ਹਦਾਇਤਾਂ ਦੀ ਉਲੰਘਣਾ ’ਤੇ ਪੈਲੇਸ ਪ੍ਰਬੰਧਕਾਂ ਸਮੇਤ 9 ਖਿਲਾਫ ਕੇਸ ਦਰਜ
ਕਰੋਨਾ ਵਾਇਰਸ ਦੇ ਬਚਾਅ ਦੇ ਮੱਦੇਨਜ਼ਰ ਹਦਾਇਤਾਂ ਦੀ ਪਾਲਣਾ ਬਣਾਈ ਜਾ ਰਹੀ ਹੈ ਯਕੀਨੀ- ਐਸਡੀਐਮ
ਰਘਬੀਰ ਹੈਪੀ/ਅਦੀਸ਼ ਗੋਇਲ. ਬਰਨਾਲਾ, 3 ਮਈ 2021
ਕਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਜ਼ਿਲਾ ਪ੍ਰਸ਼ਾਸਨ ਵੱਲੋਂ ਸਖਤੀ ਨਾਲ ਕਰਵਾਈ ਜਾ ਰਹੀ ਹੈ।
ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਆਮ ਲੋਕਾਂ ਨੂੰ ਕਰੋਨਾ ਮਹਾਮਾਰੀ ਦੇ ਖਤਰੇ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਅਤੇ ਇਨਾਂ ਦਿਸ਼ਾ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ।
ਉਨਾਂ ਕਿਹਾ ਕਿ ਇਨਾਂ ਨਿਰਦੇਸ਼ਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇੱਥੇ ਧਨੌਲਾ ਰੋਡ ਸਥਿਤ ਪੈਲੇਸ ਵਿਚ ਕੋਵਿਡ ਹਦਾਇਤਾਂ ਦੀ ਉਲੰਘਣਾ ਦਾ ਇਕ ਮਾਮਲਾ ਸਾਹਮਣੇ ਆਉਣ ’ਤੇ ਪੈਲੇਸ ਮਾਲਕ ਤੇ ਪ੍ਰਬੰਧਕ ਸਣੇ ਹੋਰਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਇਸ ਮੌਕੇ ਐਸਡੀਐਮ ਵਰਜੀਤ ਵਾਲੀਆ ਨੇ ਦੱਸਿਆ ਕਿ ਇੱਥੇ ਧਨੌਲਾ ਰੋਡ ਸਥਿਤ ਰੌਇਲ ਗਰੀਨ ਪੈਲੇਸ ਵਿਚ ਵੀਕੈਂਡ ਕਰਫਿਊ ਦੌਰਾਨ ਬਿਨਾਂ ਜ਼ਿਲਾ ਮੈਜਿਸਟ੍ਰੇਟ ਦੀ ਇਜਾਜ਼ਤ ਤੋਂ ਵਿਆਹ ਸਮਾਗਮ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ਮਿਲਣ ’ਤੇ ਉਹ ਤੁਰੰਤ ਮੌਕੇ ’ਤੇ ਪੁੱਜੇ। ਉਨਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਵੱਲੋਂ ਪੈਲੇਸ ਪ੍ਰਬੰਧਕਾਂ ਸਣੇ 9 ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।