ਪੋਲਟਰੀ ਫਾਰਮਾਂ, ਰਾਈਸ ਸ਼ੈਲਰਾਂ, ਭੱਠਿਆਂ ਅਤੇ ਮਕਾਨ ਮਾਲਕਾਂ ਨੂੰ ਕਿਰਾਏਦਾਰ ਦਾ ਪੂਰਾ ਪਤਾ ਰੱਖਣ ਦੇ ਹੁਕਮ ਜਾਰੀ
ਹਰਪ੍ਰੀਤ ਕੌਰ , ਸੰਗਰੂਰ, 20 ਮਈ: 2021
ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2 ) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੋਲਟਰੀ ਫਾਰਮਾਂ/ਰਾਈਸ ਸ਼ੈਲਰਾਂ/ਭੱਠਿਆਂ ਅਤੇ ਹੋਰ ਸਮਾਲ ਸਕੇਲ ਇੰਡਸਟਰੀਜ਼/ਸ਼ਹਿਰੀ/ਪੇਂਡੂ/ਰਿਹਾਇਸ਼ੀ ਮਕਾਨ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਆਪਣੀਆਂ ਫਰਮਾਂ ਵਿੱਚ ਅਤੇ ਰਿਹਾਇਸ਼ੀ ਘਰਾਂ ਵਿੱਚ ਰਹਿਣ ਵਾਲੇ/ਕੰਮ ਕਰਨ ਵਾਲੇ ਕਿਰਾਏਦਾਰ ਵਿਅਕਤੀਆਂ ਦਾ ਨਾਮ, ਪੂਰਾ ਪਤਾ, ਫੋਟੋ ਕਾਪੀ ਆਪਣੇ ਇਲਾਕੇ ਦੇ ਥਾਣੇ ਜਾਂ ਪੁਲਿਸ ਚੌਂਕੀ ਵਿੱਚ ਤੁਰੰਤ ਦਰਜ ਕਰਵਾਇਆ ਜਾਵੇ ਅਤੇ ਮਜ਼ਦੂਰ ਸ਼ੁਰੂ ਵਿੱਚ ਹੀ ਲਿਖ ਕੇ ਦੇਣ ਕਿ ਉਹ ਆਪਣੀ ਮਰਜ਼ੀ ਨਾਲ ਕੰਮ ਤੇ ਲੱਗੇ ਹਨ।
ਹੁਕਮ ਵਿੱਚ ਕਿਹਾ ਗਿਆ ਹੈ ਕਿ ਪੋਲਟਰੀ ਫਾਰਮਾਂ/ਰਾਈਸ ਸ਼ੈਲਰਾਂ/ਭੱਠਿਆਂ ਅਤੇ ਹੋਰ ਸਮਾਲ ਸਕੇਲ ਇੰਡਸਟਰੀਜ਼ ਵਿੱਚ ਜ਼ਿਆਦਾਤਰ ਦੂਸਰੇ ਸੂਬਿਆਂ ਅਤੇ ਇਕ ਸਥਾਨ ਤੋਂ ਦੂਜੇ ਸਥਾਨ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਲੇਬਰ ਵਜੋਂ ਰੱਖਿਆ ਜਾਂਦਾ ਹੈ। ਅਜਿਹੀ ਲੇਬਰ ਦਾ ਕੋਈ ਪਤਾ ਰਿਕਾਰਡ ਨਹੀ ਰੱਖਿਆ ਜਾਂਦਾ। ਜਿਸ ਨਾਲ ਜ਼ੁਰਮ ਹੋਣ ਤੇ ਦੋਸ਼ੀਆਂ ਨੂੰ ਲੱਭਣਾ ਔਖਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸ਼ਹਿਰੀ/ਪੇਂਡੂ ਇਲਾਕਿਆ ਵਿੱਚ ਬਾਹਰੋਂ ਆ ਕੇ ਕਿਰਾਏਦਾਰ ਰਹਿੰਦੇ ਹਨ ਤਾਂ ਮਕਾਨ ਮਾਲਕ ਦੀ ਜਿੰਮੇਵਾਰੀ ਹੈ ਕਿ ਉਹ ਆਪਣੇ ਸਬੰਧਤ ਥਾਣੇ ਦੇ ਮੁੱਖ ਥਾਣਾ ਅਫ਼ਸਰ ਨੂੰ ਆਪਣੇ ਕਿਰਾਏਦਾਰ ਸਬੰਧੀ ਸੂਚਿਤ ਕਰਨ। ਇਸ ਤੋਂ ਇਲਾਵਾ ਪਿੰਡਾਂ ਦੇ ਚੌਕੀਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਬਾਹਰੋਂ ਆ ਕੇ ਪਿੰਡ ਵਿੱਚ ਵਸਦਾ ਹੈ ਤਾਂ ਉਸ ਸਬੰਧੀ ਆਪਣੇ ਸਬੰਧਤ ਥਾਣੇ ਵਿੱਚ ਸੂਚਿਤ ਕਰੇ। ਇਹ ਹੁਕਮ 16 ਜੁਲਾਈ 2021 ਤੱਕ ਲਾਗੂ ਰਹੇਗਾ।