ਕੈਨੇਡਾ ਨਿਵਾਸੀ ਹਰਦੀਪ ਸਿੰਘ ਪੁੱਤਰ ਸ਼ਾਮ ਸਿੰਘ ਸੰਧੂ ਪੱਤੀ ਬਰਨਾਲਾ ਨੇ 75000 ਰੁਪਏ ਦੀ ਆਰਥਿਕ ਸਹਾਇਤਾ ਭੇਜੀ।
ਦੁਕਾਨਦਾਰ, ਛੋਟੇ ਕਾਰੋਬਾਰੀ ਤੇ ਵਪਾਰੀ ਕਿਸਾਨ ਅੰਦੋਲਨ ਦੀ ਸਰਗਰਮ ਹਮਾਇਤ ਲਈ ਅੱਗੇ ਆਉਣ
ਪਰਦੀਪ ਕਸਬਾ , ਬਰਨਾਲਾ: 16 ਜੂਨ, 2021
ਤੀਹ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 259ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।
ਅੱਜ ਕੈਨੇਡਾ ਨਿਵਾਸੀ ਹਰਦੀਪ ਸਿੰਘ ਪੁਤਰ ਸ਼ਾਮ ਸਿੰਘ ਸਾਬਕਾ ਨਿਵਾਸੀ ਸੰਧੂ ਪੱਤੀ ਬਰਨਾਲਾ ਨੇ।ਆਪਣੇ ਨਜਦੀਕੀ ਤੀਰਥ ਸਿੰਘ ਰਾਹੀਂ ਕਿਸਾਨ ਧਰਨੇ ਲਈ 75000 ਰੁਪਏ ਦੀ ਆਰਥਿਕ ਸਹਾਇਤਾ ਭੇਜੀ। ਸੰਚਾਲਨ ਕਮੇਟੀ ਨੇ ਹਰਦੀਪ ਸਿੰਘ ਦਾ ਬਹੁਤ ਬਹੁਤ ਧੰਨਵਾਦ ਕੀਤਾ।
26 ਜੂਨ,1975 ਨੂੰ ਤਦਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਗੂ ਕਰਕੇ ਭਾਰਤੀ ਨਾਗਰਿਕਾਂ ਦੇ ਸਾਰੇ ਬੁਨਿਆਦੀ ਅਧਿਕਾਰ ਮਨਸੂਖ ਕਰ ਰਾਤੋ ਰਾਤ ਹਜ਼ਾਰਾਂ ਸਿਆਸੀ ਤੇ ਜਮਹੂਰੀ ਕਾਰਕੁੰਨ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ। ਤਿੰਨ ਕਾਲੇ ਖੇਤੀ ਕਾਨੂੰਨ ਨੂੰ ਵੀ ਐਮਰਜੈਂਸੀ ਤੋਂ ਘੱਟ ਖਤਰਨਾਕ ਨਹੀਂ ਜਿੰਨਾ ਕਾਰਨ ਕਿਸਾਨਾਂ ਦੀ ਹੋਂਦ ਤੱਕ ਖਤਰੇ ਵਿੱਚ ਪੈ ਗਈ ਹੈ। 26 ਜੂਨ ਨੂੰ ਦਿੱਲੀ ਕਿਸਾਨ ਮੋਰਚੇ ਦੇ ਸੱਤ ਮਹੀਨੇ ਵੀ ਪੂਰੇ ਹੋ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਇਸ ਦਿਨ ਨੂੰ ‘ਖੇਤੀ ਬਚਾਉ-ਲੋਕਤੰਤਰ ਬਚਾਉ’ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੋਇਆ ਹੈ। ਅੱਜ ਧਰਨੇ ਵਿੱਚ ਇਹ ਦਿਵਸ ਮਨਾਉਣ ਲਈ ਵਿਆਪਕ ਲਾਮਬੰਦੀ ਕਰਨ ਲਈ ਤਿਆਰੀਆਂ ਸ਼ੁਰੂ ਕਰਨ ਦੀ ਅਪੀਲ ਕੀਤੀ।
ਅੱਜ ਧਰਨੇ ਨੂੰ ਦਰਸ਼ਨ ਸਿੰਘ ਉਗੋਕੇ, ਕਰਨੈਲ ਸਿੰਘ ਗਾਂਧੀ, ਗੁਰਨਾਮ ਸਿੰਘ ਠੀਕਰੀਵਾਲਾ, ਹਰਚਰਨ ਸਿੰਘ ਚੰਨਾ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਗੋਰਾ ਸਿੰਘ ਢਿੱਲਵਾਂ, ਪ੍ਰੇਮਪਾਲ ਕੌਰ, ਨਛੱਤਰ ਸਿੰਘ ਸਾਹੌਰ, ਬਲਵੰਤ ਸਿੰਘ ਠੀਕਰੀਵਾਲਾ, ਬਲਵੀਰ ਕੌਰ ਕਰਮਗੜ, ਬਾਬੂ ਸਿੰਘ ਖੁੱਡੀ,ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਬੇਸ਼ੱਕ ਦੁਕਾਨਦਾਰ ,ਛੋਟੇ ਕਾਰੋਬਾਰੀ ਤੇ ਵਪਾਰੀ ਸ਼ੁਰੂ ਤੋਂ ਹੀ ਵਿਤੀ ਤੇ ਹੋਰ ਕਈ ਤਰ੍ਹਾਂ ਦੀ ਮਦਦ ਰਾਹੀਂ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਆ ਰਹੇ ਹਨ ਪਰ ਧਰਨਿਆਂ ਆਦਿ ਵਿੱਚ ਉਨਾਂ ਦੀ ਉਨੀ ਸਰਗਰਮ ਸ਼ਮੂਲੀਅਤ ਨਹੀਂ ਜਿੰਨੀ ਹੋਣੀ ਚਾਹੀਦੀ ਹੈ। ਸਰਕਾਰ ਦੀਆਂ ਕਾਰਪੋਰੇਟ ਤੇ ਖੁੱਲ੍ਹੀ ਮੰਡੀ ਪੱਖੀ ਨੀਤੀਆਂ ਨੇ ਸਮਾਜ ਦੇ ਇਨ੍ਹਾਂ ਵਰਗਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਾ ਹੈ। ਵੱਡੇ ਵੱਡੇ ਮਾਅਲਾਂ ਨੇ ਛੋਟੇ ਦੁਕਾਨਦਾਰਾਂ ਤੇ ਵਪਾਰੀਆਂ ਦੇ ਧੰਦਿਆਂ ਨੂੰ ਚੌਪਟ ਕਰ ਦੇਣਾ ਹੈ। ਇਸ ਲਈ ਸਮਾਜ ਦੇ ਇਨ੍ਹਾਂ ਵਰਗਾਂ ਨੂੰ ਵੀ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਸਾਨ ਅੰਦੋਲਨ ਵਿੱਚ ਸਰਗਰਮ ਸ਼ਮੂਲੀਅਤ ਕਰਨੀ ਚਾਹੀਦੀ ਹੈ ਤਾਂ ਜੁ ਇਸ ਕਾਰਪੋਰੇਟੀ ਹਮਲੇ ਦਾ ਸਾਂਝੇ ਤੌਰ ‘ਤੇ ਸਾਹਮਣਾ ਕੀਤਾ ਜਾ ਸਕੇ।
ਅਜਪ੍ਰੀਤ ਕੌਰ ਧੂਰੀ, ਗੁਰਮੇਲ ਸਿੰਘ ਕਾਲੇ ਕੇ, ਰਾਜਿੰਦਰ ਸ਼ੌਂਕੀ ਤੇ ਗਗਨਦੀਪ ਕੌਰ ਨੇ ਕਵਿਤਾਵਾਂ, ਗੀਤ ਤੇ ਕਵੀਸ਼ਰੀ ਸੁਣਾਈ।