ਐਸ ਐਚ ਉ ਨੇ ਕਿਹਾ ,ਚੋਰ ਨੂੰ ਫਿਰ ਫੜ੍ਹਨ ਭੇਜੀ ਪੁਲਿਸ
ਹਰਿੰਦਰ ਨਿੱਕਾ , ਬਰਨਾਲਾ 21 ਜਨਵਰੀ 2021
ਕਿਵੇਂ ਰੁਕਣਗੀਆਂ ਚੋਰੀਆਂ, ਜਦੋਂ ਲੋਕਾਂ ਵੱਲੋਂ ਚੋਰੀ ਕਰਦਿਆਂ ਰੰਗੇ ਹੱਥੀਂ ਫੜ੍ਹਕੇ ਕਿ ਪੁਲਿਸ ਦੇ ਹਵਾਲੇ ਕੀਤੇ ਚੋਰ ਨੂੰ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਕੀਤਿਆਂ ਹੀ ਛੱਡ ਦਿੱਤਾ ਗਿਆ ਹੋਵੇ। ਇਹ ਗੱਲ ਸਿਵਲ ਹਸਪਤਾਲ ਦੀ ਪਾਰਕਿੰਗ ‘ਚੋਂ ਕਾਰ ਚੋਰੀ ਕਰਦੇ ਲੋਕਾਂ ਦੁਆਰਾ ਕਾਬੂ ਕੀਤੇ ਚੋਰ ਨੂੰ ਪੁਲਿਸ ਵੱਲੋਂ ਛੱਡ ਦੇਣ ਦੀ ਘਟਨਾ ਤੇ ਪ੍ਰਤੀਕਿਰਿਆ ਦਿੰਦੇ ਲੋਕਾਂ ਦੇ ਮੂੰਹੋਂ ਸੁਤੇ ਸਿੱਧ ਨਿਕਲ ਰਹੀ ਹੈ ।
ਕੀ ਹੈ ਪੂਰਾ ਮਾਮਲਾ,,,,
ਪ੍ਰਾਪਤ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਬਰਨਾਲਾ ਦੀ ਕਾਰ ਪਾਰਕਿੰਗ ਵਿੱਚੋਂ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਇੱਕ ਨੋਜਵਾਨ ਪਾਰਕਿੰਗ ਠੇਕੇਦਾਰ ਦੇ ਕਾਰਿੰਦਿਆਂ ਨੇ ਐਨ ਮੌਕੇ ਤੇ ਲੋਕਾਂ ਦੀ ਮੱਦਦ ਨਾਲ ਫੜ੍ਹਿਆ ਗਿਆ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਏ.ਐਸ.ਆਈ. ਲਾਭ ਸਿੰਘ ਦੀ ਅਗਵਾਈ ਵਿੱਚ ਪਹੁੰਚੀ।ਪੁਲਿਸ ਪਾਰਟੀ ਨੇ ਲੋਕਾਂ ਵੱਲੋਂ ਫੜ੍ਹੇ ਕਥਿਤ ਚੋਰ ਨੂੰ ਉੱਥੋਂ ਹਿਰਾਸਤ ਵਿੱਚ ਲੈ ਕੇ ਥਾਣੇ ਲਿਜਾਣ ਦੀ ਬਜਾਏ ਚੋਰ ਨੂੰ ਰਾਸਤੇ ਵਿੱਚ ਹੀ ਛੱਡ ਦਿੱਤਾ ਗਿਆ। ਅਜਿਹਾ ਘਟਨਾਕ੍ਰਮ ਸਾਹਮਣੇ ਆਉਣ ਤੋਂ ਬਾਅਦ ਸ਼ਹਿਰੀਆਂ ‘ਚ ਪੁਲਿਸ ਦੀ ਚੋਰਾਂ ਨਾਲ ਕਥਿਤ ਮਿਲੀਭੁਗਤ ਹੋਣ ਦੀਆਂ ਅਫਵਾਹਾਂ ਨੇ ਜੋਰ ਫੜ੍ਹ ਲਿਆ। ਹਸਪਤਾਲ ਦੀ ਕਾਰ ਪਾਰਕਿੰਗ ਵਿੱਚ ਖੜੀ ਸਵਿਫਟ ਗੱਡੀ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਬਿੱਟੂ ਨੇ ਦੱਸਿਆ ਕਿ ਜਦੋਂ ,ਕਾਰ ਨੂੰ ਜਬਰਦਸਤੀ ਖੋਲ੍ਹ ਰਹੇ ਵਿਅਕਤੀ ਤੋਂ ਪਾਰਕਿੰਗ ਦੀ ਪਰਚੀ ਮੰਗੀ ਤਾਂ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ । ਚੋਰ ਨੇ ਉੱਥੋਂ ਖਿਸਕਣ ਦੀ ਕੋਸ਼ਿਸ਼ ਕੀਤੀ ,ਪਰ ਮੌਕੇ ਤੇ ਮੌਜੂਦ ਹੋਰ ਲੋਕਾਂ ਦੀ ਮੱਦਦ ਨਾਲ ਚੋਰ ਨੂੰ ਦਬੋਚ ਲਿਆ ਗਿਆ। ਉਨ੍ਹਾਂ ਕਿਹਾ ਕਿ ਉਸ ਦੇ ਸਮੇਤ ਚੋਰ ਨੂੰ ਫੜ੍ਹਨ ਵਾਲੇ ਹੋਰ ਲੋਕਾਂ ਨੂੰ ਉਦੋਂ ਬਹੁਤ ਦੁੱਖ ਹੋਇਆ, ਜਦੋਂ ਪੁਲਿਸ ਨੇ ਚੋਰ ਨੂੰ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਚਾਹੀਦਾ ਤਾਂ ਇਹ ਸੀ ਕਿ ਚੋਰ ਤੋਂ ਸਖਤੀ ਨਾਲ ਪੁੱਛਗਿੱਛ ਕਰਕੇ, ਹਸਪਤਾਲ ਦੀ ਪਾਰਕਿੰਗ ਵਿਚੋਂ ਪਹਿਲਾਂ ਚੋਰੀ ਹੋਏ ਵਹੀਕਲਾਂ ਦੀ ਤਫਤੀਸ਼ ਕੀਤੀ ਜਾਂਦੀ।
ਫਿਰ ਫੜ੍ਹ ਲਵਾਂਗੇ ਚੋਰ
ਥਾਣਾ ਸਿਟੀ 1 ਦੇ ਐਸ ਐਚ ਓ ਲਖਵਿੰਦਰ ਸਿੰਘ ਨੇ ਮੰਨਿਆ ਕਿ ਪੁਲਿਸ ਕਰਮਚਾਰੀਆਂ ਨੇ ਲੋਕਾਂ ਵੱਲੋਂ ਫੜ੍ਹੇ ਕਥਿਤ ਚੋਰ ਨੂੰ ਨਸ਼ੇੜੀ ਹੋਣ ਕਰਕੇ ਛੱਡ ਦਿੱਤਾ। ਚੋਰ ਨੂੰ ਫੜ੍ਹਕੇ ਛੱਡਣ ਵਾਲਿਆਂ ਤੋਂ ਜੁਆਬ ਤਲਬੀ ਕੀਤੀ ਜਾਵੇਗੀ ਅਤੇ ਕਥਿਤ ਚੋਰ ਨੂੰ ਫਿਰ ਤੋਂ ਜਲਦੀ ਹੀ ਫੜ੍ਹ ਲਿਆ ਜਾਵੇਗਾ।