ਸੋਨੀ ਪਨੇਸਰ , ਬਰਨਾਲਾ,10 ਫਰਵਰੀ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਅਮਲ ਵਿੱਚ ਲਿਆਂਦੇ ਜਾ ਰਹੇ ਮਿਸ਼ਨ ਸ਼ਤ ਪ੍ਰਤੀਸ਼ਤ ਦਾ ਮਨੋਰਥ ਮੌਜ਼ੂਦਾ ਸੈਸ਼ਨ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚੋਂ ਸਰਕਾਰੀ ਸਕੂਲਾਂ ਦੇ ਸਮੂਹ ਵਿਦਿਆਰਥੀਆਂ ਦੀ ਬਿਹਤਰ ਕਾਰਗੁਜ਼ਾਰੀ ਨਾਲ ਸਫ਼ਲਤਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ(ਟਰੇਨਿੰਗ) ਸ੍ਰੀ ਸ਼ਲਿੰਦਰ ਸਿੰਘ ਨੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਮੁਖੀਆਂ, ਬਲਾਕ ਨੋਡਲ ਅਫਸਰਾਂ,ਪੜ੍ਹੋ ਪੰਜਾਬ ਟੀਮਾਂ ਅਤੇ ਸਿੱਖਿਆ ਸੁਧਾਰ ਟੀਮਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਹੁਣ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੁੱਲਣ ਉਪਰੰਤ ਸਮੂਹ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਆਫਲਾਈਨ ਤਰੀਕੇ ਸਕੂਲਾਂ ਵਿੱਚ ਹੋਣਗੀਆਂ ਤਾਂ ਵਿਦਿਆਰਥੀਆਂ ਨੂੰ ਇਹਨਾਂ ਪ੍ਰੀਖਿਆਵਾਂ ਲਈ ਤਿਆਰ ਕਰਨਾ ਸਾਡਾ ਸਭ ਦਾ ਫਰਜ਼ ਹੈ।ਉਹਨਾਂ ਕਿਹਾ ਕਿ ਜਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕ ਸਾਹਿਬਾਨ ਵੱਲੋਂ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫਲਤਾ ਲਈ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ।ਅਧਿਆਪਕਾਂ ਵੱਲੋਂ ਵਾਧੂ ਜਮਾਤਾਂ ਵੀ ਲਗਾਈਆਂ ਜਾ ਰਹੀਆਂ ਹਨ।ਉਹਨਾਂ ਅੱਗੇ ਕਿਹਾ ਕਿ ਕਿਹਾ ਕਿ ਮਿਸ਼ਨ ਦੀ ਸਫ਼ਲਤਾ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਦਿਆਂ ਸਕੂਲ ਵਿੱਚ ਹਾਜ਼ਰ ਕਰਵਾਉਣਾ ਹੈ।ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਘਟਾਏ ਪਾਠਕ੍ਰਮ ਦੀ ਅਤੇ ਬਦਲੇ ਪ੍ਰਸ਼ਨ ਪੱਤਰ ਪੈਟਰਨ ਤੋਂ ਜਾਣੂ ਕਰਵਾਉਣਾ ਹੈ।
ਸ੍ਰ ਜਸਵੀਰ ਸਿੰਘ ਸਟੇਟ ਰਿਸੋਰਸ ਪਰਸਨ ਸਾਇੰਸ ਨੇ ਜਿਲ੍ਹੇ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਦਸੰਬਰ ਪ੍ਰੀਖਿਆ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਡਾਟਾ ਸਕੂਲ ਮੁਖੀਆਂ ਨਾਲ ਸਾਂਝਾ ਕਰਦਿਆਂ ਘੱਟ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਅਤੇ ਬਿਹਤਰ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਬਾਰੇ ਗੱਲਬਾਤ ਕੀਤੀ।ਉਹਨਾਂ ਬੋਰਡ ਜਮਾਤਾਂ ਦੇ ਮੈਰਿਟ ਦੇ ਯੋਗ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਦੇ ਨੁਕਤੇ ਵੀ ਸਕੂਲ ਮੁਖੀਆਂ ਨਾਲ ਸਾਂਝੇ ਕੀਤੇ।ਉਹਨਾਂ ਕਮਜੋਰ ਵਿਦਿਆਰਥੀਆਂ ਦੀ ਬਿਹਤਰ ਕਾਰਗੁਜ਼ਾਰੀ ਨਾਲ ਸਫ਼ਲਤਾ ਲਈ ਸਰਲ ਅਤੇ ਸੌਖੀ ਪੜ੍ਹਨ ਸਮੱਗਰੀ ਮੁਹੱਈਆ ਕਰਵਾਉਣ ਦੀ ਜਰੂਰਤ ‘ਤੇ ਵੀ ਜੋਰ ਦਿੱਤਾ।
ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫ਼ਲਤਾ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕਰਦਿਆਂ ਵਿਸਵਾਸ਼ ਪ੍ਰਗਟਾਇਆ ਕਿ ਆਗਾਮੀ ਪ੍ਰੀਖਿਆਵਾਂ ਦੌਰਾਨ ਜਿਲ੍ਹੇ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਲਾਜ਼ਮੀ ਤੌਰ ‘ਤੇ ਬਿਹਤਰ ਰਹੇਗਾ।ਇਸ ਮੌਕੇ ਡਾ. ਰਵਿੰਦਰਪਾਲ ਸਿੰਘ ਪ੍ਰਿੰਸੀਪਲ ਜਿਲ੍ਹਾ ਕੋ-ਆਰਡੀਨੇਟਰ ਸਮਾਰਟ ਸਕੂਲ,ਸ੍ਰੀ ਰਾਕੇਸ਼ ਕੁਮਾਰ ਪ੍ਰਿੰਸੀਪਲ ਜਿਲ੍ਹਾ ਮੈਂਟਰ ਫਿਜਿਕਸ, ਸ੍ਰੀ ਅਨਿਲ ਕੁਮਾਰ ਮੋਦੀ ਪ੍ਰਿੰਸੀਪਲ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮ, ਸਿਮਰਦੀਪ ਸਿੰਘ ਜਿਲ੍ਹਾ ਮੈਂਟਰ ਸਪੋਰਟਸ,ਸ੍ਰੀ ਹਰੀਸ਼ ਬਾਂਸਲ ਪ੍ਰਿੰਸੀਪਲ ਜਿਲ੍ਹਾ ਮੈਂਟਰ ਸਾਇੰਸ, ਸ੍ਰ ਅਮਨਿੰਦਰ ਸਿੰਘ ਜਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ,ਸ੍ਰੀ ਕਮਲਦੀਪ ਜਿਲ੍ਹਾ ਮੈਂਟਰ ਗਣਿਤ, ਸ੍ਰ ਬਿੰਦਰ ਸਿੰਘ ਖੁੱਡੀ ਕਲਾਂਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ,ਬਲਾਕ ਨੋਡਲ ਅਫਸਰ ਸ੍ਰੀਮਤੀ ਸੁਰੇਸ਼ਟਾ ਰਾਣੀ ਹੈਡਮਿਸਟ੍ਰੈਸ, ਸ੍ਰੀਮਤੀ ਹਰਪ੍ਰੀਤ ਕੌਰ ਹੈਡਮਿਸਟ੍ਰੈਸ, ਸ੍ਰ ਜਸਵਿੰਦਰ ਸਿੰਘ ਹੈਡਮਾਸਟਰ, ਵੱਖ ਵੱਖ ਵਿਸ਼ਿਆਂ ਦੇ ਜਿਲ੍ਹਾ ਮੈਂਟਰ, ਬਲਾਕ ਮੈਂਟਰ ਅਤੇ ਵੱਖ ਵੱਖ ਵਿਸ਼ਿਆਂ ਦੇ ਜਿਲ੍ਹਾ ਰਿਸੋਰਸ ਪਰਸਨ ਵੀ ਹਾਜ਼ਰ ਸਨ।