ਪਰਦੀਪ ਕਸਬਾ , ਬਰਨਾਲਾ 17 ਅਪ੍ਰੈਲ 2021
ਤਪਾ-ਢਿੱਲਵਾਂ ਲਿੰਕ ਰੋਡ ਤੇ ਪੈਂਦੇ ਪੁਲ ਡਰੇਨ ਦੇ ਖੱਬੇ ਪਾਸੇ ਪਟੜੀ ਨੇੜੇ ਦਰਖੱਤਾ ਦੇ ਝੁੰਡ ਵਿੱਚ ਬੇ-ਅਬਾਦ ਜਗਾ ਤੇ ਬਹਿ ਕੇ ਪੈਟ੍ਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ 5 ਲੁਟੇਰਿਆਂ ਨੂੰ ਪੁਲਿਸ ਨੇ 1 ਪਿਸਤੌਲ ਤੇ ਹੋਰ ਮਾਰੂ ਹਥਿਆਰਾਂ ਸਣੇ ਕਾਬੂ ਕਰ ਲਿਆ ਹੈ। ਜਦੋਂ ਕਿ ਪੁਲਿਸ ਇੱਕ ਹੋਰ ਦੋਸ਼ੀ ਦੀ ਤਲਾਸ਼ ਵਿੱਚ ਲੱਗੀ ਹੋਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਥਾਣੇਦਾਰ ਅਮ੍ਰਿਤ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਗੁਰਜੀਵਨ ਸਿੰਘ ਉਰਫ ਜੀਵਾ ,ਕੁਲਵੰਤ ਸਿੰਘ ਉਰਫ ਕੰਤੀ,ਸੁਖਵਿੰਦਰ ਸਿੰਘ ਉਰਫ ਸੁੱਖੀ,ਜਸਵੰਤ ਸਿੰਘ ਉਰਫ ਬੱਬੂ, ਕਰਨੀ ਅਤੇ ਬੂਟਾ ਸਿੰਘ ਵਾਸੀ ਢਿੱਲਵਾ ਜੋ ਕਿ ਸਨੈਚਿੰਗ , ਚੋਰੀ , ਖੋਹਾਂ ਦੀਆਂ ਵਾਰਦਾਤਾਂ ਕਰਨ ਅਤੇ ਇਹ ਨਸੇ ਦੀਆ ਗੋਲੀਆਂ ਅਤੇ ਚਿੱਟਾ ਪੀਣ ਦੇ ਆਦੀ ਹਨ ।
ਦੋਸ਼ੀਆਂ ਨੇ ਇਲਾਕੇ ਵਿੱਚ ਚੋਰੀ ਅਤੇ ਸਨੈਚਿੰਗ ਦੀਆਂ ਕਾਫੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਦੋਸ਼ੀਆਂ ਕੋਲ ਇੱਕ ਸਵਿਫਟ ਕਾਰ ਹੈ ਜਿਸ ਦੀ ਨੰਬਰ ਪਲੇਟ ਤੇ ਗਾਰਾ ਲੱਗਿਆ ਹੋਇਆ ਹੈ ਅਤੇ ਇੱਕ ਬਿਨਾਂ ਨੰਬਰੀ ਮੋਟਰਸਾਇਕਲ ਸਪਲੈਡਰ ਰੰਗ ਕਾਲਾ ਵੀ ਹੈ। ਦੋਸ਼ੀ ਤਪਾ ਤੋਂ ਢਿੱਲਵਾ ਵੱਲ ਜਾਂਦੀ ਸੜਕ ਨੇੜੇ ਬਹਿ ਕੇ ਕੋਈ ਵੱਡੀ ਵਾਰਦਾਤ ਪੈਟਰੋਲ ਪੰਪ ਲੁੱਟਣ ਦੀ ਪਲੈਨਿੰਗ ਬਣਾ ਰਹੇ ਹਨ। ਜੇਕਰ ਤੁਰੰਤ ਹੀ ਰੇਡ ਕੀਤੀ ਜਾਵੇ ਤਾ ਉਹਨਾਂ ਪਾਸੋਂ ਹਥਿਆਰ/ਚੋਰੀ ਕੀਤਾ/ਲੁੱਟਿਆ ਹੋਇਆ ਸਮਾਨ ਭਾਰੀ ਮਾਤਰਾ ਵਿੱਚ ਬ੍ਰਾਮਦ ਹੋ ਸਕਦਾ ਹੈ । ਭਰੋਸੇਯੋਗ ਇਤਲਾਹ ਦੇ ਅਧਾਰ ਤੇ ਦੋਸ਼ੀਆਂ ਖਿਲਾਫ ਥਾਣਾ ਤਪਾ ਵਿਖੇ ਅਧੀਨ ਜੁਰਮ 399/ 402 ਆਈ.ਪੀ.ਸੀ. ਦਰਜ ਕੀਤਾ ਗਿਆ।
ਕੇਸ ਦਰਜ਼ ਕਰਨ ਉਪਰੰਤ ਜੁਰਮ ਵਿੱਚ 25/54/59 ਅਸਲਾ ਐਕਟ ਦਾ ਵਾਧਾ ਵੀ ਕੀਤਾ ਗਿਆ ਹੈ । ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਗੁਰਜੀਵਨ ਸਿੰਘ ਉਰਫ ਜੀਵਾ ,ਕੁਲਵੰਤ ਸਿੰਘ ਉਰਫ ਕੰਤੀ,ਸੁਖਵਿੰਦਰ ਸਿੰਘ ਉਰਫ ਸੁੱਖੀ,ਜਸਵੰਤ ਸਿੰਘ ਉਰਫ ਬੱਬੂ ਅਤੇ ਬੂਟਾ ਸਿੰਘ ਵਾਸੀ ਢਿੱਲਵਾ ਨੂੰ ਮੌਕਾ ਤੋਂ ਗਿਰਫਤਾਰ ਕਰਕੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਇੱਕ ਸਵਿਫਟ ਕਾਰ ਰੰਗ ਚਿੱਟਾ ਨੰਬਰੀ PB 11 AQ 0298 ਅਤੇ ਇੱਕ ਬਿਨਾਂ ਨੰਬਰੀ ਮੋਟਰਸਾਇਕਲ ਮਾਰਕਾ ਹੀਰੋ ਸਪਲੈਡਰ ਪਲੱਸ , 2 ਮੋਬਾਇਲ ਅਤੇ ਤੇਜ਼ਧਾਰ ਹਥਿਆਰ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ । ਉਨਾਂ ਕਿਹਾ ਕਿ ਪੁਲਿਸ ਪਾਰਟੀ ਇੱਕ ਹੋਰ ਦੋਸ਼ੀ ਕਰਨੀ ਦੀ ਗਿਰਫਤਾਰੀ ਲਈ ਯਤਨਸ਼ੀਲ ਹੈ।