ ਦੀ ਵਰਤੋਂ ਕੀਤੀ ਜਾ ਸਕੇ ਜੋਕਿ ਲੁਧਿਆਣਾ ਨੂੰ 10 ਲੱਖ ਟੀਕਾਕਰਨ ਦੇ ਮੀਲਪੱਥਰ ਨੂੰ ਪਾਰ ਕਰਨ ਵਿੱਚ ਸਹਾਈ ਸਿੱਧ ਹੋਵੇਗੀ।
ਡੀ.ਪੀ.ਆਰ.ਓ ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਵਿਚ ਲੋਕਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਜਦੋਂ ਬੁੱਧਵਾਰ ਨੂੰ, ਜ਼ਿਲੇ ਵਿਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ 30 ਹਜ਼ਾਰ ਖੁਰਾਕਾਂ ਸਨ ਤਾਂ ਸਿਰਫ 16 ਹਜ਼ਾਰ ਲੋਕਾਂ ਵੱਲੋਂ ਹੀ ਟੀਕਾਕਰਨ ਕਰਵਾਇਆ ਗਿਆ ਜੋ ਕਿ ਤਸੱਲੀਬਖਸ਼ ਅੰਕੜਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੱਲ੍ਹ 150 ਕੈਂਪਾਂ ਦੌਰਾਨ 36 ਹਜ਼ਾਰ ਖੁਰਾਕਾਂ ਲੱਗ ਜਾਂਦੀਆਂ ਹਨ ਤਾਂ ਲੁਧਿਆਣਾ 10 ਲੱਖ ਦੇ ਅੰਕੜੇ ‘ਤੇ ਪਹੁੰਚ ਜਾਵੇਗਾ, ਜਿਸ ਲਈ ਲੋਕਾਂ ਨੂੰ ਪ੍ਰਸ਼ਾਸਨ ਦਾ ਸਮਰਥਨ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਟੀਕਾਕਰਨ ਜਲਦ ਤੋਂ ਜਲਦ ਇਸ ਹਨੇਰੀ ਸੁਰੰਗ ਵਿਚੋਂ ਬਾਹਰ ਆਉਣ ਵਿਚ ਸਹਾਇਤਾ ਕਰੇਗਾ, ਜਿਸ ਲਈ ਲੋਕਾਂ ਨੂੰ ਕੋਵਿਡ-19 ਦੀ ਤੀਜੀ ਲਹਿਰ ਨੂੰ ਰੋਕਣ ਲਈ ਇਸ ਦੀ ਮਹੱਤਤਾ ਨੂੰ ਵੀ ਸਮਝਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਪਾਬੰਦੀਆਂ ਦੇ ਮੱਦੇਨਜ਼ਰ ਨਵੇਂ ਦਿਸ਼ਾ ਨਿਰਦੇਸ਼ਾਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਸ਼ਾਮ 7.30 ਵਜੇ ਤੱਕ ਖੁੱਲ੍ਹੀਆਂ ਰਹਿ ਸਕਦੀਆਂ ਹਨ ਅਤੇ ਐਤਵਾਰ ਦਾ ਕਰਫਿਊ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਤਿਆਰ ਖਾਣ ਪੀਣ ਦੀਆਂ ਵਸਤਾਂ ਦੀ ਹੋਮ ਡਿਲਿਵਰੀ ਹਫ਼ਤੇ ਦੇ ਸਾਰੇ ਦਿਨਾਂ ਵਿਚ ਰਾਤ 9 ਵਜੇ ਤੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੂੰ ਆਪਣੇ ਰੋਜ਼ਾਨਾ ਕੰਮਕਾਜ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ।