ਸਾਂਝਾ ਕਿਸਾਨ ਮੋਰਚਾ: 5 ਜੂਨ, ਸ਼ਨੀਵਾਰ ਨੂੰ ਸੰਪੂਰਨ ਕਰਾਂਤੀ ਦਿਵਸ ਮਨਾਉਣ ਲਈ ਤਿਆਰੀਆਂ ਮੁਕੰਮਲ: ਕਿਸਾਨ ਆਗੂ
ਸ਼ਹਿਰ ‘ਚ ਰੋਸ ਪ੍ਰਦਰਸ਼ਨ ਬਾਅਦ ਡੀਸੀ ਦਫਤਰ ਮੂਹਰੇ ਸਾੜੀਆਂ ਜਾਣਗੀਆਂ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ
ਪਰਦੀਪ ਕਸਬਾ, ਬਰਨਾਲਾ: 4 ਜੂਨ, 2021
ਤੀਹ ਜਥੇਬੰਦੀਆਂ’ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 247 ਵਾਂ ਦਿਨ ਵੀ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ। 5 ਜੂਨ, ਸ਼ਨੀਵਾਰ ਨੂੰ ਕਾਲੇ ਖੇਤੀ ਆਰਡੀਨੈਂਸ ਜਾਰੀ ਹੋਇਆਂ ਨੂੰ ਇੱਕ ਸਾਲ ਪੂਰਾ ਹੋ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਇਸ ਦਿਨ ਨੂੰ ਸੰਪੂਰਨ ਕਰਾਂਤੀ ਦਿਵਸ ਵਜੋਂ ਮਨਾਇਆ ਜਾਣਾ ਹੈ। ਅੱਜ ਦੇ ਧਰਨੇ ਵਿੱਚ ਇਸ ਸਬੰਧ ਵਿੱਚ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਨਰੈਣ ਦੱਤ, ਚਰਨਜੀਤ ਕੌਰ,ਨਛੱਤਰ ਸਿੰਘ ਸਾਹੌਰ, ਐਡਵੋਕੇਟ ਜਸਵੀਰ ਸਿੰਘ ਖੇੜੀ, ਹਰਚਰਨ ਸਿੰਘ ਚੰਨਾ, ਬਲਜੀਤ ਸਿੰਘ ਚੌਹਾਨਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ 5 ਜੂਨ ਨੂੰ ਤਿੰਨ ਕਾਲੇ ਆਰਡੀਨੈਂਸ ਜਾਰੀ ਕੀਤੇ ਜਿਨ੍ਹਾਂ ਰਾਹੀਂ ਖੇਤੀ ਖੇਤਰ ਨੂੰ ਕਾਰਪੋਰੇਟ ਖੇਤਰ ਦੇ ਹਵਾਲੇ ਕਰਨਾ ਹੈ। ਸਰਕਾਰ ਵੱਲੋਂ ਕਿਹਾ ਗਿਆ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਫਾਇਦੇ ਲਈ ਹਨ ਪਰ ਕਿਸਾਨ ਇਨ੍ਹਾਂ ਪਿਛੇ ਛੁਪੀ ਹੋਈ ਬਦਨੀਤੀ ਨੂੰ ਝੱਟ ਸਮਝ ਗਏ ਅਤੇ ਤੁਰੰਤ ਅੰਦੋਲਨ ਸ਼ੁਰੂ ਕਰ ਦਿੱਤਾ। 5 ਜੂਨ ਨੂੰ ਸੰਪੂਰਨ ਕਰਾਂਤੀ ਦਿਵਸ ਮੌਕੇ ਬੀਜੇਪੀ ਸਾਂਸਦਾਂ/ ਵਿਧਾਇਕਾਂ ਦੇ ਘਰਾਂ ਮੂਹਰੇ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਬਰਨਾਲਾ ਵਿਖੇ ਕੋਈ ਬੀਜੇਪੀ ਸਾਂਸਦ ਜਾਂ ਵਿਧਾਇਕ ਨਾ ਹੋਣ ਕਾਰਨ, ਇੱਥੇ ਇਹ ਰੋਸ ਪ੍ਰਦਰਸ਼ਨ ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ਼ਹਿਰ ਵਿਚੋਂ ਦੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਪਿੰਡਾਂ ਤੇ ਸ਼ਹਿਰਾਂ ਵਿੱਚ ਇਸ ਸਬੰਧੀ ਹੋਰ ਪ੍ਰਚਾਰ ਕੀਤਾ ਜਾਵੇ ਤਾਂ ਜੁ ਵੱਧ ਤੋ ਵੱਧ ਲੋਕ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਸਕਣ। ਜਗਰੂਪ ਸਿੰਘ ਠੁੱਲੀਵਾਲ, ਨਰਿੰਦਰਪਾਲ ਸਿੰਗਲਾ, ਮਹਿੰਦਰ ਸਿੰਘ ਕੱਟੂ ਤੇ ਜਸਕਿਰਨ ਕੌਰ ਨੇ ਕਵਿਤਾਵਾਂ ਤੇ ਗੀਤ ਪੇਸ਼ ਕੀਤੇ। ਯਾਦਵਿੰਦਰ ਸਿੰਘ ਠੀਕਰੀਵਾਲਾ ਨੇ ਮੋਨੋ ਸਕਿੱਟ ਪੇਸ਼ ਕੀਤਾ।