ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਦੀ ਚੋਣ ਸਮੇਂ ਬਾਗੀ ਹੋਏ ਕਾਂਗਰਸੀ ਕੌਸਲਰ, ਪ੍ਰਸ਼ਾਸ਼ਨ ਖਿਲਾਫ ਜੋਰਦਾਰ ਨਾਅਰੇਬਾਜੀ
ਕਿਹਾ ਕਾਂਗਰਸੀਆਂ ਨੂੰ ਛੱਡ ਕੇ ਕਿਉਂ ਬਣਾਇਆ ਭਾਜਪਾ ਦੇ ਬਾਗੀ ਕੌਸਲਰ ਨੂੰ ਮੀਤ ਪ੍ਰਧਾਨ
ਬਾਗੀ ਕਾਂਗਰਸੀ ਕੌਸਲਰ ਜੌਂਟੀ ਮਾਨ ਦਾ ਦਾਵਾ, ਉਸ ਦੇ ਹੱਕ ਵਿੱਚ ਭੁਗਤੇ 17 ਕੌਸਲਰ ਪਰ ਐਸਡੀਐਮ ਨੇ 4 ਕੌਸਲਰਾਂ ਦੇ ਸਮੱਰਥਨ ਵਾਲੇ ਨੂੰ ਐਲਾਨਿਆ ਪ੍ਰਧਾਨ
ਸੰਵਿਧਾਨਿਕ ਮਰਿਆਦਾ ਨੂੰ ਛਿੱਕੇ ਟੰਗ ਕੇ ਚੋਣ ਸਮੇਂ ਮੀਟਿੰਗ ਵਿੱਚ ਪਹੁੰਚੇ ਸਾਬਕਾ ਵਿਧਾਇਕ ਢਿੱਲੋਂ ਅਤੇ ਹੋਰ ਕਾਂਗਰਸੀ
ਸਾਬਕਾ ਵਿਧਾਇਕ ਢਿੱਲੋਂ ਅਤੇ ਰਿਟਰਨਿੰਗ ਅਧਿਕਾਰੀ ਵੀ ਮੀਡੀਆ ਤੋਂ ਬਚ ਕੇ ਕੌਂਸਲ ਦਫਤਰ ‘ਚੋਂ ਖਿਸਕੇ,,,
ਬਾਗੀ ਕੌਸਲਰਾਂ ਨੇ ਕਿਹਾ, ਹਾਈਕੋਰਟ ਵਿੱਚ ਦਾਇਰ ਕਰਾਂਗੇ ਪਟੀਸ਼ਨ, ਚੋਣ ਸਮੇਂ ਉਡਾਈਆਂ ਕਾਨੂੰਨ ਦੀਆਂ ਧੱਜੀਆਂ
ਰੌਲੇ ਰੱਪੇ ਦੌਰਾਨ ਗੁਰਜੀਤ ਸਿੰਘ ਰਾਮਣਵਾਸੀਆਂ ਨੂੰ ਪ੍ਰਧਾਨ ਅਤੇ ਨਰਿੰਦਰ ਗਰਗ ਨੀਟਾ ਨੂੰ ਐਲਾਨਿਆ ਮੀਤ ਪ੍ਰਧਾਨ
ਹਰਿੰਦਰ ਨਿੱਕਾ/ਰਘਵੀਰ ਹੈਪੀ , 15 ਅਪ੍ਰੈਲ 2021
ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਲਈ ਅੱਜ ਹੋਈ ਚੋਣ ਸਮੇਂ ਕਾਂਗਰਸੀ ਕੌਂਸਲਰ ਹੀ ਦੋਫਾੜ ਹੋ ਗਏ । ਬਾਗੀ ਹੋਏ ਕਾਂਗਰਸੀ ਕੌਸਲਰਾਂ ਨੇ ਚੋਣ ਸਮੇਂ ਨਿਯਮਾਂ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਲਾਉਂਦਿਆਂ ਰਿਟਰਨਿੰਗ ਅਧਿਕਾਰੀ ਐਸਡੀਐਮ ਵਰਜੀਤ ਵਾਲੀਆ ਦੇ ਖਿਲਾਫ ਜਬਰਦਸਤ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਟਕਸਾਲੀ ਕਾਂਗਰਸੀ ਆਗੂਆਂ ਨੇ ਨਗਰ ਕੌਂਸਲ ਦੇ ਮੁੱਖ ਗੇਟ ਤੇ ਧਰਨਾ ਵੀ ਦਿੱਤਾ। ਜਿਸ ਕਾਰਣ ਰਿਟਰਨਿੰਗ ਅਫਸਰ ਵਰਜੀਤ ਵਾਲੀਆ ਨੂੰ ਵੀ ਚੋਰ ਦਰਵਾਜਿਉਂ ਆਪਣੀ ਸਰਕਾਰੀ ਗੱਡੀ ਛੱਡ ਕੇ ਭੱਜਣ ਨੂੰ ਮਜਬੂਰ ਹੋਣਾ ਪਿਆ। ਭਾਰੀ ਸੁਰੱਖਿਆ ਬਲਾਂ ਨੇ ਉਨਾਂ ਨੂੰ ਹੋਰ ਗੱਡੀ ਰਾਹੀਂ ਉਨਾਂ ਦੇ ਦਫਤਰ ਤੱਕ ਛੱਡਿਆ। ਇਸ ਮੌਕੇ ਤਾਇਨਾਤ ਪੁਲਿਸ ਅਧਿਕਾਰੀਆਂ ਨੇ ਟਕਰਾਅ ਵਾਲੇ ਹਾਲਤ ਨੂੰ ਬੜੀ ਸੂਝਬੂਝ ਨਾਲ ਬਿਨਾਂ ਕਿਸੇ ਸਖਤੀ ਦੇ ਹੀ ਟਾਲ ਦਿੱਤਾ। ਚੋਣ ਪ੍ਰਕਿਰਿਆ ਨੂੰ ਅੱਧਵਾਟੇ ਛੱਡ ਕੇ ਬਾਗੀ ਕਾਂਗਰਸੀ ਕੌਂਸਲਰ ਜੌਂਟੀ ਮਾਨ ਦੀ ਅਗਵਾਈ ਵਿੱਚ ਬਾਹਰ ਨਿੱਕਲੇ ਕੌਂਸਲਰਾਂ ਨੇ ਪ੍ਰਧਾਨਗੀ ਦਾ ਸੌਦਾ 2 ਕਰੋੜ ਵਿੱਚ ਹੋਣ ਦੇ ਦੋਸ਼ ਸ਼ਰੇਆਮ ਲਾ ਕੇ ਆਪਣੀ ਭੜਾਸ ਕੱਢੀ। ਰੌਲੇ ਰੱਪੇ ਦੌਰਾਨ ਹੀ ਰਿਟਰਨਿੰਗ ਅਧਿਕਾਰੀ ਐਸਡੀਐਮ ਵਰਜੀਤ ਵਾਲੀਆ ਕਾਂਗਰਸੀ ਕੌਂਸਲਰ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਪ੍ਰਧਾਨ ਅਤੇ ਭਾਜਪਾ ਛੱਡ ਕੇ ਹਾਲੇ ਦੋ ਦਿਨ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਿਲ ਹੋਏ ਨਰਿੰਦਰ ਗਰਗ ਨੀਟਾ ਨੂੰ ਮੀਤ ਪ੍ਰਧਾਨ ਚੁਣੇ ਜਾਣ ਦੀ ਕਾਰਵਾਈ ਲਿਖ ਕੇ ਦੱਬੇ ਪੈਰੀਂ ਰੋਸ ਪ੍ਰਦਰਸ਼ਨ ਦੌਰਾਨ ਹੀ ਖਿਸਕ ਗਏ।
2 ਘੰਟੇ ਚੱਲਿਆ ਅਹੁਦੇਦਾਰਾਂ ਦੀ ਚੋਣ ਦਾ ਰੇੜਕਾ, ਆਖਿਰ ਢਿੱਲੋਂ ਦੇ ਮੀਟਿੰਗ ‘ਚ ਪਹੁੰਚਣ ਤੇ ਹੀ ਨਿਬੜਿਆ
ਜਿਲ੍ਹੇ ਦੀ ਸਭ ਵੱਕਾਰੀ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ 11 ਵਜੇ ਰੱਖੀ ਗਈ ਸੀ। ਰਿਟਰਨਿੰਗ ਅਧਿਕਾਰੀ ਦੇ ਤੌਰ ਤੇ ਚੋਣ ਕਰਵਾਉਣ ਲਈ ਐਸ.ਡੀਐਮ ਵਰਜੀਤ ਵਾਲੀਆ ਐਨ ਮੌਕੇ ਤੇ ਨਗਰ ਕੌਂਸਲ ਦਫਤਰ ਪਹੁੰਚ ਗਏ। ਪੁਲਿਸ ਵੱਲੋਂ ਕਿਸੇ ਅਣਸੁਖਾਵੀ ਘਟਨਾ ਅਤੇ ਰੌਲੇ ਰੱਪੇ ਨੂੰ ਰੋਕਣ ਦੇ ਮੱਦੇਨਜ਼ਰ ਐਸ.ਪੀ ਡੀ ਸੁਖਦੇਵ ਸਿੰਘ ਵਿਰਕ ਅਤੇ ਡੀ.ਐਸ.ਪੀ ਲਖਵੀਰ ਸਿੰਘ ਟਿਵਾਣਾ ਦੀ ਅਗਵਾਈ ਵਿੱਚ ਸੁਰੱਖਿਆ ਦੇ ਕਰੜੇ ਬੰਦੋਬਸਤ ਕੀਤੇ ਗਏ। ਕਰੀਬ ਸਾਢੇ ਗਿਆਰਾਂ ਵਜੇ ਸਾਰੇ ਕੌਂਸਲਰ ਮੀਟਿੰਗ ਵਿੱਚ ਪਹੁੰਚ ਗਏ। ਪਰੰਤੂ ਚੋਣ ਵਿੱਚੋਂ ਹਲਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਗੈਰ ਹਾਜ਼ਿਰ ਰਹੇ । ਕਰੀਬ 2 ਘੰਟਿਆਂ ਤੱਕ ਜਦੋਂ ਕਿਸੇ ਕੌਂਸਲਰ ਤੇ ਸਹਿਮਤੀ ਨਾ ਬਣੀ ਤਾਂ ਉੱਥੋਂ ਹੀ ਕਿਸੇ ਨੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ , ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਵੀ ਹੋਰ ਕਾਂਗਰਸੀ ਆਗੂਆਂ ਸਮੇਤ ਮੀਟਿੰਗ ਵਿੱਚ ਪਹੁੰਚ ਗਏ। ਜਦੋਂ ਹੀ ਉਕਤ ਆਗੂ ਮੀਟਿੰਗ ਵਿੱਚ ਪਹੁੰਚਣ ਲਈ ਅੱਗੇ ਵਧੇ ਤਾਂ ਬਾਹਰ ਖੜ੍ਹੇ ਕਾਂਗਰਸੀ ਆਗੂ ਪਰਮਜੀਤ ਸਿੰਘ ਪੱਖੋ ,ਜਿੰਨਾਂ ਦੀ ਪਤਨੀ ਪ੍ਰਕਾਸ਼ ਕੌਰ ਪੱਖੋ ਵੀ ਕੌਂਸਲਰ ਹੈ, ਸਾਬਕਾ ਕੌਂਸਲਰ ਕੁਲਦੀਪ ਧਰਮਾ , ਜਿੰਨਾਂ ਦੀ ਪਤਨੀ ਰੇਨੂੰ ਧਰਮਾ ਵੀ ਕੌਂਸਲਰ ਹੈ। ਗੁਰਦਰਸ਼ਨ ਸਿੰਘ ਬਰਾੜ , ਜਿੰਨਾਂ ਦੀ ਪਤਨੀ ਰਣਦੀਪ ਕੌਰ ਬਰਾੜ ਵੀ ਕੌਂਸਲਰ ਹੈ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਆਦਿ ਆਗੂਆਂ ਨੇ ਕੌਸਲ ਦਫਤਰ ਦੇ ਬਾਹਰ ਧਰਨਾ ਸ਼ੁਰੂ ਕਰਕੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਉਕਤ ਸਾਰੇ ਆਗੂ ਬਿਨਾਂ ਕੌਂਸਲਰਾਂ ਤੋਂ ਮੀਟਿੰਗ ਵਿੱਚ ਸ਼ਾਮਿਲ ਹੋਏ ਕਾਂਗਰਸੀਆਂ ਦਾ ਵਿਰੋਧ ਕਰਦੇ ਰਹੇ ।
ਜਦੋਂ ਹੀ ਢਿੱਲੋਂ ਨੇ ਪ੍ਰਧਾਨ ਲਈ ਗੁਰਜੀਤ ਦਾ ਨਾਮ ਲਿਆ ਤਾਂ ਤੁਰੰਤ ਹੀ ਕਾਂਗਰਸੀਆਂ ਨੇ ਕਿਹਾ ਸਾਡਾ ਉਮੀਦਵਾਰ ਜੌਂਟੀ ਮਾਨ
ਕਾਂਗਰਸੀ ਕੌਂਸਲਰ ਪਰਮਜੀਤ ਸਿੰਘ ਜੌਂਟੀ ਮਾਨ ਅਤੇ ਅਜਾਦ ਉਮੀਦਵਾਰ ਹੇਮ ਰਾਜ ਗਰਗ ਨੇ ਮੀਟਿੰਗ ਤੋਂ ਬਾਹਰ ਆ ਕੇ ਕਿਹਾ ਕਿ ਇਹ ਕੋਈ ਚੋਣ ਨਹੀਂ, ਲੋਕਤੰਤਰ ਦਾ ਮਜ਼ਾਕ ਉਡਾਇਆ ਗਿਆ ਹੈ। ਗਰਗ ਨੇ ਕਿਹਾ ਕਿ ਉਹ ਲਗਾਤਾਰ ਤਿੰਨ ਵਾਰ ਕੌਂਸਲਰ ਬਣੇ ਹਨ, ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਗੈਰ ਕੌਂਸਲਰ ਕਾਂਗਰਸੀ ਆਗੂ ਅਤੇ ਕਾਂਗਰਸ ਦਾ ਹਾਰਿਆ ਵਿਧਾਇਕ ਕੇਵਲ ਸਿੰਘ ਢਿੱਲੋਂ ਵੀ ਮੀਟਿੰਗ ਵਿੱਚ ਹਾਜ਼ਿਰ ਰਿਹਾ। ਜਦੋਂ ਕਿ ਸ਼ੰਵਿਧਾਨਿਕ ਤੌਰ ਤੇ ਅਜਿਹਾ ਨਹੀਂ ਹੋ ਸਕਦਾ। ਜੌਂਟੀ ਮਾਨ ਨੇ ਕਿਹਾ ਕਿ ਮੀਟਿੰਗ ਵਿੱਚ ਜਦੋਂ ਗੁਰਜੀਤ ਸਿੰਘ ਰਾਮਣਵਾਸੀਆ ਦਾ ਨਾਮ ਪ੍ਰਪੋਜ ਕੀਤਾ ਗਿਆ ਤਾਂ ਤੁਰੰਤ ਹੀ ਰੇਨੂੰ ਧਰਮਾ ਨੇ ਮੇਰਾ ਨਾਮ ਪ੍ਰਧਾਨ ਲਈ ਪੇਸ਼ ਕਰ ਦਿੱਤਾ। ਜਿਸ ਦੀ ਤਾਈਦ ਕੌਂਸਲਰ ਜੀਵਨ ਕੁਮਾਰ ਨੇ ਕੀਤੀ। ਹਾਊਸ ਦੇ 17 ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਮੇਰਾ ਸਮੱਰਥਨ ਕੀਤਾ। ਉਨਾਂ ਦੱਸਿਆ ਕਿ ਜਿਸ ਵਿਅਕਤੀ ਨੂੰ ਪ੍ਰਧਾਨ ਅਤੇ ਮੀਤ ਪ੍ਰਧਾਨ ਐਲਾਨਿਆ ਗਿਆ, ਉਸ ਨਾਲ ਸਿਰਫ 4 ਕੌਂਸਲਰਾਂ ਨੇ ਹੀ ਸਮੱਰਥਨ ਕੀਤਾ। ਉਨਾਂ ਕਿਹਾ ਕਿ ਜਿਸ ਕੌਂਸਲਰ ਨੀਟਾ ਨੂੰ ਮੀਤ ਪ੍ਰਧਾਨ ਐਲਾਨਿਆ ਗਿਆ, ਉਹ ਹਾਲੇ 2 ਦਿਨ ਪਹਿਲਾਂ ਹੀ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਇਆ ਹੈ। ਜਦੋਂ ਕਿ ਉਸ ਦਾ ਪਿਤਾ ਰਘਵੀਰ ਪ੍ਰਕਾਸ਼ ਹਾਲੇ ਵੀ ਭਾਜਪਾ ਵਿੱਚ ਹੀ ਹੈ। ਦੋਸ਼ ਲਾਇਆ ਕਿ ਪ੍ਰਧਾਨਗੀ ਦਾ ਸੌਦਾ 2 ਕਰੋੜ ਰੁਪਏ ਵਿੱਚ ਹੋਇਆ ਹੈ। ਉਨਾਂ ਕਿਹਾ ਮੀਟਿੰਗ ਵਿੱਚ ਆ ਵੜ੍ਹੇ ਕੁਝ ਕਾਂਗਰਸੀਆਂ ਨੇ ਜਬਰਦਸਤੀ ਕੁਝ ਕੌਂਸਲਰਾਂ ਤੋਂ ਦਸਤਖਤ ਕਰਵਾ ਲਏ। ਉਨਾਂ ਚੋਣ ਸਮੇਂ ਵੀਡੀਉਗ੍ਰਾਫੀ ਨਾ ਕਰਨ ਤੇ ਵੀ ਸਵਾਲ ਖੜ੍ਹੇ ਕੀਤੇ। ਉਨਾਂ ਕਿਹਾ ਕਿ ਅਸੀਂ ਕਾਂਗਰਸੀ ਹਾਂ, ਕਾਂਗਰਸੀ ਹੀ ਰਹਾਂਗੇ, ਪਰੰਤੂ ਲੋਕਤੰਤਰ ਦੀ ਹੱਤਿਆ ਬਰਦਾਸ਼ਤ ਨਹੀਂ ਕਰ ਸਕਦੇ ।
ਢਿੱਲੋ ਨੇ ਕਿਹਾ, ਕੌਣ ਅਹੁਦੇਦਾਰ ਚੁਣੇ,ਐਸ.ਡੀ. ਐਮ ਹੀ ਦੱਸਣਗੇ,,,
ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਜਦੋਂ ਮੀਟਿੰਗ ਹਾਲ ਵਿੱਚੋਂ ਬਾਹਰ ਆਏ ਤਾਂ ਉਹ ਚੁੱਪਚਾਪ ਗੱਡੀ ਵਿੱਚ ਬਹਿ ਗਏ, ਜਦੋਂ ਉਨਾਂ ਨੂੰ ਚੋਣ ਸਬੰਧੀ ਪੁੱਛਿਆ ਤਾਂ ਉਨਾਂ ਕਿਹਾ ਕਿ ਪ੍ਰਧਾਨ ਅਤੇ ਮੀਤ ਪ੍ਰਧਾਨ ਕੌਣ ਬਣਿਆ , ਇਸ ਬਾਰੇ ਰਿਟਰਨਿੰਗ ਅਫਸਰ ਐਸਡੀਐਮ ਹੀ ਕੁਝ ਦੱਸਣਗੇ। ਇਸੇ ਤਰਾਂ ਜਦੋਂ ਰਿਟਰਨਿੰਗ ਅਫਸਰ ਮੀਟਿੰਗ ਹਾਲ ਵਿੱਚੋਂ ਬਾਹਰ ਆਏ ਤਾਂ ਉਨਾਂ ਦੀ ਗੱਡੀ ਨੂੰ ਪ੍ਰਦਰਸ਼ਨਕਾਰੀਆਂ ਨੇ ਅੱਗੇ ਜਾਣ ਤੋਂ ਰੋਕ ਦਿੱਤਾ। ਜਦੋਂ ਉਨਾਂ ਨੂੰ ਚੋਣ ਸਬੰਧੀ ਪੁੱਛਿਆ ਤਾਂ ਉਹ ਵੀ ਮੂੰਹ ਬੰਦ ਕਰ ਕੇ ਨਿੱਕਲ ਗਏ। ਉਨਾਂ ਨੂੰ ਪੁਲਿਸ ਅਧਿਕਾਰੀਆਂ ਨੇ ਚੋਰ ਦਰਵਾਜਿਉਂ ਬਾਹਰ ਖੜੀ ਗੱਡੀ ਵਿੱਚ ਲਿਜਾ ਕੇ ਬਿਠਾਇਆ।