ਪਿੰਡ ਸਹੌਰ ਦੇ ਨੌਜਵਾਨ ਦੀ ਐਕਸੀਡੈਂਟ ਨਾਲ ਹੋਈ ਮੌਤ ਦੇ ਪਰਿਵਾਰ ਵਾਲਿਆਂ ਨੇ ਕੀਤਾ ਸ਼ੱਕ ਜ਼ਾਹਰ
ਪਿੰਡ ਦੇ ਇੱੱਕ ਪਰਿਵਾਰ ਤੇ ਪੁਲੀਸ ਨਾਲ ਮਿਲੀ ਭੁਗਤ ਕਰ ਮੌਤ ਦੇ ਅਸਲ ਕਾਰਨਾਂ ਨੂੰ ਕਾਰਨਾਂ ਨੂੰ ਛੁਪਾਉਣ ਦੇ ਪਰਿਵਾਰ ਨੇ ਲਗਾਏ ਦੋਸ਼
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 2 ਫਰਵਰੀ 2021
ਬਲਾਕ ਮਹਿਲ ਕਲਾਂ ਦੇ ਪਿੰਡ ਸਹੌਰ ਦੇ ਦਲਿਤ ਪਰਿਵਾਰ ਨਾਲ ਸਬੰਧਤ ਨੌਜਵਾਨ ਦੀ ਸ਼ੱਕੀ ਹਾਲਤਾਂ ਵਿੱਚ ਹੋਈ ਮੌਤ ਦਾ ਮੁੱਦਾ ਕਰੀਬ ਇੱਕ ਮਹੀਨੇ ਬਾਅਦ ਫਿਰ ਗਰਮਾ ਗਿਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਆਪਣਾ ਸ਼ੱਕ ਮੀਡੀਆ ਨਾਲ ਗੱਲਬਾਤ ਦੌਰਾਨ ਜ਼ਾਹਿਰ ਕੀਤਾ ਹੈ । ਘੋਸ਼ਣਾ ਪੱਤਰ ਦੀਆਂ ਕਾਪੀਆਂ ,ਸੀ ਸੀ ਟੀ ਵੀ ਕੈਮਰਿਆਂ ਦੀ ਵੀਡੀਓ ਪੱਤਰਕਾਰਾਂ ਨੂੰ ਜਾਰੀ ਕਰਦਿਆਂ ਮ੍ਰਿਤਕ ਲੜਕੇ ਸੰਦੀਪ ਸਿੰਘ (28) ਦੇ ਪਿਤਾ ਹਰਬੰਸ ਸਿੰਘ ਪੁੱਤਰ ਲਾਲ ਸਿੰਘ ਅਤੇ ਮਾਤਾ ਪਰਮਜੀਤ ਕੌਰ ਸਹੋਰ ਨੇ ਦੱਸਿਆ ਕਿ ਸੰਦੀਪ ਸਿੰਘ ਮਿਤੀ 28/12/2020 ਕੰਮ ਕਾਰ ਦੇ ਲਈ ਪਿੰਡ ਹਮੀਦੀ ਵੱਲ ਨੂੰ ਆਪਣੇ ਮੋਟਰਸਾਈਕਲ ਤੇ ਰਵਾਨਾ ਹੋਇਆ। ਪਰ ਪਿੰਡ ਤੋਂ ਥੋੜਾ ਅੱਗੇ ਜਾ ਕੇ ਕਿਸਾਨ ਨਿਰਭੈ ਸਿੰਘ ਦੇ ਖੇਤ ਕੋਲ ਜਾ ਕੇ ਉਸ ਦਾ ਕਥਿਤ ਤੌਰ ਤੇ ਐਕਸੀਡੈਂਟ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਦੇ ਲੜਕੇ ਦੀ ਮੌਤ ਹੋਈ ਤਾਂ ਪਰਿਵਾਰ ਗਹਿਰੇ ਸਦਮੇ ਵਿੱਚ ਸੀ। ਪੁਲਿਸ ਵਾਲਿਆਂ ਵੱਲੋਂ ਸਾਡੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਤੇ ਅਸੀਂ ਸੰਸਕਾਰ ਕਰ ਦਿੱਤਾ। ਪਰ ਜਦੋਂ ਸਾਨੂੰ ਕੁਝ ਦਿਨਾਂ ਬਾਅਦ ਸਾਡੇ ਸਾਡੇ ਲੜਕੇ ਸੰਦੀਪ ਸਿੰਘ ਦੀ ਮੌਤ ਬਾਰੇ ਰਾਹਗੀਰਾਂ ਤੋਂ ਪਤਾ ਲੱਗਿਆ ਕਿ ਉਸ ਦੀ ਮੌਤ ਇੱਕ ਕਾਲੇ ਰੰਗ ਦੀ ਨਾਮਲੂਮ ਸਕਾਰਪੀਓ ਕਾਰ ਦੀ ਟੱਕਰ ਨਾਲ ਹੋਈ ਹੈ ਸੀ। ਐਕਸੀਡੈਂਟ ਦੌਰਾਨ ਉਕਤ ਕਾਰ ਦਾ ਇੱੱਕ ਟਾਇਰ ਪੈਂਚਰ ਹੋ ਗਿਆ ਸੀ । ਜੋ ਸਾਡੇ ਪਿੰਡ ਦੇ ਵਸਨੀਕ ਕਿਸਾਨ ਸੁਖਬੀਰ ਸਿੰਘ ਉਰਫ ਮਿੱਡਾ ਪੁੱਤਰ ਪਵਿੱਤਰ ਸਿੰਘ ਦੇ ਘਰ ਜਾ ਕੇ ਟਾਇਰ ਬਦਲਿਆ ਹੈ । ਜਿਸ ਦਾ ਪਤਾ ਸਾਨੂੰ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਤੋਂ ਲੱਗਿਆ ਹੈ । ਉਨ੍ਹਾਂ ਕਿਹਾ ਕਿ ਜਦੋਂ ਅਸੀਂ ਗੱਡੀ ਸਬੰਧੀ ਸੁਖਬੀਰ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਿਆ ਕਿ ਉਕਤ ਗੱਡੀ ਤੁਹਾਡੀ ਕਿਸੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਦੀ ਹੈ ?
ਤਾਂ ਉਨ੍ਹਾਂ ਨੇ ਸਾਫ ਸ਼ਬਦਾਂ ਵਿਚ ਇਨਕਾਰ ਕੀਤਾ ਕਿ ਅਸੀਂ ਗੱਡੀ ਵਾਲੇ ਨੂੰ ਨਹੀਂ ਜਾਣਦੇ ਹਰਬੰਸ ਸਿੰਘ ਤੇ ਪਰਨੀਤ ਕੌਰ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਸੁਖਬੀਰ ਸਿੰਘ ਜਾਣ ਬੁੱਝ ਕੇ ਉਕਤ ਐਕਸੀਡੈਂਟ ਕਰਨ ਵਾਲੀ ਗੱਡੀ ਦੇ ਮਾਲਕਾਂ ਨੂੰ ਬਚਾ ਕੇ ਉਨ੍ਹਾਂ ਦੇ ਪੁੱਤਰ ਦੀ ਮੌਤ ਦਾ ਭੇਦ ਲੁਕਾਈ ਰੱਖਣਾ ਚਾਹੁੰਦਾ ਹੈ ਤੇ ਉਨ੍ਹਾਂ ਨਾਲ ਮਿਲੀਭੁਗਤ ਕਰ ਜਾਣ ਬੁੱਝ ਕੇ ਅਣਜਾਣ ਬਣ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਕੇਸ ਦੇ ਤਫਤੀਸ਼ੀ ਅਫਸਰ ਥਾਣਾ ਠੁੱਲ੍ਹੀਵਾਲ ਵਿਖੇ ਬਤੌਰ ਏ ਐਸ ਆਈ ਬਲਜਿੰਦਰ ਸਿੰਘ ਨੂੰ ਪੂਰੀ ਘਟਨਾ ਤੋਂ ਜਾਣੂ ਕਰਵਾਇਆ ਪਰ ਉਨ੍ਹਾਂ ਨੇ ਸਾਨੂੰ ਕੋਈ ਖ਼ਾਸ ਜਾਣਕਾਰੀ ਜਾਂ ਕਾਰਵਾਈ ਦਾ ਭਰੋਸਾ ਨਹੀਂ ਦਿੱਤਾ । ਇਸ ਲਈ ਸਾਨੂੰ ਸ਼ੱਕ ਹੈ ਕਿ ਉਹ ਵੀ ਦੋਸ਼ੀਆਂ ਦੀ ਮਦਦ ਕਰ ਰਿਹਾ ਹੈ । ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਪੁਲਸ ਵਲੋਂ ਇੱਕ 174 ਸੀਆਰਪੀਸੀ ਦੀ ਕਾਰਵਾਈ ਦੌਰਾਨ ਰਿਪੋਰਟ ਵਿਚ ਮੇਰਾ ਹਰਬੰਸ ਸਿੰਘ ਤੇ ਇੱਕ ਪਿੰਡ ਨੰਗਲ ਦੀ ਔਰਤ ਗੁਰਮੀਤ ਕੌਰ ਪਤਨੀ ਹਰਪਾਲ ਸਿੰਘ ਦਾ ਨਾਮ ਦਰਜ ਹੈ । ਜੋ ਕਿ ਨਾ ਹੀ ਸਾਡੀ ਕਿਸੇ ਰਿਸ਼ਤੇਦਾਰੀ ਵਿੱਚੋਂ ਜਾਂ ਕਿਸੇ ਸਾਕ ਸਬੰਧੀ ਵਿੱਚੋਂ ਹੈ । ਉਨ੍ਹਾਂ ਕਿਹਾ ਕਿ ਅਸੀਂ ਦਲਿਤ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਕੋਈ ਸਾਡੀ ਫਰਿਆਦ ਸੁਣਨ ਨੂੰ ਤਿਆਰ ਨਹੀਂ ਹੈ । ਮ੍ਰਿਤਕ ਲੜਕੀ ਦੇ ਮਾਤਾ ਪਿਤਾ ਨੇ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਬਾਰੇ ਅਸੀਂ ਪਿੰਡ ਦੀ ਸਰਪੰਚ ਰਣਜੀਤ ਕੌਰ ਦੇ ਪਤੀ ਅੰਮ੍ਰਿਤਪਾਲ ਸਿੰਘ ਨੂੰ ਵੀ ਪੂਰੀ ਘਟਨਾ ਬਾਰੇ ਜਾਣੂ ਕਰਵਾਇਆ , ਪਰ ਉਨ੍ਹਾਂ ਨੇ ਵੀ ਸਾਡੇ ਪੱਲੇ ਨਿਰਾਸ਼ਾ ਹੀ ਪਾਈ ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਸੀਂ ਡੀਐੱਸਪੀ ਮਹਿਲ ਕਲਾਂ ਕੁਲਦੀਪ ਸਿੰਘ ਨੂੰ ਲਿਖਤੀ ਦਰਖਾਸਤ ਦੇ ਕੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਹੈ ,ਜਿਨ੍ਹਾਂ ਨੇ ਸਾਨੂੰ ਮਾਮਲੇ ਦੀ ਪੂਰੀ ਜਾਂਚ ਕਰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ । ਅਖੀਰ ਵਿਚ ਉਨ੍ਹਾਂ ਕਿਹਾ ਕਿ ਮ੍ਰਿਤਕ ਸੰਦੀਪ ਸਿੰਘ ਸਾਡਾ ਇਕਲੌਤਾ ਲੜਕਾ ਤੇ ਬੁਢਾਪੇ ਦਾ ਸਹਾਰਾ ਸੀ , ਜਿਸ ਦੇ ਦੋ ਛੋਟੇ ਛੋਟੇ ਬੱਚੇ ਹਨ । ਜਿਨ੍ਹਾਂ ਦੀ ਉਮਰ ਕ੍ਰਮਵਾਰ ਦੋ ਸਾਲ ਅਤੇ ਤਿੰਨ ਸਾਲ ਹੈ ਜਿਸ ਦੀ ਮੌਤ ਨਾਲ ਸਾਡਾ ਹੱਸਦਾ- ਵੱਸਦਾ ਘਰ ਉੱਜੜ ਗਿਆ। ਪਰਿਵਾਰ ਨੇ ਮੰਗ ਕੀਤੀ ਕਿ ਸਾਡੇ ਲੜਕੇ ਸੰਦੀਪ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਕਰ ਕਾਲੇ ਰੰਗ ਦੀ ਸਕਾਰਪੀਓ ਦੀ ਪੜਤਾਲ ਤੇ ਪਿੰਡ ਨੰਗਲ ਨਾਲ ਸਬੰਧਤ ਔਰਤ ਗੁਰਮੀਤ ਸਿੰਘ ਦਾ ਪਤਾ ਕਰ ਕੇ ਅਸਲ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਕੁਝ ਦਿਨਾਂ ਵਿੱਚ ਕੋਈ ਸਖ਼ਤ ਕਾਰਵਾਈ ਨਾ ਵੇਖਣ ਨੂੰ ਮਿਲੀ ਤਾਂ ਉਹ ਮਾਣਯੋਗ ਐੱਸਐੱਸਪੀ ਬਰਨਾਲਾ ਵਿਖੇ ਪੇਸ਼ ਹੋਣਗੇ ।
ਕੀ ਕਹਿੰਦੇ ਨੇ ਡੀ ਐਸ ਪੀ ਮਹਿਲ ਕਲਾਂ
ਡੀ ਐੱਸ ਪੀ ਮਹਿਲ ਕਲਾਂ ਕੁਲਦੀਪ ਸਿੰਘ ਨੇ ਕਿਹਾ ਕਿ ਉਕਤ ਮਾਮਲਾ ਮੇਰੇ ਧਿਆਨ ਵਿਚ ਹੈ ਅਤੇ ਇਸ ਦੀ ਪੂਰੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ । ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕਰ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ ।
ਕੀ ਕਹਿੰਦੇ ਨੇ ਪਿੰਡ ਦੇ ਸਰਪੰਚ
ਜਦੋਂ ਪਿੰਡ ਸਹੌਰ ਦੇ ਸਰਪੰਚ ਰਣਜੀਤ ਕੌਰ ਦੇ ਪਤੀ ਅੰਮ੍ਰਿਤਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਦੀ ਮੌਤ ਵਾਲੇ ਦਿਨ ਤੋਂ ਹੀ ਉਹ ਪਰਿਵਾਰ ਦੇ ਸੰਪਰਕ ਵਿਚ ਹਨ । ਜੇਕਰ ਕਾਲੇ ਰੰਗ ਦੀ ਸਕਾਰਪੀਓ ਕਾਰ ਸ਼ਨਾਖ਼ਤ ਵਿੱਚ ਹੁੰਦੀ ਹੈ ਤਾਂ ਉਹ ਦੋਸ਼ੀਆਂ ਵਿਰੁੱਧ ਪਹਿਲ ਦੇ ਆਧਾਰ ਤੇ ਕਾਰਵਾਈ ਕਰਵਾਉਣ ਲਈ ਪਰਿਵਾਰ ਦੇ ਨਾਲ ਜਾਣਗੇ ।
ਕੀ ਕਹਿੰਦੇ ਨੇ ਤਫ਼ਤੀਸ਼ੀ ਅਫ਼ਸਰ
ਥਾਣਾ ਠੁੱਲੀਵਾਲ ਦੇ ਏਐਸਆਈ ਬਲਜਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਸੰਦੀਪ ਸਿੰਘ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਮੁਤਾਬਕ ਹੀ 174 ਸੀਆਰਪੀਸੀ ਤਹਿਤ ਕਾਨੂੰਨੀ ਕਾਰਵਾਈ ਕੀਤੀ ਗਈ ਹੈ ।ਉਕਤ ਲੜਕੇ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਸ਼ੱਕ ਜ਼ਾਹਰ ਕਰਨ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ,ਟੋਲ ਟੈਕਸ ਮਹਿਲ ਕਲਾਂ ਦੇ ਕੈਮਰੇ ਆਦਿ ਸਮੇਤ ਸਭ ਜਗ੍ਹਾ ਚੈੱਕ ਕਰ ਰਹੇ ਹਾਂ ਤੇ ਸਾਇਬਰ ਕ੍ਰਾਈਮ ਨਾਲ ਵੀ ਸਾਡਾ ਰਾਬਤਾ ਕਾਇਮ ਹੈ ,ਜਲਦ ਹੀ ਉਕਤ ਮਾਮਲੇ ਦੀ ਜਾਂਚ ਕਰ ਕੇ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ ।
ਕੀ ਕਹਿੰਦੇ ਨੇ ਦੋਸ ਲੱਗਣ ਬਾਰੇ ਪਰਿਵਾਰ
ਇਸ ਸੰਬੰਧੀ ਜਦੋਂ ਮ੍ਰਿਤਕ ਦੇ ਪਰਿਵਾਰ ਵੱਲੋਂ ਲਾਏ ਦੋਸ਼ਾਂ ਬਾਰੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੁਖਵੀਰ ਸਿੰਘ ਸਹੌਰ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਗੱਡੀ ਵਾਲੇ ਨੂੰ ਨਹੀਂ ਜਾਣਦੇ ਅਤੇ ਨਾ ਹੀ ਇਸ ਬਾਰੇ ਕੁਝ ਜ਼ਿਆਦਾ ਬੋਲਣਾ ਚਾਹੁੰਦੇ ਹਾਂ ।