S S P ਗੋਇਲ ਦੀ ਨਿਵੇਕਲੀ ਪਹਿਲ ਕਦਮੀ- ਬਰਨਾਲਾ ਵਾਸੀਆਂ ਦੇ ਸਹਿਯੋਗ ਨਾਲ ਮਿਸ਼ਨ ਪੁਲਿਸ ਲੋਕਾਂ ਦੇ ਦਰਾਂ ਤੇ ਦਿਊ ਦਸਤਕ
ਮਿਸ਼ਨ ਦਸਤਕ ਦੇ ਤਹਿਤ ਲੋਕਾਂ ਨੂੰ ਘਰ ਘਰ ਜਾ ਕੇ ਕੀਤਾ ਜਾਵੇਗਾ ਜਾਗਰੂਕ-ਐਸ.ਐਸ.ਪੀ. ਸੰਦੀਪ ਗੋਇਲ
ਰਘਵੀਰ ਹੈਪੀ , ਬਰਨਾਲਾ, 21 ਮਈ 2021
ਠੱਕ-ਠੱਕ ਠੱਕ,, ਭਾਈ ਬੂਹਾ ਖੋਲੋ,, ਸਾਡੀ ਬੇਨਤੀ ਐ ਕਿ ਪਰਿਵਾਰ ਦੇ ਸਾਰੇ ਜਣੇ, ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨ ਜਰੂਰ ਲਵਾਉ ! ਜੀ ਹਾਂ ਹੁਣ ਹਰ ਦਿਨ ਪੁਲਿਸ ਕਰਮਚਾਰੀ , ਸ਼ਹਿਰ ਦੇ ਸਮਾਜ ਸੇਵੀ ਲੋਕਾਂ ਨੂੰ ਨਾਲ ਲੈ ਕੇ ਕਰੋਨਾ ਮਹਾਂਮਾਰੀ ਤੋਂ ਬਚਾਉ ਲਈ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਸ਼ੁਰੂ ਕਰਨਗੇ। ਯਾਨੀ ਪੁਲਿਸ ਨੇ ਲੋਕਾਂ ਦੇ ਬੂਹਿਆਂ ਤੇ ਪਹੁੰਚ ਕੇ ਦਸਤਕ ਦੇਣ ਦਾ ਪ੍ਰੋਗਰਾਮ ਉਲੀਕ ਲਿਆ ਹੈ। ਇਸ ਸਬੰਧੀ ਮੀਡੀਆ ਨੂੰ ਜਾਦਕਾਰੀ ਦਿੰਦਿਆਂ ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ ਦਸਤਕ ਅਭਿਆਨ ਦੇ ਤਹਿਤ ਸਵੇਰ ਦੇ ਸਮੇਂ ਪ੍ਰਭਾਤ ਫੇਰੀਆਂ ਦੀ ਤਰਾਂ ਜਿਵੇਂ ਲੋਕ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਸੇ ਤਰਾਂ ਹੀ ਪੁਲਿਸ ਕਰਮਚਾਰੀ ,ਬਰਨਾਲਾ ਵਾਸੀਆਂ ਦੇ ਸਹਿਯੋਗ ਨਾਲ ਸਵੇਰ ਦੇ ਸਮੇਂ ਲੋਕਾਂ ਦੇ ਦਰਾਂ ‘ਤੇ ਦਸਤਕ ਦੇ ਕੇ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਅਤੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ‘ਤੇ ਜਾਰੀ ਹਿਦਾਇਤਾਂ ਦੀ ਪਾਲਣ ਕਰਨ ਲਈ ਪ੍ਰੇਰਿਤ ਕਰਨਗੇ।
ਉਨਾਂ ਕਿਹਾ ਕਿ ਲੋਕਾਂ ਨੂੰ ਦਿਨ ‘ਚ ਵਾਰ ਵਾਰ ਹੱਥ ਧੋਣ , ਘਰ ਤੋਂ ਬਾਹਰ ਜਾਂਦੇ ਸਮੇਂ ਮਾਸਕ ਲਾਜ਼ਿਮੀ ਪਾਉਣ, ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ, ਭੀੜ ਵਾਲੀਆਂ ਜਗ੍ਹਾ ‘ਤੇ ਜਾਣ ਤੋਂ ਗੁਰੇਜ ਕਰਨ ਲਈ ਜਾਗਰੂਕ ਕੀਤਾ ਜਾਵੇਗਾ | ਇਸ ਤੋਂ ਇਲਾਵਾ ਲੋਕਾਂ ਨੂੰ ਆਪਣੀਆਂ ਦੁਕਾਨਾਂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਜਾਰੀ ਸਮਾਂ ਸਾਰਣੀ ਦੇ ਅਨੁਸਾਰ ਹੀ ਖੋਲ੍ਹਣ ਲਈ ਪ੍ਰੇਰਿਤ ਕੀਤਾ ਜਾਵੇਗਾ , ਤਾਂਕਿ ਅਸੀਂ ਸਭ ਮਿਲ ਕੇ ਕੋਰੋਨਾ ਨੂੰ ਮਾਤ ਦੇ ਸਕੀਏ । ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ ਕਿ ਇਸ ਔਖੀ ਘੜੀ ‘ਚ ਸਾਨੂੰ ਇਕ ਦੂਜੇ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਜਿੱਥੋਂ ਤੱਕ ਸੰਭਵ ਹੋ ਕੇ ਹਰ ਲੋੜਵੰਦ ਅਤੇ ਕੋਰੋਨਾ ਪੀੜਿਤ ਵਿਅਕਤੀ ਦੀ ਮੱਦਦ ਕਰਨੀ ਚਾਹੀਦੀ ਹੈ | ਐਸ.ਐਸ.ਪੀ. ਸੰਦੀਪ ਗੋਇਲ ਵੱਲੋਂ ਬਰਨਾਲਾ ਵਾਸੀਆਂ ਦੇ ਸਹਿਯੋਗ ਨਾਲ ਮਿਸ਼ਨ ਦਸਤਕ ਦਾ ਪੋਸਟਰ ਵੀ ਜਾਰੀ ਕੀਤਾ ਗਿਆ | ਇਸ ਮੌਕੇ ਡੀਐਸਪੀ ਵਿਲੀਅਮ ਜੇਜੀ, ਡੀਐਸਪੀ ਰਛਪਾਲ ਸਿੰਘ ਢੀਂਡਸਾ ਕਮਾਂਡ ਸੈਂਟਰ, ਪੀ.ਸੀ.ਆਰ. ਦੇ ਇੰਚਾਰਜ ਐਸਆਈ ਗੁਰਮੇਲ ਸਿੰਘ ਤੋਂ ਇਲਾਵਾ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਵਾਈਸ ਪ੍ਰਧਾਨ ਮੋਨੂੰ ਗੋਇਲ, ਰੱਜਤ ਬਾਂਸਲ ਲੱਕੀ ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ |