ਕਾਰ ਚਾਲਕ ਨੇ ਕਾਰਿੰਦਿਆਂ ਤੇ ਡੀਜ਼ਲ ‘ਚ ਹੇਰਾਫੇਰੀ ਦਾ ਲਾਇਆ ਦੋਸ਼, ਪੈਟ੍ਰੌਲ ਪੰਪ ਤੇ ਲਾਇਆ ਧਰਨਾ
ਪੰਪ ਮਾਲਿਕ ਨੇ ਮਾਫੀ ਮੰਗ ਕੇ ਛੁਡਾਇਆ ਖਹਿੜਾ ਤੇ ਪੈਟ੍ਰੌਲ ਪੰਪ ਵਾਲਿਆਂ‘ਚ ਰੋਸ , ਅਣਮਿੱਥੇ ਸਮੇਂ ਲਈ ਪੰਪ ਬੰਦ !
ਰਘਵੀਰ ਹੈਪੀ/ ਅਦੀਸ਼ ਗੋਇਲ, ਬਰਨਾਲਾ ,9 ਮਈ 2021
ਬਰਨਾਲਾ ਸੰਗਰੂਰ ਰੋਡ ਤੇ ਆਈ.ਟੀ.ਆਈ ਚੌਂਕ ਦੇ ਨੇੜੇ ਪੈਂਦੇ ਕਾਂਸ਼ੀ ਰਾਮ ਐਂਡ ਸੰਨਜ਼ ਪੈਟ੍ਰੌਲ ਪੰਪ ਦੇ ਕਾਰਿੰਦਿਆਂ ਵੱਲੋਂ ਕਾਰ ਵਿੱਚ ਡੀਜ਼ਲ ਪਵਾਉਣ ਵੇਲੇ ਕਥਿਤ ਤੌਰ ਤੇ ਤੇਲ ਪਾਏ ਬਿਨਾਂ ਹੀ 500 ਰੁਪਏ ਵਸੂਲ ਲੈਣ ਦਾ ਮਾਮਲਾ ਸਾਹਮਣੇ ਆਉਣ ਤੇ ਕਾਫੀ ਹੰਗਾਮਾ ਖੜ੍ਹਾ ਹੋ ਗਿਆ। ਕਾਰ ਚਾਲਕ ਗੁਰਜੰਟ ਸਿੰਘ ਨੇ ਗੱਡੀ ਪੰਪ ਤੇ ਖੜ੍ਹੀ ਕਰਕੇ ਹੀ ਧਰਨਾ ਸ਼ੁਰੂ ਕਰ ਦਿੱਤਾ। ਘਟਨਾ ਬਾਰੇ ਪਤਾ ਲੱਗਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਧਰਨੇ ਤੇ ਪਹੁੰਚ ਗਏ। ਪ੍ਰਦਰਸ਼ਨਕਾਰੀਆਂ ਨੇ ਪੈਟ੍ਰੌਲ ਪੰਪ ਮਾਲਿਕਾਂ , ਸਰਕਾਰ ਅਤੇ ਪ੍ਰਸ਼ਾਸ਼ਨ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਕਾਰ ਚਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਨੇ ਕਾਂਸ਼ੀ ਰਾਮ ਐਂਡ ਸੰਨਜ਼ ਪੈਟ੍ਰੌਲ ਪੰਪ ਤੋਂ 500 ਰੁਪਏ ਦਾ ਡੀਜ਼ਲ ਪੁਆਇਆ। ਪੰਪ ਤੋਂ ਥੋੜ੍ਹੀ ਦੂਰੀ ਤੇ ਜਾ ਕੇ ਹੀ ਕਾਰ ਰੁਕ ਗਈ। ਉਨਾਂ ਦੋਸ਼ ਲਾਇਆ ਕਿ ਕਰਿੰਦੇ ਨੇ ਸਿਰਫ 500 ਰੁਪੱਈਆ ਲਿਆ, ਪਰੰਤੂ ਡੀਜਲ ਨਹੀਂ ਪਾਇਆ। ਜਦੋਂ ਉਸ ਨੇ ਪੰਪ ਤੇ ਪਹੁੰਚ ਕੇ ਤੇਲ ਨਾ ਪਾਉਣ ਦਾ ਉਲਾਂਭਾ ਦਿੱਤਾ ਤਾਂ ਉਸ ਨੇ ਉਲਟਾ ਦੁਰਵਿਵਹਾਰ ਕੀਤਾ। ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੈਟ੍ਰੌਲ ਪੰਪ ਦੇ ਕਾਰਿੰਦਿਆਂ ਵੱਲੋਂ ਤੇਲ ਪਾਉਣ ਸਮੇਂ ਹੇਰਾਫੇਰੀ ਕਰਨ ਦੀ ਇਹ ਪਹਿਲੀ ਘਟਨਾ ਨਹੀਂ ਹੈ। ਹਿਸ ਤਰਾਂ ਦੀ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ। ਉੱਧਰ ਪੰਪ ਮਾਲਿਕ ਬਸੰਤ ਕੁਮਾਰ ਨੇ ਤੇਲ ਨਾ ਪਾਉਣ ਦੀ ਘਟਨਾ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨਾਂ ਵਿਭਾਗ ਦੇ ਅਧਿਕਾਰੀਆਂ ਤੋਂ ਮਸ਼ੀਨ ਤੇ ਮੀਟਰ ਵੀ ਚੈਕ ਕਰਵਾਇਆ, ਪਰੰਤੂ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਪੰਪ ਤੇ ਆ ਕੇ ਧਰਨਾ ਲਾਉਣ ਵਾਲਿਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਜਦੋਂ ਪ੍ਰਦਰਸ਼ਨਕਾਰੀਆਂ ਦਾ ਦਬਾਅ ਜਿਆਦਾ ਵਧਿਆ ਤਾਂ ਪੰਪ ਮਾਲਿਕ ਨੂੰ ਲੋਕਾਂ ਵਿੱਚ ਖੜ੍ਹਕੇ ਅਤੇ ਲਿਖਤੀ ਤੌਰ ਤੇ ਮਾਫੀ ਮੰਗ ਕੇ ਖਹਿੜਾ ਛੁਡਾਉਣਾ ਪਿਆ। ਪੰਪ ਮਾਲਿਕ ਦੇ ਮਾਫੀ ਮੰਗ ਲੈਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕਿਆ।
ਸ਼ਹਿਰ ਦੇ ਪੈਟ੍ਰੌਲ ਪੰਪ ਰੋਸ ਵਜੋਂ ਬੰਦ ਕਰਨ ਤੋਂ ਫੌਰੀ ਬਾਅਦ ਫਿਰ ਖੋਲ੍ਹੇ,,
ਬਰਨਾਲਾ ਪੈਟ੍ਰੌਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਬਾਂਸਲ ਨੇ ਕਿਹਾ ਕਿ ਕਾਂਸ਼ੀ ਰਾਮ ਪੈਟ੍ਰੌਲ ਵਾਲਿਆਂ ਨਾਲ ਕੁਝ ਵਿਅਕਤੀਆਂ ਨੇ ਤੇਲ ਘੱਟ ਪਾਉਣ ਦੇ ਨਾਂ ਤੇ ਬਦਸਲੂਕੀ ਕੀਤੀ ਹੈ। ਉਨਾਂ ਕਿਹਾ ਕਿ ਹਰ ਇੱਕ ਤੇਲ ਪਵਾਉਣ ਵਾਲੇ ਨੂੰ ਜ਼ੀਰੋ ਚੈਕ ਕਰਵਾ ਕੇ ਹੀ ਤੇਲ ਪਾਇਆ ਜਾਂਦਾ ਹੈ। ਜੇਕਰ ਕਾਰ ਸਵਾਰ ਨੇ ਪਹਿਲਾ ਜੀਰੋ ਚੈਕ ਨਹੀਂ ਕੀਤੀ ਤਾਂ ਇਹ ਉਸ ਦੀ ਹੀ ਗਲਤੀ ਹੈ, ਪੰਪ ਮਾਲਿਕਾਂ ਜਾਂ ਕਾਰਿੰਦਿਆਂ ਦਾ ਕੋਈ ਕਸੂਰ ਨਹੀਂ ਹੈ। ਉਨਾਂ ਕਿਹਾ ਕਿ ਅਸੀਂ ਪੰਪ ਮਾਲਿਕਾਂ ਨਾਲ ਹੋਈ ਜਿਆਦਤੀ ਦੇ ਰੋਸ ਵਜੋਂ ਅਣਮਿੱਥੇ ਸਮੇਂ ਲਈ ਸ਼ਹਿਰ ਦੇ ਪੈਟ੍ਰੌਲ ਪੰਪ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਤਾਂਕਿ ਅੱਗੇ ਨੂੰ ਅਜਿਹੀ ਘਟਨਾ ਨਾ ਵਾਪਰ ਸਕੇ। ਹੈਰਾਨੀ ਦੀ ਗੱਲ ਇਹ ਦੇਖਣ ਵਿੱਚ ਆਈ ਕਿ ਅਣਮਿੱਥੇ ਸਮੇਂ ਲਈ ਪੰਪ ਬੰਦ ਕਰਨ ਦੇ ਐਲਾਨ ਤੋਂ ਫੌਰੀ ਬਾਅਦ ਹੀ ਸ਼ਹਿਰ ਦੇ ਪੰਪ ਸੰਕੇਤਕ ਬੰਦ ਤੋਂ ਬਾਅਦ ਆਮ ਦੀ ਤਰਾਂ ਖੁੱਲ੍ਹ ਵੀ ਗਏ।