ਕੋਵਿਡ-19 ਦੇ ਪ੍ਰੋਟੋਕੋਲ ਅਨੁਸਾਰ ਸਮਾਜਿਕ ਦੂਰੀ ਨੂੰ ਦਿੱਤੀ ਜਾ ਰਹੀ ਤਰਜ਼ੀਹ
ਹਰਪ੍ਰੀਤ ਕੌਰ ਸੰਗਰੂਰ, 15 ਅਪ੍ਰੈਲ:2021
ਪੰਜਾਬ ਵਿੱਚ ਕਣਕ ਦੀ ਮਿਤੀ 10 ਅਪ੍ਰੈਲ ਤੋਂ ਸ਼ੁਰੂ ਹੋਈ ਸਰਕਾਰੀ ਖਰੀਦ ਨੂੰ ਲੈ ਕੇ ਜ਼ਿਲਾ ਸੰਗਰੂਰ ’ਚ ਖਰੀਦ ਪ੍ਰਬੰਧ ਪੂਰੀ ਤਰਾਂ ਜਾਰੀ ਹਨ। ਜ਼ਿਲੇ ਦੀਆਂ ਮੰਡੀਆਂ ’ਚ ਕਣਕ ਦੇ ਵੱਧਣ ਨਾਲ ਖਰੀਦ ਦੇ ਕੰਮਾਂ ਅੰਦਰ ਤੇਜ਼ੀ ਲਿਆਉਣ ਲਈ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਰੀਦ ਦੇ ਪੰਜਵੇਂ ਦਿਨ 14 ਅਪ੍ਰੈਲ ਤੱਕ ਜ਼ਿਲੇ ਦੀਆਂ ਸਮੁੱਚੀਆਂ ਮੰਡੀਆਂ ’ਚ ਨਿਰਵਿਘਨ ਖਰੀਦ ਦੇ ਚਲਦਿਆਂ 2 ਲੱਖ 78 ਹਜ਼ਾਰ 380 ਮੀਟਰਕ ਟਨ ਕਣਕ ਆਈ, ਜਿਸਦੇ ਵਿੱਚੋਂ 2 ਲੱਖ 56 ਹਜ਼ਾਰ 530 ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ।
ਸ੍ਰੀ ਰਾਮਵੀਰ ਨੇ ਦੱਸਿਆ ਕਿ ਪਨਗਰੇਨ ਵੱਲੋਂ 1 ਲੱਖ 10 ਹਜ਼ਾਰ 115 ਮੀਟਰਕ ਟਨ, ਮਾਰਕਫੈਡ ਵੱਲੋਂ 62 ਹਜ਼ਾਰ 910 ਮੀਟਰਕ ਟਨ, ਪਨਸਪ ਵੱਲੋਂ 60 ਹਜ਼ਾਰ 170 ਮੀਟਰਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 21 ਹਜ਼ਾਰ 905 ਮੀਟਰਕ ਟਨ ਅਤੇ ਐਫ਼.ਸੀ.ਆਈ ਵੱਲੋਂ 1430 ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ।
ਜ਼ਿਲਾ ਮੰਡੀ ਅਫ਼ਸਰ ਸ੍ਰ. ਜਸਪਾਲ ਸਿੰਘ ਦੱਸਿਆ ਕਿ ਸਮੁੱਚੀਆਂ ਮੰਡੀਆਂ ’ਚ ਖਰੀਦ ਪ੍ਰਬੰਧਾਂ ਨੂੰ ਕੋਵਿਡ-19 ਦੇ ਪ੍ਰੋਟੋਕੋਲ ਅਨੁਸਾਰ ਸਮਾਜਿਕ ਦੂਰੀ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਟੋਕਨ ਸਿਸਟਮ ਨਾਲ ਖਰੀਦ ਕੀਤੀ ਜਾਵੇਗੀ। ਆੜਤੀਆਂ ਨੂੰ ਰੰਗਦਾਰ ਟੋਕਨ ਪਾਸ ਮੁਹੱਈਆ ਕਰਵਾ ਦਿੱਤੇ ਗਏ ਹਨ। ਹਰੇਕ ਮੰਡੀ ਅੰਦਰ ਮਾਸਕ ਪਾਉਣ, ਹੱਥਾਂ ਧੋਣ ਆਦਿ ਦੇ ਪ੍ਰਬੰਧਾਂ ਦਾ ਵਿਸ਼ੇਸ ਧਿਆਨ ਰੱਖਿਆ ਗਿਆ ਹੈ।