ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਵੱਲੋਂ ਬਰਨਾਲਾ ਜਿਲ੍ਹੇ ਦੇ ਸਰਕਾਰੀ ਸਕੂਲਾਂ ਅਤੇ ਬਲਾਕ ਸਿੱਖਿਆ ਦਫ਼ਤਰ ਦਾ ਦੌਰਾ

Advertisement
Spread information

ਵਿਦਿਆਰਥੀਆਂ,ਸਕੂਲ ਮੁਖੀਆਂ,ਅਧਿਆਪਕਾਂ ਅਤੇ ਦਫ਼ਤਰੀ ਅਮਲੇ ਨੂੰ ਵਧੀਆ ਕੰਮ ਬਦਲੇ ਦਿੱਤੀ ਸਾਬਾਸ਼


ਹਰਿੰਦਰ ਨਿੱਕਾ , ਬਰਨਾਲਾ,11 ਫਰਵਰੀ 2021

               ਕੋਰੋਨਾ ਮਹਾਂਮਾਰੀ ਦੀਆਂ ਪਾਬੰਦੀਆਂ ਬਦੌਲਤ ਤਕਰੀਬਨ ਦਸ ਮਹੀਨਿਆਂ ਦੇ ਲੰਬੇ ਅਰਸੇ ਦੀ ਤਾਲਾਬੰਦੀ ਉਪਰੰਤ ਖੁੱਲ੍ਹੇ ਸਕੂਲਾਂ ‘ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ ਵੱਲੋਂ ਖੁਦ ਵੱਖ ਵੱਖ ਜਿਲ੍ਹਿਆਂ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ।
              ਇਸੇ ਲੜੀ ਤਹਿਤ ਉਹਨਾਂ ਵੱਲੋਂ ਬਰਨਾਲਾ ਜਿਲ੍ਹੇ ਦੇ ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਨੈਣੇਵਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜੈਮਲ ਸਿੰਘ ਵਾਲਾ ਦਾ ਦੌਰਾ ਕੀਤਾ ਗਿਆ ।ਸਿੱਖਿਆ ਸਕੱਤਰ ਹਾਈ ਸਕੂਲ ਨੈਣੇਵਾਲ ਵਿਖੇ ਤਿਆਰ ਅਤਿ ਆਧੁਨਿਕ ਭਾਸ਼ਾ ਪ੍ਰਯੋਗਸ਼ਾਲਾ,ਸਮਾਰਟ ਕਲਾਸ ਰੂਮ,ਸਾਇੰਸ ਪ੍ਰਯੋਗਸ਼ਾਲਾ,ਕੰਪਿਊਟਰ ਲੈਬ,ਲਾਇਬ੍ਰੇਰੀ,ਖੇਡ ਮੈਦਾਨ, ਨਵੇਂ ਦਾਖਲਿਆਂ ਦੀਆਂ ਤਿਆਰੀਆਂ,ਸਕੂਲ ਵਿੱਚ ਕਰਵਾਏ ਬਾਲਾ ਵਰਕ ਅਤੇ ਸਕੂਲ ਦੇ ਵਿੱਦਿਅਕ ਪੱਧਰ ਤੋਂ ਬਹੁਤ ਪ੍ਰਭਾਵਿਤ ਹੋਏ।ਸਰਕਾਰ ਅਤੇ ਸਮਾਜ ਦੇ ਸਹਿਯੋਗ ਨਾਲ ਸਕੂਲ ਦੀ ਦਿੱਖ ਬਦਲਣ ਵਾਲੇ ਹਾਈ ਸਕੂਲ ਦੇ ਹੈਡਮਿਸਟ੍ਰੈਸ ਸ੍ਰੀਮਤੀ ਸੁਰੇਸ਼ਟਾ ਰਾਣੀ,ਪ੍ਰਾਇਮਰੀ ਸਕੂਲ ਦੇ ਹੈਡਟੀਚਰ ਸ੍ਰੀਮਤੀ ਮਨਜੀਤ ਕੌਰ ਅਤੇ ਦੋਵੇਂ ਸਕੂਲਾਂ ਦੇ ਸਮੂਹ ਸਟਾਫ਼ ਦੀ ਪ੍ਰਸੰਸਾ ਕਰਦਿਆਂ ਉਹਨਾਂ ਕਿਹਾ ਕਿ ਇਹ ਅਧਿਆਪਕਾਂ ਦੀ ਸਮਰਪਨ ਭਾਵਨਾ ਦਾ ਸਬੂਤ ਹੈ।
           ਸਿੱਖਿਆ ਸਕੱਤਰ ਵੱਲੋਂ ਜਮਾਤਾਂ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਪੜ੍ਹਾਈ ਦਾ ਜਾਇਜ਼ਾ ਲਿਆ ਗਿਆ।ਉਹਨਾਂ ਕੋਵਿਡ ਪਾਬੰਦੀਆਂ ਦੀ ਪਾਲਣਾ ਵਜੋਂ ਮਾਸਕ ਪਹਿਨੇ ਜਾਣ ‘ਤੇ ਵੀ ਵਿਦਿਆਰਥੀਆਂ ਨੂੰ ਸਾਬਾਸ਼ ਦਿੱਤੀ।ਉਪਰੰਤ ਉਹਨਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਜੈਮਲ ਸਿੰਘ ਵਾਲਾ ਦਾ ਦੌਰਾ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਜਾਇਜ਼ਾ ਲਿਆ ਗਿਆ।ਇੱਥੇ ਵੀ ਉਹ ਵਿਦਿਆਰਥੀਆਂ ਲਈ ਭੇਜੀ ਜਾਣ ਵਾਲੀ ਰੋਜ਼ਾਨਾ ਸਲਾਈਡ ਅਤੇ ਵਿਦਿਆਰਥੀਆਂ ਨੂੰ ਬਲੈਕ ਬੋਰਡ ‘ਤੇ ਕਰਵਾਏ ਜਾ ਰਹੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਏ।ਉਹਨਾਂ ਸਕੂਲ ਇੰਚਾਰਜ ਸ੍ਰ ਜਸਵੀਰ ਸਿੰਘ ਈਟੀਟੀ ਅਤੇ ਸਮੂਹ ਸਟਾਫ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਧਿਆਪਕਾਂ ਦੀ ਸਮਰਪਣ ਭਾਵਨਾ ਬਦੌਲਤ ਸਰਕਾਰੀ ਸਕੂਲਾਂ ਦਾ ਵਿੱਦਿਅਕ ਪੱਧਰ ਹੁਣ ਉੱਚ ਮਿਆਰੀ ਸਕੂਲਾਂ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਰਿਹਾ।
            ਉਹਨਾਂ ਅੱਗੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਜਿੱਥੇ ਸਕੂਲਾਂ ਦੀ ਤਾਲਾਬੰਦੀ ਦੇ ਸਮੇਂ ਮਹਾਂਮਾਰੀ ਦੇ ਖੌਫ਼ ਦੌਰਾਨ ਵੀ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜ੍ਹੀ ਰੱਖਣ ਦਾ ਸਲਾਘਾਯੋਗ ਉਪਰਾਲਾ ਕੀਤਾ ਗਿਆ ਉੱਥੇ ਹੀ ਹੁਣ ਸਕੂਲ ਖੁੱਲਣ ‘ਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਦਿਆਂ ਸਕੂਲਾਂ ਵਿੱਚ ਹਾਜ਼ਰ ਹੋਣ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਮਿਸ਼ਨ ਸ਼ਤ ਪ੍ਰਤੀਸ਼ਤ ਅਧੀਨ ਸਮੂਹ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਸਫ਼ਲਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਅਧਿਆਪਕਾਂ ਵੱਲੋਂ ਸਕੂਲ ਸਮੇਂ ਤੋਂ ਵਾਧੂ ਸਮੇਂ ‘ਚ ਇੱਥੋਂ ਤੱਕ ਕਿ ਐਤਵਾਰ ਅਤੇ ਹੋਰ ਛੁੱਟੀਆਂ ਵਾਲੇ ਦਿਨਾਂ ਦੌਰਾਨ ਵੀ ਵਿਦਿਆਰਥੀਆਂ ਦੀਆਂ ਜਮਾਤਾਂ ਲਗਾਈਆਂ ਜਾ ਰਹੀਆਂ ਹਨ ਵਿਦਿਆਰਥੀਆਂ ਵੱਲ ਨਿੱਜੀ ਧਿਆਨ ਦੇ ਕੇ ਉਹਨਾਂ ਦੀ ਸਿੱਖਣ ਸਮਰੱਥਾ ਅਨੁਸਾਰ ਸਰਲ ਅਤੇ ਵਿਸਥਾਰਤ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।
           ਸਿੱਖਿਆ ਸਕੱਤਰ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸ਼ਹਿਣਾ ਦਾ ਵੀ ਦੌਰਾ ਕੀਤਾ ਗਿਆ।ਇੱਥੇ ਵੀ ਸਿੱਖਿਆ ਸਕੱਤਰ ਦਫ਼ਤਰੀ ਅਮਲੇ ਵੱਲੋਂ ਸਮੇਂ ਸਿਰ ਕੀਤੇ ਜਾ ਰਹੇ ਕੰਮ ਕਾਜ਼ ਦੇ ਨਿਪਟਾਰੇ ਤੋਂ ਬਹੁਤ ਪ੍ਰਭਾਵਿਤ ਹੋਏ।ਉਹਨਾਂ ਇੰਚਾਰਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰ ਜਸਵੀਰ ਸਿੰਘ ਅਤੇ ਸਮੂਹ ਸਟਾਫ਼ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਦਫ਼ਤਰੀ ਅਮਲੇ ਦੀ ਕਾਰਜਕੁਸ਼ਲਤਾ ਅਸਿੱਧੇ ਰੂਪ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਕਰਦੀ ਹੈ।ਦਫ਼ਤਰੀ ਕਾਰਜਾਂ ਲਈ ਚੱਕਰਾਂ ਤੋਂ ਮੁਕਤੀ ਮਿਲਣ ਨਾਲ ਅਧਿਆਪਕ ਆਪਣਾ ਸਾਰਾ ਧਿਆਨ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਕੇਂਦਰਿਤ ਕਰਦੇ ਹਨ।
        ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਸ੍ਰੀਮਤੀ ਜਸਬੀਰ ਕੌਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ, ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ੍ਰੀਮਤੀ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਜਿਲ੍ਹੇ ਦੇ ਸਕੂਲਾਂ ਅਤੇ ਦਫਤਰਾਂ ਦਾ ਦੌਰਾ ਕਰਕੇ ਵਿਦਿਆਰਥੀਆਂ, ਸਕੂਲ ਮੁਖੀਆਂ, ਅਧਿਆਪਕਾਂ ਅਤੇ ਦਫ਼ਤਰੀ ਅਮਲੇ ਦਾ ਹੌਸਲਾ ਵਧਾਉਣ ਲਈ ਸਿੱਖਿਆ ਸਕੱਤਰ ਦਾ ਧੰਨਵਾਦ ਕੀਤਾ ਗਿਆ।ਜਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਤੋਂ ਲੈ ਕੇ ਵਿਦਿਆਰਥੀਆਂ ਦੀ ਸਫ਼ਲਤਾ ਲਈ ਜਿਲ੍ਹੇ ਵਿੱਚ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਕਾਮਯਾਬੀ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
Advertisement
Advertisement
Advertisement
Advertisement
Advertisement
error: Content is protected !!