ਕੋਰੋਨਾ ਮਹਾਂਮਾਰੀ ਦੇ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੈਪਟਨ ਸਰਕਾਰ ਦੇਵੇ ਨੌਕਰੀ : ਸਰੂਪ ਸਿੰਗਲਾ
–ਪੰਜਾਬ ਦੇ ਸਭ ਤੋਂ ਗ਼ਰੀਬ ਪਰਿਵਾਰਾਂ ਦੇ ਦੋ ਸਪੁੱਤਰਾਂ ਨੂੰ ਨੌਕਰੀ ਦੇਣ ਤੇ ਖ਼ਜ਼ਾਨਾ ਮੰਤਰੀ ਦੇਣ ਜਵਾਬ, ਕੀ ਖਾਲੀ ਖ਼ਜ਼ਾਨਾ ਕਾਂਗਰਸੀਆਂ ਲਈ
ਅਸ਼ੋਕ ਵਰਮਾ , ਬਠਿੰਡਾ, 2 ਜੂਨ 2021
ਕੈਪਟਨ ਸਰਕਾਰ ਵੱਲੋਂ ਦੋ ਵਿਧਾਇਕਾਂ ਫਤਿਹ ਜੰਗ ਸਿੰਘ ਬਾਜਵਾ ਅਤੇ ਰਾਕੇਸ਼ ਪਾਂਡੇ ਦੇ ਸਪੁੱਤਰਾਂ ਨੂੰ ਕਰਮਵਾਰ ਡੀ ਐੱਸ ਪੀ ਅਤੇ ਤਹਿਸੀਲਦਾਰ ਦੇ ਅਹੁਦੇ ਦੇਣ ਦੇ ਕੀਤੇ ਐਲਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਪਾਰ ਵਿੰਗ ਦੇ ਪ੍ਰਧਾਨ ਸਰੂਪ ਸਿੰਗਲਾ ਨੇ ਕੈਪਟਨ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਗੰਭੀਰ ਦੋਸ਼ ਲਾਏ ਹਨ ਅਤੇ ਮੰਗ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਮ੍ਰਿਤਕ ਪਰਿਵਾਰਾਂ ਦੇ ਮੈਂਬਰਾਂ ਨੂੰ ਵੀ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਪਰਿਵਾਰ ਆਪਣੇ ਘਰ ਚਲਾਉਣ । ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦੋਸ਼ ਲਾਏ ਕਿ ਕੈਪਟਨ ਸਰਕਾਰ ਕਾਂਗਰਸੀਆਂ ਦੇ ਘਰ ਪੂਰੇ ਕਰਨ ਲਈ ਹੀ ਕੰਮ ਕਰਦੀ ਰਹੀ ਹੈ, ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਪੰਜਾਬ ਦੇ ਵਿਕਾਸ ਲਈ ਹਮੇਸ਼ਾਂ ਹੀ ਖ਼ਜ਼ਾਨਾ ਖਾਲੀ ਹੋਣ ਦੀ ਦੁਹਾਈ ਪਾਉਂਦੇ ਰਹੇ ਹਨ, ਹੁਣ ਉਹ ਜਵਾਬ ਦੇਣ ਕੇ ਖਾਲੀ ਖ਼ਜ਼ਾਨਾ ਕੀ ਕਾਂਗਰਸੀਆਂ ਦੇ ਘਰ ਭਰਨ ਲਈ ਹੀ ਹੈ, ਕਿਉਂਕਿ ਪੰਜਾਬ ਵਿਚ ਕਰੋਨਾ ਮਹਾਂਮਾਰੀ ਨਾਲ ਲੋਕ ਮਰ ਰਹੇ ਹਨ।
ਸਰਕਾਰ ਆਕਸੀਜਨ ਵੀ ਮੁਹੱਈਆ ਨਹੀਂ ਕਰਵਾ ਸਕੀ ਅਤੇ ਹੁਣ ਵਿਧਾਇਕਾਂ ਦੇ ਰੱਜੇ ਪੁੱਜੇ ਪਰਿਵਾਰਾਂ ਨੂੰ ਨੌਕਰੀਆਂ ਦੇ ਰਹੀ ਹੈ।ਉਨ੍ਹਾਂ ਸਵਾਲ ਕੀਤਾ ਕਿ ਕੈਪਟਨ ਸਰਕਾਰ ਨੂੰ ਪੰਜਾਬ ਵਿੱਚ ਮਹਿਜ਼ ਇਹ ਦੋ ਗ਼ਰੀਬ ਪਰਿਵਾਰ ਹੀ ਮਿਲੇ ਜਿਨ੍ਹਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਦੋਂ ਕਿ ਬੇਰੁਜ਼ਗਾਰ ਨੌਕਰੀਆਂ ਲਈ ਨਿੱਤ ਡਾਂਗਾਂ ਖਾ ਰਹੇ ਹਨ। ਉਨ੍ਹਾਂ ਇਸ ਮਾਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਅਜਿਹੀਆਂ ਧੱਕੇ ਨਾਲ ਦਿੱਤੀਆਂ ਨੌਕਰੀਆਂ ਰੱਦ ਕੀਤੀਆਂ ਜਾਣਗੀਆਂ ।