ਵੱਖ-ਵੱਖ ਮੰਡੀਆਂ ’ਚ ਕੋਵਿਡ ਵੈਕਸ਼ੀਨੇਸ਼ਨ ਦੇ ਕੈਂਪ ਲਗਾਏ-ਜ਼ਿਲਾ ਮੰਡੀ ਅਫਸਰ
ਹਰਪ੍ਰੀਤ ਕੌਰ, ਸੰਗਰੂਰ, 18 ਅਪ੍ਰੈਲ 2021:
ਜ਼ਿਲੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ ਅਤੇ 17 ਅਪ੍ਰੈਲ ਤੱਕ ਵੱਖ ਵੱਖ ਮੰਡੀਆਂ ਵਿੱਚ 5 ਲੱਖ 95 ਹਜ਼ਾਰ 780 ਮੀਟਰਕ ਟਨ ਕਣਕ ਆਈ ਹੈ। ਜਿਸ ਵਿੱਚੋਂ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 5 ਲੱਖ 60 ਹਜ਼ਾਰ 20 ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਨਗਰੇਨ ਵੱਲੋਂ 2 ਲੱਖ 73 ਹਜਾਰ 380 ਮੀਟਰਕ ਟਨ, ਮਾਰਕਫੈੱਡ ਵੱਲੋਂ 1 ਲੱਖ 11 ਹਜ਼ਾਰ 410 ਮੀਟਰਕ ਟਨ, ਪਨਸਪ ਵੱਲੋਂ 1 ਲੱਖ 17 ਹਜਾਰ 820 ਮੀਟਰਕ ਟਨ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 53 ਹਜਾਰ 250 ਮੀਟਰਕ ਟਨ ਅਤੇ ਐਫ.ਸੀ.ਆਈ ਵੱਲੋਂ 4160 ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ। ਜ਼ਿਲਾ ਮੰਡੀ ਅਫ਼ਸਰ ਸ੍ਰ. ਜਸਪਾਲ ਸਿੰਘ ਘੁੰਮਨ ਨੇ ਦੱਸਿਆ ਕਿ ਡਿਪਟੀ ਕਮਿਸਨਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲੇ ਦੀਆਂ ਸਮੁੱਚੀਆਂ ਮੰਡੀਆਂ ’ਚ ਕਣਕ ਲੈ ਕੇ ਆਏ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਦੀ ਸਿਹਤ ਸੁਰੱਖਿਆ ਨੂੰ ਦੇਖਦਿਆਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਵਿਡ ਵੈਕਸ਼ੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਮਾਰਕੀਟ ਕਮੇਟੀ ਸੰਦੌੜ, ਸੰਗਰੂਰ, ਅਹਿਮਦਗੜ ਅਤੇ ਭਵਾਨੀਗੜ ਵਿਖੇ ਕੋਵਿਡ ਟੀਕਾਕਰਣ ਦੋਰਾਨ ਮੰਡੀਆਂ ’ਚ ਆਏ ਕਿਸਾਨਾਂ ਸਮੇਤ ਹੋਰਨਾਂ ਨੇ ਵੈਕਸੀਨ ਦਾ ਟੀਕਾ ਲਗਵਾਇਆ।
ਉਨਾਂ ਦੱਸਿਆ ਕਿ ਮੰਡੀਆਂ ਅੰਦਰ ਕੋਵਿਡ ਸਾਵਧਾਨੀਆਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਮੰਡੀਆਂ ਅੰਦਰ ਲਿਆਂਦੀ ਕਣਕ ਦੀ ਸਮੁੱਚੀ ਖਰੀਦ ਪ੍ਰਕਿਰਿਆ ਨੂੰ ਸਮੇਂ ਨਾਲ ਨੇਪਰੇ ਚੜਾਉਣ ਲਈ ਅਧਿਕਾਰੀ ਕਾਰਜ਼ਸੀਲ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ 45 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਕੋਵਿਡ ਦਾ ਟੀਕਾ ਜਰੂਰ ਲਗਾਉਣਾ ਚਾਹੀਦਾ ਹੈ।