ਹਰਿੰਦਰ ਨਿੱਕਾ /ਮਨੀ ਗਰਗ, ਬਰਨਾਲਾ 4 ਫਰਵਰੀ 2021
ਸੀ.ਆਈ.ਏ. ਦੀ ਪੁਲਿਸ ਦੁਆਰਾ ਅੱਜ ਬਾਅਦ ਦੁਪਹਿਰ ਕਰੀਬ 2 ਵਜੇ ਗਿਰਫਤਾਰ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਮੋਹਿੰਦਰ ਖੰਨਾ ਦੀ ਪੁਲਿਸ ਤਫਤੀਸ਼ ਦੌਰਾਨ ਅਚਾਨਕ ਸਿਹਤ ਵਿਗੜ ਗਈ। ਜਿਨ੍ਹਾਂ ਨੂੰ ਪੁਲਿਸ ਨੇ ਮੈਡੀਕਲ ਚੈਕਅੱਪ ਲਈ, ਤੁਰੰਤ ਸਿਵਲ ਹਸਪਤਾਲ ਵਿਖੇ ਲਿਆਂਦਾ। ਦਿਲ ਦਾ ਮਰੀਜ਼ ਹੋਣ ਕਾਰਣ ਖੰਨਾ ਨੂੰ ਛਾਤੀ ਵਿੱਚ ਦਰਦ ਦੀ ਤਕਲੀਫ਼ ਹੋਈ। ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਦੀ ਈਸੀਜੀ ਕਰਵਾਈ ਅਤੇ ਚੈਕਅੱਪ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਕੇ ਇਲਾਜ ਸ਼ੁਰੂ ਕਰ ਦਿੱਤਾ। ਹਸਪਤਾਲ ਤੋਂ ਮਿਲੀ ਸੂਚਨਾ ਅਨੁਸਾਰ ਸ੍ਰੀ ਖੰਨਾ ਨੂੰ ਗਿਰਫਤਾਰੀ ਤੋਂ ਕਰੀਬ ਸਾਢੇ ਪੰਜ ਘੰਟਿਆਂ ਮਗਰੋਂ ਕਰੀਬ ਸਾਢੇ ਸੱਤ ਵਜੇ ਸ਼ਾਮ ਨੂੰ ਪੁਲਿਸ ਕਰਮਚਾਰੀ ਹਸਪਤਾਲ ਲੈ ਕੇ ਪਹੁੰਚੇ ਸਨ। ਮਾਮਲੇ ਦੇ ਤਫਤੀਸ਼ ਅਧਿਕਰੀ ਅਨੁਸਾਰ ਖੰਨਾ ਦੇ ਖਿਲਾਫ ਕਥਿਤ ਧੋਖਾਧੜੀ ਅਤੇ ਜਾਲੀ ਦਸਤਾਵੇਜ਼ ਤਿਆਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਹੋਣ ਪਿਛਲੇ ਕਈ ਦਿਨ ਤੋਂ ਪੁਲਿਸ ਅਤੇ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦਰਮਿਆਨ ਚੱਲ ਰਹੀ ਖਿੱਚੋਤਾਣ ਚੱਲ ਰਹੀ ਸੀ। ਐਸੋਸੀਏਸ਼ਨ ਦੇ ਸੂਤਰਾਂ ਅਨੁਸਾਰ ਇੱਕ ਉਦਯੋਗਪਤੀ ਵੱਲੋਂ ਉਸ ਨੂੰ ਆਪਣੀ ਫੈਕਟਰੀ ਵਿੱਚ ਬੁਲਾ ਕੇ ਅਸਤੀਫਾ ਲੈ ਲਿਆ ਗਿਆ ਸੀ। ਇਹ ਅਸਤੀਫਾ 29 ਜਨਵਰੀ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੇਵਾ ਮੁਕਤ ਆਈਜੀ ਜਗਦੀਸ਼ ਮਿੱਤਲ ਨੇ ਮੀਟਿੰਗ ਬੁਲਾ ਕੇ ਮੰਜੂਰ ਵੀ ਕਰ ਲਿਆ ਸੀ। ਪਰੰਤੂ ਇਹ ਆਮ ਚਰਚਾ ਚੱਲ ਰਹੀ ਸੀ ਕਿ ਉਦਯੋਗਪਤੀ ਨੇ ਆਪਣੇ ਇੱਕ ਕਰੀਬੀ ਪੈਸਟੀਸਾਈਡਜ ਵਿਕਰੇਤਾ ਤੋਂ ਖੰਨਾ ਦੇ ਖਿਲਾਫ ਇੱਕ ਸ਼ਕਾਇਤ ਵੀ ਦਿਵਾਈ ਗਈ ਸੀ। ਇਸ ਦੁਰਖਾਸਤ ਦੇ ਅਧਾਰ ਤੇ ਖੰਨਾ ਤੇ ਦਬਾਅ ਪਾ ਕੇ ਉਦਯੋਗਪਤੀ ਆਪਣੇ ਚਹੇਤਿਆਂ ਦਾ ਡੀਸੀਏ ਤੇ ਕਬਜ਼ਾ ਕਰਵਾਉਣਾ ਚਾਹੁੰਦਾ ਸੀ।