ਭਲ੍ਹਕੇ ਹੋਊਗੀ ਸਮੂਹਿਕ ਭੁੱਖ ਹੜਤਾਲ ਤੇ ਅਰਥੀ ਫੁਕ ਮੁਜਾਹਰਾ
ਰਘਬੀਰ ਹੈਪੀ , ਬਰਨਾਲਾ 29 ਜਨਵਰੀ 2021
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਲਈ ਚੱਲ ਰਿਹਾ ਸਾਂਝਾ ਕਿਸਾਨ ਸੰਘਰਸ਼ 121 ਵੇਂ ਦਿਨ ਵਿੱਚ ਦਾਖਲ ਹੋ ਗਿਆ।ਬਿਜਲੀ ਕਾਮਿਆਂ ਅਤੇ ਪੈਨਸ਼ਨਰ ਐਸੋਸ਼ੀਏਸ਼ਨ ਤਾਲਮੇਲ ਕਮੇਟੀ ਦੀ ਅਗਵਾਈ ਵਿੱਚ ਵੱਡਾ ਜਥਾ ਸ਼ਾਮਿਲ ਹੋਇਆ।ਇਸ ਤੋਂ ਪਹਿਲਾਂ ਵੀ ਕਈ ਵਾਰ ਬਿਜਲੀ ਕਾਮੇ ਇਸ ਸਾਂਝੇ ਘੋਲ ਨੂੰ ਆਪਣਾ ਆਰਥਿਕ ਅਤੇ ਸ਼ਮੂਲੀਅਤ ਪੱਖੋਂ ਸਹਿਯੋਗ ਕਰ ਚੁੱਕੇ ਹਨ।ਅੱਜ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਹਰਚਰਨ ਚੰਨਾ, ਜਗਰਾਜ ਰਾਮਾ, ਪਰਮਜੀਤ ਕੌਰ, ਸਿੰਦਰ ਧੋਲਾ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਮੇਲਾ ਸਿੰਘ ਕੱਟੂ, ਚਰਨਜੀਤ ਕੌਰ, ਮਨਵੀਰ ਕੌਰ, ਗੋਰਾ ਸਿੰਘ, ਧਰਮਪਾਲ ਕੌਰ,ਸਾਧੂ ਸਿੰਘ ਛੀਨੀਵਾਲਕਲਾਂ ਨੇ 26 ਜਨਵਰੀ ਦਿੱਲੀ ਗਣਤੰਤਰ ਟਰੈਕਟਰ ਪਰੇਡ ਦੌਰਾਨ ਬੀਜੇਪੀ/ਆਰਐਸਐਸ ਦੇ ਭਾੜੇ ਦੇ ਟੱਟੂਆਂ ਵੱਲੋਂ ਲਾਲ ਕਿਲੇ ਉੱਪਰ ਕੇਸਰੀ ਝੰਡਾ ਝੁਲਾਏ ਜਾਣ ਲਈ ਕਿਸਾਨ ਆਗੂਆਂ ਨੂੰ ਜਿੰਮੇਵਾਰ ਟਿੱਕਕੇ ਉਨ੍ਹਾਂ ਉੱਪਰ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕਰਨ ਦੀ ਸਖਤ ਨਿਖੇਧੀ ਕੀਤੀ। ਸ਼ਬੁਲਾਰਿਆਂ ਜੋਰ ਦੇਕੇ ਮੋਦੀ ਹਕੂਮਤ ਦੀਆਂ ਪਹਿਲਾਂ ਵਾਲੀਆਂ ਸਾਜਿਸ਼ਾਂ ਜਿਸ ਜਥੇਬੰਧਕ ਏਕੇ ਦੇ ਜੋਰ ਪਛਾੜਿਆ ਗਿਆ ਹੈ। ਉਸੇ ਹੀ ਤਰਜ ਤੇ ਨਹੀਂ ਸਗੋਂ ਉਸ ਤੋਂ ਵੀ ਵਧੇਰੇ ਵਿਸ਼ਾਲ ਲੋਕ ਤਾਕਤ ਦੇ ਏਕੇ ਦੀ ਤਾਕਤ ਨਾਲ ਪਛਾੜਕੇ ਖੇਤੀ ਕਾਨੂੰਨ ਰੱਦ ਕਰਾਉਣ ਦੀ ਲੜਾਈ ਨੂੰ ਜਿੱਤ ਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ। ਆਰਐਸਐਸ ਦੇ ਭਗਵਾਂਧਾਰੀ ਮੋਦੀ-ਸ਼ਾਹ ਅਤੇ ਯੋਗੀ ਦੀਆਂ ਹਕੂਮਤੀ ਜਬਰ ਨਾਲ ਕਿਸਾਨ ਸੰਘਰਸ਼ ਨੂੰ ਖਤਮ ਕਰਨ ਦੀਆਂ ਚਾਲਾਂ ਕਦਾਚਿਤ ਵੀ ਸਫਲ ਨਹੀਂ ਹੋਣ ਦਿੱਤੀਆਂ ਜਾਣਗੀਆਂ। ਪਹਿਲਾਂ ਮੋਦੀ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋੋਰਚੇ ਨਾਲ ਗੱਲਬਾਤ ਦੇ ਦੌਰ ਰਾਹੀਂ ਛਲ ਦੀ ਨੀਤੀ ਖੇਡੀ ਜਾ ਰਹੀ ਸੀ। ਗੱਲਬਾਤ ਮਸਲੇ ਦੇ ਹੱਲ ਲਈ ਨਹੀਂ ਸਗੋਂ ਹਕੂਮਤੀ ਮਸ਼ੀਨਰੀ ਜਾਂ ਆਪਣੇ ਪਾਲਤੂਆਂ ਰਾਹੀਂ ਘੁਸਪੈਠ ਕਰਨ ਰਾਹੀਂ ਫਿਰਕੂ ਫਾਸ਼ੀ ਨੀਤੀ ਖੇਡਣ ਦੀ ਵੀ ਸਾਜਿਸ਼ ਰਚ ਰਹੀ ਸੀ। ਹੁਣ ਉਨ੍ਹਾਂ ਹੀ ਕਿਸਾਨ ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀਆਂ ਤਾਕਤਾਂ ਰਾਹੀਂ ਲਾਲ ਕਿਲੇ ਉੱਪਰ ਕੇਸਰੀ ਝੰਡਾ ਝੁਲਾਏ ਜਾਣ ਦੀ ਘਟਨਾ ਤੋਂ ਬਾਅਦ ਸਿੱਧੀ ਬਲ ਦੀ ਨੀਤੀ ਉੱਪਰ ਚੱਲਿਆ ਜਾ ਰਿਹਾ ਹੈ। ਪਰ ਜੁਝਾਰੂ ਕਾਫਲਿਆਂ ਦੇ ਹੌਸਲੇ ਬੁਲੰਦ ਹਨ, ਚੰਗਾ ਹੋਇਆ ਸਮਾਂ ਰਹਿੰਦੇ ਦੁਸ਼ਮਣਾਂ ਦੀ ਪਛਾਣ ਹੋ ਗਈ।ਸਾਂਝੇ ਘੋਲ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਅਤੇ ਅੰਦਰੋਂ ਸਾਂਝੇ ਸੰਘਰਸ਼ ਨੂੰ ਖੋਰਾ ਲਾਉਣ ਵਾਲੀਆਂ ਤਾਕਤਾਂ ਦਾ ਗੰਦਪਿੱਲ ਬਾਹਰ ਹੋ ਗਿਆ। ਆਗੂਆਂ ਗੋਦੀ ਮੋਡੀਆ ਦੇ ਪ੍ਰਚਾਰ ਰਾਹੀਂ ਇਸ ਸਾਂਝੇ ਸੰਘਰਸ਼ ਨੂੰ ਬਦਨਾਮ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਕੀਤੇ ਜਾਂਦੇ ਸਮੇਂ ਸਮੇਂ ਸਿਰ ਬੁਲਿਟਨ ਉੱਪਰ ਵਿਸ਼ਵਾਸ਼ ਕੀਤਾ ਜਾਵੇ। ਆਗੂਆਂ ਨੂੰ ਲੋਕਾਈ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ। 30 ਜਨਵਰੀ ਸਮੂਹਿਕ ਭੁੱਖ ਹੜਤਾਲ ਸਮੇਂ ਸਮੂਹ ਕਿਸਾਨ-ਮਜਦੂਰ-ਮੁਲਾਜਮ-ਜਨਤਕ ਜਮਹੂਰੀ ਜਥੇਬੰਦੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਹੁਣ ਸਾਂਝਾ ਕਿਸਾਨ/ਲੋਕ ਘੋਲ ਹੋਰ ਬੁਲ਼ੰਦੀਆਂ ਛੋਹੇਗਾ ਅਤੇ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਰਹੇਗਾ।ਖੇਤੀ ਵਿਰੋਧੀ ਤਿੰਨੇ ਕਾਨੂੰਨ ਸਾਮਰਾਜੀ ਸੰਸਥਾਵਾਂ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾਕੋਸ਼ ਦੀਆਂ ਦਿਸ਼ਾ ਨਿਰਦੇਸ਼ਨਾ ਤਹਿਤ ਖੇਤੀ ਖੇਤਰ ਚੰਦ ਵੱਡੇ ਅਮੀਰ ਅਡਾਨੀ-ਅੰਬਾਨੀ ਅਤੇ ਹੋਰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਲਿਆਂਦੇ ਗਏ ਹਨ।ਇਸ ਤਰ੍ਹਾਂ ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਲੜਾਈ ਵਿੱਚ ਮਜਦੂਰਾਂ ਅਤੇ ਮਿਹਨਤਕਸ਼ ਤਬਕਿਆਂ ਦੀ ਸ਼ਮੂਲੀਅਤ ਵਧਾਉਣ ਦੀ ਲੋੜ ਤੇ ਜੋਰ ਦਿੱਤਾ। ਆਗੂਆਂ ਕਿਹਾ ਕਿ ਮਜਦੂਰ ਜਥੇਬੰਦੀਆਂ ਦੇ ਕਾਫਲੇ ਦਿੱਲੀ ਅਤੇ ਪੰਜਾਬ ਵਿੱਚ ਵੱਖੋ-ਵੱਖ ਥਾਵਾਂ ਉੱਪਰ ਚੱਲ ਰਹੇ ਸੰਘਰਸ਼ੀ ਪੜਾਵਾਂ ਵਿੱਚ ਪੁੱਜਣੇ ਸ਼ੁਰੂ ਹੋਏ ਹਨ । ਸੰਯੁਕਤ ਮੋਰਚੇ ਵੱਲੋਂ 30 ਜਨਵਰੀ ਸਮੂਹਿਕ ਭੁੱਖ ਹੜਤਾਲ ਵਾਲੇ ਦਿਨ ਵੱਡੀ ਗਿਣਤੀ ਵਿੱਚ ਪਿੰਡਾਂ ਵਿੱਚੋਂ ਕਿਸਾਨ ਮਰਦ ਅੋਰਤਾਂ ਦੇ ਕਾਫਲਿਆਂ ਦੀ ਸ਼ਮੂਲੀਅਤ ਕਰਾਉਣ ਦਾ ਫੈਸਲਾ ਕੀਤਾ। ਅੱਜ ਭੁੱਖ ਹੜਤਾਲੀ ਜਥੇ ਵਿੱਚ ਫਰਵਾਹੀ ਪਿੰਡ ਤੋਂ ਗੁਰਮੇਲ ਕੌਰ, ਰਾਜਪਾਲ ਕੌਰ, ਭੋਲੀ ਕੌਰ, ਮਨਜੀਤ ਕੌਰ, ਕਿਰਨਜੀਤ ਕੌਰ, ਦਰਸ਼ਨਾ ਕੌਰ, ਜਲ ਕੌਰ, ਸਰਜੀਤ ਕੌਰ ਅਤੇ ਗੁਰਨਾਮ ਕੌਰ ਕਿਸਾਨ ਅੋਰਤਾਂ ਸ਼ਾਮਿਲ ਹੋਈਆਂ ।
ਇਸੇ ਹੀ ਤਰ੍ਹਾਂ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਬਾਜਾ ਖਾਨ ਾਰੋਡ ਬਰਨਾਲਾ ਵਿਖੇ ਚੱਲ ਰਿਲਾਇੰਸ ਮਾਲ ਅੱਗੋ ਮੋਰਚਾ 118 ਵੇਂ ਦਿਨ ਸ਼ਾਮਿਲ ਹੋ ਗਿਆ। ਇਸ ਸਮੇਂ ਦਰਸ਼ਨ ਝਲੂਰ, ਸੁਖਦੇਵ ਸਿੰਘ ਮੱਲੀ, ਪ੍ਰੇਮਪਾਲ ਕੌਰ, ਰਾਮ ਸਿੰਘ ਕਲੇਰ, ਬਲਵੀਰ ਸਿੰਘ , ਸੁਖਦੇਵ ਸਿੰਘ, ਦਰਸ਼ਨ ਸਿੰਘ, ਭਾਗ ਸਿੰਘ ਕਰਮਗੜ੍ਹ, ਮੱਖਣ ਮਿੱਤਲ ਸਹਿਣਾ ਨੇ ਵਿਚਾਰ ਸਾਂਝੇ ਕੀਤੇ।