ਹਰਿੰਦਰ ਨਿੱਕਾ , ਬਰਨਾਲਾ 26 ਮਾਰਚ 2021
ਜਦ ਇਉਂ ਹੁੰਦਾ ਹੈ,ਤਾਂ ਹਾਕਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਜੂਝਦੇ ਕਾਫਲਿਆਂ ਲਈ ਦਿੱਲੀ ਦੂਰ ਨਹੀਂ। ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2021 ਨੂੰ ਰੱਦ ਕਰਵਾਉਣ, ਸਾਰੀਆਂ ਫਸਲਾਂ ਦੀ ਖ੍ਰੀਦ ਲਈ ਐਮ.ਐਸ.ਪੀ ਨੂੰ ਕਾਨੂੰਨ ਦਾ ਦਰਜਾ ਦੇਣ ਅਤੇ ਪਰਾਲੀ ਸਾੜ੍ਹਨ ਵਾਲਾ ਆਰਡੀਨੈਂਸ ਰੱਦ ਕਰਾਉਣ,ਡੀਜਲ ਪਟਰੋਲ,ਰਸੋਈ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸੀ। ਸਵੇਰ 6 ਵਜੇ ਤੋਂ ਜੁਝਾਰੂ ਕਾਫਲਿਆਂ ਨੇ ਰੇਲਵੇ ਟਰੈਲ ਅਤੇ ਸੜ੍ਹਕਾਂ ਜਾਮ ਕਰ ਦਿੱਤੀਆਂ ਸਨ।ਬਰਨਾਲਾ ਰੇਲਵੇ ਸਟੇਸ਼ਨ ਤੇ ਸੈਂਕੜੇ ਜੁਝਾਰੂ ਮਰਦ ਔਰਤਾਂ ਦੇ ਕਾਫਲੇ ਬੁਲਾਰਿਆਂ ਨੂੰ ਸੁਣ ਰਹੇ ਹਨ।
ਅਚਾਨਕ ਦੋ ਸਕੂਲੀ ਵਿਦਿਆਰਥਣਾਂ, ਪਿੰਡ ਚੀਮਾ ਸੱਤਵੀਂ ਵਿੱਚ ਪੜ੍ਹਦੀ ਜਸਪ੍ਰੀਤ ਕੌਰ ਅਤੇ ਪਿੰਡ ਪੱਖੋਕੇ ਦੀ ਪੰਜਵੀਂ ਵਿੱਚ ਪੜ੍ਹਦੀ ਅਰਸ਼ਵੀਰ ਕੌਰ ਸਟੇਜ ਸਕੱਤਰ ਕੋਲੋਂ ਸਮਾਂ ਮੰਗਦੀਆਂ ਹਨ। ਸੰਚਾਲਨ ਕਮੇਟੀ ਦੇ ਆਗੂ ਗੁਰਦਰਸ਼ਨ ਸਿੰਘ ਫਰਵਾਹੀ ਅਤੇ ਉਜਾਗਰ ਸਿੰਘ ਬੀਹਲਾ ਦੋਵਾਂ ਬੱਚੀਆਂ ਕੋਲੋਂ ਮੁੱਢਲੀ ਜਾਂਚ ਕਰਦੇ ਹਨ ਕਿ ਉਨ੍ਹਾਂ ਕੀ ਬੋਲਣਾ ਹੈ, ਤਾਂ ਉਹ ਨਾਹਰੇ ਲਾਉਣ ਦੀ ਇਜਾਜਤ ਮੰਗਦੀਆਂ ਹਨ। ਕੁੱਝ ਸਮੇਂ ਬਾਅਦ ਸਟੇਜ ਸਕੱਤਰ ਦਾ ਫਰਜ ਨਿਭਾ ਰਹੇ ਗੁਰਪ੍ਰੀਤ ਗੋਪੀ ਕੋਲ ਸੰਚਾਲਨ ਕਮੇਟੀ ਕੋਲੋਂ ਦੋਵੇਂ ਸਕੂਲ ਵਿਦਿਆਰਥਣਾਂ ਦੀ ਸਲਿੱਪ ਪਹੁੰਚ ਜਾਂਦੀ ਹੈ। ਦੋਵਾਂ ਵਿਦਿਆਰਥਣਾਂ ਦਾ ਮਾਈਕ ਨਾਲੋਂ ਕੱਦ ਛੋਟਾ ਹੈ। ਉੱਚਾ ਮਾਈਕ ਛੋਟਾ ਕੱਦ ਉਸ ਸਮੇਂ ਹਾਣ ਦਾ ਹੋ ਜਾਂਦਾ ਹੈ ਜਦ ਖੇਤੀ ਵਿਰੋਧੀ ਕਾਲੇ ਕਾਨੂੰਨਾਂ-ਰੱਦ ਕਰਵਾ ਕੇ ਰਹਾਂਗੇ, ਮੋਦੀ ਸਰਕਾਰ-ਮੁਰਦਾਬਦ, ਲੋਕ ਏਕਤਾ-ਜਿੰਦਾਬਾਦ ਆਦਿ ਅਕਾਸ਼ ਗੁਜਾਊ ਨਾਹਰੇ ਗੁੰਜਾਉਂਦੀਆਂ ਹਨ, ਮੰਨੋ ਸਮਾਂ ਇੱਕ ਵਾਰ ਰੁਕ ਜਾਂਦਾ ਹੈ, ਆਕਾਸ਼ ਗੂੰਜਦੀ ਆਵਾਜ ਰੇਲਵੇ ਸਟੇਸ਼ਨ ਸੰਘਰਸ਼ ਵਿੱਚ ਸ਼ਾਮਿਲ ਕਾਫਲਿਆਂ ਨੂੰ ਆਪਣੇ ਵੱਲ ਖਿੱਚਦੀ ਹੈ। ਕਿੰਨੀ ਹੀ ਦੇਰ ਇਹ ਵਰਤਾਰਾ ਰੁਕਣ ਦਾ ਨਾਮ ਨਹੀਂ ਲੈਂਦਾ।ਰੇਲਵੇ ਦੀਆਂ ਕੰਧਾਂ ਤੋਂ ਕਿਤੇ ਦੂਰ ਬਾਜਾਰ ਤੱਕ ਇਹ ਆਵਾਜ ਗੂੰਜਦੀ ਸੁਣਾਈ ਦਿੰਦੀ ਹੈ।
ਸਾਰਾ ਪੰਡਾਲ ਮਾਨੋ ਇਨ੍ਹਾਂ ਸਕੂਲੀ ਵਿਦਿਆਰਥਣਾਂ ਦੇ ਦ੍ਰਿੜ ਇਰਾਦੇ ਨੂੰ ਦਿਲੋਂ ਸਲਾਮ ਕਰਦਾ ਹੈ। ਪਲਾਂ ਵਿੱਚ ਹੀ ਇਹ ਸਕੂਲੀ ਵਿਦਿਆਰਥਣਾਂ ਲੋਕਾਂ ਦੇ ਸਮੁੰਦਰ (ਇਕੱਠ) ਵਿੱਚ ਸ਼ਾਮਿਲ ਹੋ ਜਾਂਦੀਆਂ ਹਨ। ਭਾਵੇਂ ਕਿ ਬਰਨਾਲੇ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ 6 ਮਹੀਨੇ ਦੀ ਕਰੀਬ ਸੰਘਰਸ਼ ਲਈ ਇਹ ਗੱਲ ਨਵੀਂ ਨਹੀਂ ਹੈ। ਪਿੰਡ ਕਰਮਗੜ੍ਹ ਦੀਆਂ ਸਕੂਲੀ ਵਿਦਿਆਰਥਣਾਂ ਗੁਰਬੀਰ,ਗਗਨਪ੍ਰੀਤ ਆਦਿ ਪੰਜ ਵਿਦਿਆਰਥਣਾਂ 6 ਮਹੀਨੇ ਤੋਂ ਲਗਤਾਰ ਸ਼ਾਮਿਲ ਹੋਕੇ ਖਿੱਚ ਦਾ ਕੇਂਦਰ ਬਿੰਦੂ ਬਣੀਆਂ ਹੋਈਆਂ ਹਨ।ਸਕੂਲੀ ਵਿਦਿਆਰਥਣਾਂ ਦੀ ਇਹ ਪਿਰਤ ਨਵੇਂ ਸਵੇਰ ਦੀ ਸੂਚਕ ਹੈ। ਆਉ ਸੁਨਹਿਰੇ ਭਵਿੱਖ ਦੇ ਗਦਰੀ ਗੁਲਾਬ ਕੌਰ ਦੀਆਂ ਵਾਰਸ ਅਜਿਹੀਆਂ ਧੀਆਂ ਦੇ ਕਦਮਾਂ ਦੀ ਆਹਟ ਨੂੰ ਸਲਾਮ ਕਹੀਏ।