ਟਿਕਰੀ ਬਾਰਡਰ ‘ਤੇ ਸ਼ਹੀਦ ਹੋਏ ਕਿਸਾਨ ਸੰਤ ਸਿੰਘ ਸਹਿਜੜਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਪ੍ਰਦੀਪ ਕਸਬਾ , ਬਰਨਾਲਾ: 3 ਜੂਨ, 2021
ਤੀਹ ਜਥੇਬੰਦੀਆਂ’ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 246 ਵੇਂ ਦਿਨ ਵੀ ਪੂਰੇ ਰੋਹ ਤੇ ਜ਼ੋਸ ਨਾਲ ਜਾਰੀ ਰਿਹਾ। ਪਿਛਲੇ ਛੇ ਮਹੀਨਿਆਂ ਵਿੱਚ 500 ਦੇ ਕਰੀਬ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ। ਅੱਜ ਇਕ ਹੋਰ ਕਿਸਾਨ ਸ਼ਹੀਦੀ ਪਾ ਗਿਆ।ਪਿੰਡ ਸਹਿਜੜਾ ਦਾ ਕਿਸਾਨ ਸੰਤ ਸਿੰਘ, 40 ਸਾਲ, ਜੋ ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਦੇ ਟਿਕਰੀ ਬਾਰਡਰ ‘ ਤੇ ਡਟਿਆ ਹੋਇਆ ਸੀ, ਧਰਨੇ ਵਿੱਚ ਹੀ ‘ਚ ਸ਼ਹੀਦੀ ਪਾ ਗਿਆ। ਅੱਜ ਧਰਨੇ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦ ਸੰਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਸੋਹਨ ਸਿੰਘ ਮਾਝੀ,ਨਛੱਤਰ ਸਿੰਘ ਸਾਹੌਰ, ਗੁਰਮੇਲ ਸ਼ਰਮਾ,ਮੇਲਾ ਸਿੰਘ ਕੱਟੂ, ਮਨਜੀਤ ਰਾਜ, ਮਾਹਨਾ ਸਿੰਘ ਚੌਹਾਨਕੇ, ਬਲਜੀਤ ਸਿੰਘ ਚੌਹਾਨਕੇ, ਗੋਰਾ ਸਿੰਘ ਢਿੱਲਵਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕਈ ਸਾਲਾਂ ਤੋਂ ਖੇਤੀ ਖੇਤਰ ਨੂੰ ਖੁੱਲ੍ਹੀ ਮੰਡੀ ਦੇ ਹਵਾਲੇ ਕਰਨ ਦੀਆਂ ਵਿਉਂਤਾਂ ਬਣਾ ਰਹੀ ਸੀ। ਪਿਛਲੇ ਸਾਲ ਕਰੋਨਾ ਦੀ ਬਿਮਾਰੀ ਸਰਕਾਰ ਲਈ ਰੱਬੀ ਦਾਤ ਬਣ ਕੇ ਬਹੁੜੀ। ਲੋਕਾਂ ਨੂੰ ਡਰਾ ਕੇ ਘਰਾਂ ਅੰਦਰ ਤਾੜ ਦਿੱਤਾ । ਇਸ ਮੌਕੇ ਦਾ ਫਾਇਦਾ ਉਠਾਦਿਆਂ ਤੁਰੰਤ ਤਿੰਨ ਕਾਲੇ ਆਰਡੀਨੈਂਸ ਜਾਰੀ ਕਰ ਦਿੱਤੇ। ਬਗੈਰ ਕੋਈ ਦੇਸ਼ ਵਿਆਪੀ ਬਹਿਸ ਕਰਵਾਉਣ ਦੇ, ਕਾਹਲੀ ਨਾਲ ਇਨ੍ਹਾਂ ਆਰਡੀਨੈਂਸਾਂ ਨੂੰ ਕਾਨੂੰਨ ਬਣਾ ਦਿੱਤਾ ਗਿਆ। ਕਿਸਾਨ ਤੱਦ ਤੋਂ ਇਨ੍ਹਾਂ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਨੇ ਹੱਠਧਰਮੀ ਧਾਰੀ ਹੋਈ ਹੈ। ਪਰ ਕਿਸਾਨਾਂ ਨੇ ਵੀ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਪੱਕੀ ਧਾਰੀ ਹੋਈ ਹੈ।
5 ਜੂਨ ਨੂੰ ਇਨ੍ਹਾਂ ਆਰਡੀਨੈਂਸਾਂ ਨੂੰ ਜਾਰੀ ਹੋਇਆਂ ਇਕ ਸਾਲ ਪੂਰਾ ਹੋ ਰਿਹਾ ਹੈ।ਸੰਯੁਕਤ ਕਿਸਾਨ ਮੋਰਚਾ ਇਸ ਦਿਨ ਨੂੰ ਸੰਪੂਰਨ ਕਰਾਂਤੀ ਦਿਵਸ ਵਜੋਂ ਮਨਾ ਰਿਹਾ ਹੈ। ਕਿਸਾਨ ਆਗੂਆਂ ਨੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਪੰਜ ਜੂਨ ਨੂੰ ਧਰਨੇ ਵਾਲੀ ਥਾਂ ‘ਤੇ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ। ਅੱਗ ਗੁਰਮੇਲ ਸਿੰਘ ਕਾਲੇਕੇ ਅਤੇ ਜਗਰੂਪ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥਿਆਂ ਨੇ ਕਵੀਸ਼ਰੀ ਰਾਹੀਂ ਪੰਡਾਲ ‘ਚ ਜ਼ੋਸ ਭਰਿਆ।