ਗੈਂਗਰੇਪ ਦੀ ਘਟਨਾ ਦੇ 8 ਮਹੀਨਿਆਂ ਬਾਅਦ ਹਰਕਤ ‘ਚ ਆਈ ਪੁਲਿਸ
ਹਰਿੰਦਰ ਨਿੱਕਾ , ਬਰਨਾਲਾ 25 ਫਰਵਰੀ 2021
ਪੁਲਿਸ ਨੇ ਗੈਂਗਰੇਪ ਦੀ ਇੱਕ ਘਟਨਾ ਦੇ ਸਬੰਧ ‘ਚ ਕਰੀਬ 8 ਮਹੀਨਿਆਂ ਬਾਅਦ 2 ਔਰਤਾਂ ਅਤੇ ਇੱਕ ਅਕਾਲੀ ਆਗੂ ਸਮੇਤ 7 ਦੋਸ਼ੀਆਂ ਨੂੰ ਕੇਸ ਵਿੱਚ ਨਾਮਜਦ ਕੀਤਾ ਹੈ। ਜਦੋਂ ਕਿ ਕੇਸ ਦਰਜ ਕਰਨ ਵਿਚ ਲਾਪਰਵਾਹੀ ਕਰਨ ਵਾਲੇ ਉਸ ਮੌਕੇ ਦੇ ਐਡੀਸ਼ਨਲ ਐਸ ਐਚ ਉ ਐਸ ਆਈ ਗੁਲਾਬ ਸਿੰਘ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਅੱਜ ਸਸਪੈਂਡ ਵੀ ਕਰ ਦਿੱਤਾ ਗਿਆ ਹੈ। ਸਸਪੈਂਡ ਕਰਮਚਾਰੀਆਂ ਵਿੱਚ ਏਐਸਆਈ ਦਰਸ਼ਨ ਸਿੰਘ ਤੇ ਏਐਸਆਈ ਕਰਮਜੀਤ ਸਿੰਘ ਵੀ ਸ਼ਾਮਿਲ ਹੈ। ਜਦੋਂ ਕਿ ਲੰਘੀਆਂ ਨਗਰ ਕੌਂਸਲ ਚੋਣਾਂ ‘ਚ ਐਨ ਮੌਕੇ ਤੇ ਚੋਣ ਮੈਦਾਨ ਵਿੱਚੋਂ ਹਟ ਜਾਣ ਵਾਲਾ ਇੱਕ ਅਕਾਲੀ ਆਗੂ ਵੀ ਕੇਸ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ
ਕਰੀਬ ਅੱਠ ਮਹੀਨੇ ਪਹਿਲਾਂ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੱਤੀ ਰੋਡ ਖੇਤਰ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨੇ ਦੱਸਿਆ ਸੀ ਕਿ ਉਸਦੀ ਕਰੀਬ 22 ਸਾਲ ਦੀ BCA ਦੀ ਪੜਾਈ ਕਰਦੀ ਲੜਕੀ ਮਿਤੀ 24-06-2020 ਨੂੰ ਉਸ ਦੇ ਘਰ ਤੋਂ ਆਪਣੀ ਸਕੂਟਰੀ ਹੌਡਾ ਐਕਟਿਵਾ ਸਮੇਤ ਕਰਮਜੀਤ ਕੌਰ ਉਰਫ ਅਮਨ ਪਤਨੀ ਚੰਦ ਲਾਲ ਪੁੱਤਰ ਮਹਿੰਦਰ ਸਿੰਘ ਵਾਸੀ ਬਾਲੀਆ ਨਾਲ ਬਜਾਰ ਵਿੱਚ ਆਪਣੇ ਸਰਟੀਫਿਕੇਟਾਂ ਦੀ ਫੋਟੋ ਸਟੇਟ ਕਰਵਾਉਣ ਲਈ ਦਿਨ ਵਕਤ ਕਰੀਬ 12 ਵਜੇ ਗਈ ਸੀ । ਪਰੰਤੂ ਉਹ ਦੋਵੇਂ ਸਾਮ ਤੱਕ ਘਰ ਵਾਪਸ ਨਾ ਆਈਆ ਤਾਂਂ ਅਸੀ ਸਮੇਤ ਕਰਮਜੀਤ ਕੌਰ ਉਕਤ ਦੇ ਪਤੀ ਚੰਦ ਲਾਲ ਦੇ ਇਹਨਾ ਦੀ . ਤਲਾਸ ਕਰਨ ਲਈ ਸਹਿਰ ਬਰਨਾਲਾ ਚਲੇ ਗਏ ਸੀ। ਜਿਹਨਾ ਬਾਰੇ ਕੋਈ ਵੀ ਪਤਾ ਨਹੀਂ ਚੱਲਿਆ ਅਤੇ ਚੰਦ ਲਾਲ ਉਕਤ ਵੀ ਸਾਡੇ ਨਾਲ ਬਜਾਰ ਵਿੱਚ ਤਲਾਸ਼ ਕਰਦੇ ਹਾਜ਼ਰ ਰਿਹਾ ਅਤੇ ਉਸ ਤੋਂ ਬਾਅਦ ਉਹ ਚਲਾ ਗਿਆ ਸੀ । ਇਸ ਦੇ ਨਾਲ ਟੈਲੀਫੋਨ ਪਰ ਜਾਂਂ ਮਿਲ ਕਿ ਕੋਈ ਗੱਲ ਨਹੀਂ ਹੋਈ । ਉਹ ਆਪਣੀ ਲੜਕੀ ਦੀ ਤਲਾਸ ਆਪਣੇ ਰਿਸਤੇਦਾਰਾ ਨਾਲ ਮਿਲ ਕਿ ਕਰਦੀ ਰਹੀ । ਜਿਸ ਬਾਰੇ ਕੋਈ ਸੁਰਾਗ ਨਹੀਂ ਲੱਗਿਆ ਹੁਣ ਮੈਨੂੰ ਸ਼ੱਕ ਹੈ ਕਿ ਮੇਰੀ ਲੜਕੀ ਨੂੰ ਕਰਮਜੀਤ ਕੌਰ ਉਰਫ ਅਮਨ ਉਕਤ ਨੇ ਕਿਸੇ ਅਣ ਦੱਸੀ ਜਗਾ ਉਤੇ ਲੁਕਾ ਛੁਪਾ ਕੇ ਰੱਖਿਆ ਹੋਇਆ ਹੈ । ਇਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਕਤ ਬਿਆਨ ਦੇ ਅਧਾਰ ਪਰ ਥਾਣਾ ਸਿਟੀ ਬਰਨਾਲਾ ਮਿਤੀ 10-07-2020, ਨੂੰ ਦੋਸ਼ੀ ਕਰਮਜੀਤ ਕੌਰ ਉਰਫ਼ ਅਮਨ ਦੇ ਖਿਲਾਫ ਅਧੀਨ ਜੁਰਮ 346 ਆਈਪੀਸੀ ਕੇਸ ਦਰਜ ਕੀਤਾ ਗਿਆ।
ਪੀੜਤ ਨੇ ਅਦਾਲਤ ‘ਚ ਦਿੱਤਾ ਪਹਿਲਾ ਬਿਆਨ ਬਦਲਿਆ
ਪ੍ਰਾਪਤ ਸੂਚਨਾ ਅਨੁਸਾਰ ਜਦੋਂ ਪੁਲਿਸ ਨੇ ਪੀੜਤ ਲੜਕੀ ਨੂੰ ਪਹਿਲਾਂ ਅਦਾਲਤ ਵਿੱਚ ਪੇਸ਼ ਕੀਤਾ ਸੀ ਤਾਂ ਉਸਨੇ 164 ਸੀਆਰਪੀਸੀ ਦੇ ਬਿਆਨ ਵਿੱਚ ਕਿਹਾ ਸੀ ਕਿ ਉਹ ਆਪਣੀ ਮਰਜ਼ੀ ਨਾਲ ਹੀ ਆਪਣੇ ਦੋਸਤ ਨਾਲ ਚਲੀ ਗਈ ਸੀ ਤੇ ਉਸਦੇ ਨਾਲ ਹੀ ਰਹਿਣਾ ਚਾਹੁੰਦੀ ਹੈ। ਉਕਤ ਬਿਆਨ ਤੋਂ ਬਾਅਦ ਬੀਤੇ ਕੱਲ੍ਹ ਜੇਐਮਆਈਸੀ ਬਬਲਜੀਤ ਕੌਰ ਕੋਲ ਰਿਕਾਰਡ ਕਰਵਾਏ ਬਿਆਨ ਵਿੱਚ ਖੁਲਾਸਾ ਕੀਤਾ ਕਿ ਕਰਮਜੀਤ ਕੌਰ ਉਰਫ ਅਮਨ ਅਤੇ ਚੰਦ ਲਾਲ ਆਦਿ ਨੇ ਲਖਵਿੰਦਰ ਸਿੰਘ ਬਠਿੰਡਾ ਨਾਲ ਉਸਦਾ ਜਬਰਦਸਤੀ ਵਿਆਹ ਕਰ ਦਿੱਤਾ। ਉਸ ਤੋਂ ਬਾਅਦ ਉਸਨੂੰ ਕੋਈ ਨਸ਼ੀਲੀ ਵਸਤੂ ਦੇ ਕੇ ਤਾਂਤਰਿਕ ਮਨੋਜ ਬਾਬਾ, ਧਰਮਿੰਦਰ , ਚੰਦ ਲਾਲ ਆਦਿ ਨੇ ਉਸ ਨਾਲ ਜਬਰਜਿਨਾਹ ਕੀਤਾ। ਸਭ ਤੋਂ ਪਹਿਲਾਂ ਉਸਨੂੰ ਸੇਖਾ ਰੋਡ, ਫਿਰ ਬਠਿੰਡਾ ਅਤੇ ਬਾਅਦ ਵਿੱਚ ਪਿੰਡ ਪੰਧੇਰ ਵਿਖੇ ਬੰਦੀ ਬਣਾ ਕੇ ਰੱਖਿਆ ਗਿਆ। ਪੀੜਤ ਨੇ ਆਪਣੇ ਬਿਆਨ ਵਿੱਚ ਇਹ ਵੀ ਦੋਸ਼ ਲਾਇਆ ਕਿ ਐਸ ਆਈ ਗੁਲਾਬ ਸਿੰਘ, ਏਐਸਆਈ ਦਰਸ਼ਨ ਸਿੰਘ ਤੇ ਏਐਸਆਈ ਕਰਮਜੀਤ ਸਿੰਘ ਨੇ ਉਸ ਨੂੰ ਡਰਾ ਧਮਕਾ ਕੇ ਪਹਿਲਾਂ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਸਨ। ਪੀੜਤ ਦੇ ਉਕਤ ਬਿਆਨ ਦੇ ਆਧਾਰ ਤੇ ਪੁਲਿਸ ਨੇ ਲਖਵਿੰਦਰ ਸਿੰਘ, ਕਰਮਜੀਤ ਕੌਰ ਉਰਫ਼ ਅਮਨ, ਚੰਦ ਲਾਲ, ਅਕਾਲੀ ਆਗੂ ਧਰਮਿੰਦਰ,ਮਨੋਜ ਬਾਬਾ, ਚੰਦ ਲਾਲ ਸਮੇਤ ਕੁੱਲ 7 ਦੋਸ਼ੀਆਂ ਨੂੰ ਐਫਆਈਆਰ 340 ਮਿਤੀ 10/7/2020 ਵਿੱਚ ਨਾਮਜਦ ਕਰਕੇ ਜ਼ੁਰਮ ਵਿੱਚ ਵਾਧਾ ਕਰਦਿਆਂ 376 ਡੀ, 328, 506 ਤੇ 120 ਬੀ ਆਈਪੀਸੀ ਵੀ ਆਇਦ ਕਰ ਦਿੱਤੀ ਹੈ।