ਬੀ.ਟੀ.ਐਨ , ਮਲੋਟ, 27 ਮਾਰਚ 2021
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ 4 ਵਰ੍ਹਿਆਂ ਦੀ ਕਥਿਤ ਮਾੜੀ ਕਾਰਗੁਜਾਰੀ ਦੱਸ ਕੇ ਕਾਂਗਰਸ ਪਾਰਟੀ ਨੂੰ ਮਲੋਟ ਵਿਖੇ ਪ੍ਰੈਸ ਕਾਨਫਰੰਸ ਰਾਹੀਂ ਲੋਕਾਂ ਦੇ ਕਟਿਹਰੇ ਵਿੱਚ ਨੰਗਾ ਕਰਨ ਦੀ ਮੰਸ਼ਾ ਨਾਲ ਪਹੁੰਚੇ ਭਾਜਤੀ ਜਨਤਾ ਪਾਰਟੀ ਦੇ ਅਬੋਹਰ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਅਰੁਣ ਨਾਰੰਗ ਨੂੰ ਹੀ ਕਿਸਾਨਾਂ ਨੇ ਤਿੱਖੇ ਰੋਸ ਪ੍ਰਦਰਸ਼ਨ ਤੋਂ ਬਾਅਦ ਧੱਕਾ-ਮੁੱਕੀ ਕਰਕੇ ਵਿਧਾਇਕ ਦੇ ਕੱਪੜੇ ਪਾੜ੍ਹ ਕੇ ਅਲਫ ਨੰਗਾ ਕਰ ਦਿੱਤਾ। ਐਮ.ਐਲ. ਏ ਨਾਰੰਗ ਨਾਲ ਹੋਈ ਬਦਇਖਲਾਕੀ ਦੀ ਵੀਡੀਉ ਵੀ ਵਾਇਰਲ ਹੋ ਗਈ। ਇਸ ਮੌਕੇ ਕਿਸਾਨਾਂ ਨੇ ਵਿਧਾਇਕ ਨਾਰੰਗ ਦੇ ਨਾਲ ਨਾਲ ਭਾਜਪਾ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਜੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਜਦੋਂ ਭਾਜਪਾ ਵਿਧਾਇਕ ਨਾਰੰਗ ਦੀ ਪ੍ਰੈਸ ਕਾਨਫਰੰਸ ਬਾਰੇ ਕਿਸਾਨਾਂ ਨੂੰ ਭਿਣਕ ਪਈ ਤਾਂ ਉਹ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਵਾਲੀ ਜਗ੍ਹਾ ਤੇ ਪਹੁੰਚ ਗਏ। ਰੋਹ ‘ਚ ਆਏ ਕਿਸਾਨਾਂ ਦਾ ਗੁੱਸਾ ਉਦੋਂ ਇੱਨਾਂ ਚਰਮ ਸੀਮਾਂ ਤੇ ਪਹੁੰਚ ਜਦੋਂ ਉਨ੍ਹਾਂ ਦੀ ਬੀਜੇਪੀ ਲੀਡਰਾਂ ਨਾਲ ਹੱਥੋ-ਪਾਈ ਹੋ ਗਈ। ਦੇਖਦਿਆਂ ਹੀ ਦੇਖਦਿਆਂ ਗੱਲ ਐਨੀ ਵਧ ਗਈ ਕਿ ਕੁਝ ਜਿਆਦਾ ਭੜ੍ਹਕੇ ਕਿਸਾਨਾਂ ਨੇ ਐਮ ਐਲ ਏ ਦੇ ਕੱਪੜੇ ਤੱਕ ਪਾੜ ਦਿੱਤੇ ਅਤੇ ਮੌਕੇ ਤੇ ਤਾਇਨਾਤ ਪੁਲਿਸ ਪ੍ਰਸ਼ਾਸਨ ਵੀ ਭਾਜਪਾ ਵਿਧਾਇਕ ਦਾ ਬਚਾਅ ਕਰਨ ਵਿੱਚ ਸਫਲ ਨਾ ਹੋ ਸਕਿਆ। ਕਾਫੀ ਤਣਾਅਪੂਰਣ ਮਾਹੌਲ ਦਰਮਿਆਨ ਐਮ ਐਲ ਏ ਦੇ ਨਾਲ ਮੌਜੂਦ ਕੁਝ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਨੇ ਬੜੀ ਮੁਸ਼ਕਿਲ ਨਾਲ ਵਿਧਾਇਕ ਨਾਰੰਗ ਨੂੰ ਕਿਸਾਨਾਂ ਦੇ ਪੰਜੇ ਤੋਂ ਛੁਡਵਾਇਆ ਅਤੇ ਉਨ੍ਹਾਂ ਨੂੰ ਇੱਕ ਦੁਕਾਨ ‘ਚ ਵਾੜ ਕੇ ਉਨ੍ਹਾਂ ਦੇ ਹੋਰ ਕੱਪੜੇ ਪੁਆਏ ਗਏ।