ਪਰਦੀਪ ਕਸਬਾ , ਬਰਨਾਲਾ 17 ਅਪ੍ਰੈਲ 2021
ਸਰਕਾਰਾਂ ਨੇ ਕਰੋਨਾ ਦੀ ਆੜ ਹੇਠ ਲੱਖਾਂ ਵਿਦਿਆਰਥੀਆਂ ਦਾ ਸਕੂਲੀ ਜੀਵਨ ਭਲੇ ਹੀ ਘੱਟੇ ਰੋਲ ਦਿੱਤਾ ਹੈ। ਪਰ ਇੱਕ ਹੋਰ ਸਕੂਲ ਹੈ, ਜੋ ਹਾਕਮਾਂ ਦੇ ਜੁਲਮ (ਖੇਤੀ ਕਾਨੂੰਨਾਂ) ਖਿਲ਼ਾਫ ਤਕਰੀਬਨ ਛੇ ਮਹੀਨੇ ਤੋਂ ਅਨੇਕਾਂ ਥਾਵਾਂ’ਤੇ ਲਗਤਾਰ ਚੱਲ ਰਿਹਾ ਹੈ।ਅਜਿਹਾ ਹੀ ਇੱਕ ਸਕੂਲ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਿਹਾ ਹੈ। ਇੱਥੇ ਹਰ ਕਿਸਮ ਦੇ ਲੋਕ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਮਿਲ ਹੁੰਦੇ ਹਨ। ਇੱਥੇ ਲਗਾਤਾਰ ਸ਼ਾਮਿਲ ਹੋ ਰਹੇ ਸਕੂਲੀ ਵਿਦਿਆਰਥੀ ਬਹੁਤ ਕੁੱੱਝ ਨਵਾਂ ਸਿੱਖ ਰਹੇ ਹਨ। ਉਨ੍ਹਾਂ ਨੂੰ ਇੱਥੇ ਆਕੇ ਮਹਿਜ ਰਾਜੇ ਰਾਣੀਆਂ ਦੀਆਂ ਮਨਘੜਤ ਕਹਾਣੀਆਂ ਹੀ ਸੁਨਣ ਨੂੰ ਨਹੀਂ ਮਿਲਦੀਆਂ ਸਗੋਂ ਆਪਣਾ ਅਸਲ ਕੁਰਬਾਨੀਆਂ ਭਰਿਆ ਵਿਰਸਾ ਅਤੇ ਜਮੀਨਾਂ ਦੀ ਰਾਖੀ ਕਰਨ ਦਾ ਸੱਚ ਸੁਨਣ ਨੂੰ ਮਿਲਣ ਨੂੰ ਮਿਲਦਾ ਹੈ।
ਇਸੇ ਕਰਕੇ ਚਾਰ ਏਕੜ ਜਮੀਨ ਦੇ ਮਾਲਕ ਸਵਰਨਜੀਤ ਸਿੰਘ ਕਰਮਗੜ੍ਹ ਦੀਆਂ ਤਿੰਨ ਧੀਆਂ ਝੰਡੇ ਚੁੱਕ ਸੰਘਰਸ਼ ਦੇ ਮੈਦਾਨ’ਚ ਆਉੰਦੀਆਂ ਹਨ।ਰੇਲਵੇ ਸਟੇਸ਼ਨ ਬਰਨਾਲਾ ਵਿਖੇ ਨਵੀਆਂ ਜਵਾਨ ਹੋ ਰਹੀਆਂ ਕਰੂੰਬਲਾਂ ਜੈਸਮੀਨ ਕੌਰ 13 ਸਾਲ ਅੱਠਵੀਂ ਜਮਾਤ, ਨਵਜੋਤ ਕੌਰ 11 ਸਾਲ 6 ਵੀਂ ਜਮਾਤ, ਸੁਖਮਨਪਰੀਤ ਕੌਰ 5 ਸਾਲ ਪਹਿਲੀ ਜਮਾਤ ਸੰਘਰਸ਼ੀ ਮੈਦਾਨ ਦੀਆਂ ਰੌਣਕ ਬਣੀਆਂ ਹੋਈਆਂ ਹਨ। ਰਵਨੀਤ ਕੌਰ 14 ਸਾਲ ਜਮਾਤ ਨੌਵੀਂ ਠੀਕਰੀਵਾਲਾ, ਪਰਮਵੀਰ ਸਿੰਘ 10 ਸਾਲ ਜਮਾਤ ਤੀਜੀ ਠੀਕਰੀਵਾਲਾ, ਸਿਮਰਨਜੀਤ ਕੌਰ 11 ਸਾਲ ਜਮਾਤ ਸੱਤਵੀਂ ਪਿੰਡ ਖੁੱਡੀਕਲਾਂ ਵੀ ਕਿਸੇ ਗੱਲੋਂ ਘੱਟ ਨਹੀਂ ਪੂਰੇ ਜਬਤਬੱਧ ਫੋਜ ਵਾਂਗ ਪੂਰਾ ਸਮਾਂ ਪੰਡਾਲ ਵਿੱਚ ਬੈਠਕੇ ਹਰ ਬੁਲਾਰੇ ਨੂੰ ਪੂਰੀ ਨੀਝ ਨਾਲ ਸੁਣਦੀਆਂ/ਸੁਣਦੇ ਹਨ।
ਕਿਸਾਨ ਆਗੂ ਅਮਰਜੀਤ ਕੌਰ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ ਦਾ ਕਹਿਣਾ ਸੀ ਕਿ ਇਹ ਸਾਡੇ ਕਿਸਾਨੀ ਸੰਘਰਸ਼ ਦੇ ਭਵਿੱਖ ਦੇ ਵਾਰਸ ਹਨ।ਜਮੀਨਾਂ ਦੀ ਰਾਖੀ ਜਥੇਬੰਦਕ ਏਕੇ ਨਾਲ ਕਰਨ ਅਤੇ ਕਿਸਾਨਾਂ ਦੇ ਦੋਖੀ ਮੋਦੀ ਮੁਰਦਾਬਾਦ ਦੇ ਅਕਾਸ਼ ਗੁੰਜਾਊ ਨਾਹਰੇ ਬੁਲੰਦ ਕਰਨਾ ਸਿੱਖ ਗਏ ਹਨ, ਆੳੇਂਦੇ ਦਿਨਾਂ ਦੇ ਸਕੂਲ ਵਿੱਚ ਜਿੰਦਗੀ ਦੇ ਹਕੀਕੀ ਨਵੇਂ ਪਾਠ ਪੜ੍ਹਕੇ ਜਿੰਦਗੀ ਜਿਉਣ ਦੇ ਨਵੇਂ ਤਰਾਨੇ ਗਾਉਣਾ ਸਿੱਖਣਗੇ।