ਹਰ ਸ਼ਨੀਵਾਰ ਅਤੇ ਐਤਵਾਰ ਪ੍ਰਸਾਰਿਤ ਹੋਵੇਗਾ ਪ੍ਰੋਗਰਾਮ
ਹਰਿੰਦਰ ਨਿੱਕਾ ਬਰਨਾਲਾ,27 ਮਾਰਚ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸ੍ਰੀ ਕਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਨੁਹਾਰ ਤਬਦੀਲੀ ਦੀਆਂ ਕੋਸ਼ਿਸ਼ਾਂ ਦੇ ਨਾਲ ਨਾਲ ਇਹਨਾਂ ਤਬਦੀਲੀਆਂ ਦਾ ਸੁਨੇਹਾ ਸਮਾਜ ਤੱਕ ਪਹੁੰਚਾਉਣ ਲਈ ਲਗਾਤਾਰ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।ਜਿੱਥੇ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਅਧਿਆਪਕ ਖੁਦ ਘਰਾਂ, ਪਿੰਡਾਂ ਦੀਆਂ ਸੱਥਾਂ ਅਤੇ ਹੋਰ ਸਾਂਝੀਆਂ ਥਾਵਾਂ ‘ਤੇ ਜਾ ਕੇ ਸਰਕਾਰੀ ਸਕੂਲਾਂ ਦੇ ਅਤਿ-ਆਧੁਨਿਕ ਹੋਏ ਢਾਂਚੇ ਦਾ ਸੁਨੇਹਾ ਦੇ ਰਹੇ ਹਨ ,ਉੱਥੇ ਹੀ ਵਿਭਾਗ ਦੀ ਮੀਡੀਆ ਟੀਮ ਵੱਲੋਂ ਸੋਸ਼ਲ ਅਤੇ ਪ੍ਰਿੰਟ ਮੀਡੀਆ ਜਰੀਏ ਵੀ ਸਮਾਜ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਸਕੂਲ ਸਿੱਖਿਆ ਵਿਭਾਗ ਦੇ ਬੁਲਾਰਿਆਂ ਨੇ ਦੱਸਿਆ ਕਿ ਇਹਨਾਂ ਤਮਾਮ ਕੋਸ਼ਿਸ਼ਾਂ ਦੇ ਨਾਲ ਨਾਲ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਢਾਂਚੇ ਦੀ ਤਬਦੀਲੀ ਦਾ ਸੁਨੇਹਾ ਦੇਣ ਲਈ ਦੂਰਦਰਸ਼ਨ ਤੋਂ ਵੀ ਪ੍ਰੋਗਰਾਮ ਪ੍ਰਸਾਰਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 3.30 ਤੋਂ 4.00 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ‘ਨਵੀਆਂ ਪੈੜਾਂ’ ਦੀ ਸ਼ੁਰੂਆਤ 27 ਮਾਰਚ ਤੋਂ ਜਿਲ੍ਹਾ ਪਟਿਆਲਾ ਦੇ ਸਕੂਲਾਂ ਦੀਆਂ ਪ੍ਰਾਪਤੀਆਂ ਵਿਖਾਉਣ ਨਾਲ ਹੋਈ।ਇਸ ਪ੍ਰੋਗਰਾਮ ਰਾਹੀਂ ਜਿਲ੍ਹਾ ਵਾਰ ਸਰਕਾਰੀ ਸਕੂਲਾਂ ਦੀਆਂ ਆਕਰਸ਼ਿਕ ਇਮਾਰਤਾਂ, ਉਪਲਬਧ ਪੜ੍ਹਾਉਣ ਦੀਆਂ ਆਧੁਨਿਕ ਤਕਨੀਕਾਂ,ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ ਜਾਇਆ ਕਰੇਗੀ।
ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਸ੍ਰੀਮਤੀ ਜਸਬੀਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸ੍ਰੀਮਤੀ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਸਮਾਰਟ ਸਕੂਲ ਮੁਹਿੰਮ ਅਧੀਨ ਜਿਲ੍ਹੇ ਦੇ ਸਮੂਹ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਆਕਰਸ਼ਕ ਗੇਟਾਂ ਅਤੇ ਚਾਰਦੀਵਾਰੀਆਂ ਨਾਲ ਦਿੱਖ ਸੰਵਾਰਨ ਦੇ ਨਾਲ ਨਾਲ ਸਕੂਲਾਂ ਦੀਆਂ ਇਮਾਰਤਾਂ ਅਤੇ ਜਮਾਤ ਕਮਰਿਆਂ ਨੂੰ ਸਿੱਖਣ ਸਮੱਗਰੀ ਭਰਪੂਰ ਪੇਟਿੰਗਾਂ ਨਾਲ ਸ਼ਿੰਗਾਰਿਆ ਗਿਆ ਹੈ। ਸਮਾਰਟ ਕਲਾਸ ਕਮਰੇ ਬਣਾਉਣ ਦੇ ਨਾਲ ਨਾਲ ਪੜ੍ਹਾਉਣ ਦੇ ਆਧੁਨਿਕ ਸਾਧਨ ਪ੍ਰਾਜੈਕਟਰ,ਐਲਸੀਡੀ ਅਤੇ ਐਜੂਸੈਟ ਮੁਹੱਈਆ ਕਰਵਾਏ ਗਏ ਹਨ।ਵਿਦਿਆਰਥੀਆਂ ਲਈ ਰਸਮੀ ਸਿੱਖਿਆ ਦੇ ਨਾਲ ਨਾਲ ਕਿੱਤਾਮੁਖੀ ਸਿੱਖਿਆ ਉਪਲਬਧ ਕਰਵਾਈ ਜਾ ਰਹੀ ਹੈ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਸੈਂਕੜੇ ਵਿਦਿਆਰਥੀ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਉਪਰੰਤ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਰਹੇ ਹਨ।ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਨਵੇਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਡਿਊਟੀ ਸੰਭਾਲਣ ਲਈ ਭੇਜਣ ਤੋਂ ਪਹਿਲਾਂ ਪ੍ਰਵੇਸ਼ ਸਿਖਲਾਈ ਜਰੀਏ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਵਿੱਦਿਅਕ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਸ੍ਰ ਬਿੰਦਰ ਸਿੰਘ ਖੁੱਡੀ ਕਲਾਂਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਅਗਵਾਈ ਹੇਠ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ,ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਕੇ ਵਧੀਆ ਨੌਕਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਬਾਰੇ ਜਾਣਕਾਰੀ ਦੇਣ ਲਈ ਸਟੇਟ ਮੀਡੀਆ ਟੀਮ ਵੱਲੋਂ ਜਿਲ੍ਹੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਦਾ ਦੌਰਾ ਕਰਕੇ ਦੂਰਦਰਸ਼ਨ ਲਈ ਸ਼ੂਟਿੰਗ ਕੀਤੀ ਗਈ ਹੈ।ਸ੍ਰੀ ਕਮਲਦੀਪ ਜਿਲ੍ਹਾ ਮੈਂਟਰ ਗਣਿਤ ਦੀ ਅਗਵਾਈ ਹੇਠ ਚੱਲ ਰਹੀ ਜਿਲ੍ਹੇ ਦੇ ਨਵ-ਨਿਯੁਕਤ ਗਣਿਤ ਅਧਿਆਪਕਾਂ ਦੀ ਪ੍ਰਵੇਸ਼ ਸਿਖਲਾਈ ਦੀ ਵੀ ਵੱਖ ਵੱਖ ਪਹਿਲੂਆਂ ਤੋਂ ਸ਼ੂਟਿੰਗ ਕੀਤੀ ਗਈ। ਬਰਨਾਲਾ ਜਿਲ੍ਹੇ ਦੇ ਸਰਕਾਰੀ ਸਕੂਲਾਂ ਬਾਰੇ ਸਮੁੱਚੀ ਸ਼ੂਟਿੰਗ ਜਲਦੀ ਹੀ ਦੂਰਦਰਸ਼ਨ ਦੇ ਪ੍ਰੋਗਰਾਮ ਪ੍ਰੋਗਰਾਮ ਜਰੀਏ ਦਰਸ਼ਕਾਂ ਦੇ ਰੂਬਰੂ ਕੀਤੀ ਜਾਵੇਗੀ।