ਸਟੈਂਡਰਡ ਚੌਂਕ ਹੁਣ ਬਣ ਗਿਆ ਗਊਸ਼ਾਲਾ ਚੌਂਕ
ਬੇ-ਖਬਰ ਪ੍ਰਸ਼ਾਸਨ , ਸੜ੍ਹਕਾਂ ਤੇ ਘੁੰਮਦੇ ਬੇਸਹਾਰਾ ਪਸ਼ੂ
ਹਰਿੰਦਰ ਨਿੱਕਾ , ਬਰਨਾਲਾ 21 ਜਨਵਰੀ 2021
ਚੁਫੇਰੇ ਘੁੰਮਦੀਆਂ ਗਊਆਂ ਅਤੇ ਗੋਬਰ ਦੇ ਢੇਰ, ਜਗ੍ਹਾ-ਜਗ੍ਹਾ ਖਿੰਡਿਆ ਪਸ਼ੂਆਂ ਦਾ ਚਾਰਾ, ਇਹ ਦ੍ਰਿਸ਼ ਕਿਸੇ ਗਊਸ਼ਾਲਾ ਦਾ ਨਹੀਂ, ਬਲਕਿ ਬਠਿੰਡਾ-ਚੰਡੀਗੜ੍ਹ ਮੁੱਖ ਸੜ੍ਹਕ ਤੇ ਸਟੈਂਡਰਡ ਚੌਂਕ ਹੰਡਿਆਇਆ ਉੱਪਰ ਬਣੇ ਉਵਰਬ੍ਰਿਜ ਯਾਨੀ ਪੁਲ ਦੇ ਹੇਠਾਂ ਦਾ ਹੈ। ਜਿੱਥੇ ਹਰ ਸਮੇਂ 10/15 ਬੇਸਹਾਰਾ ਗਊਆਂ ਦਾ ਝੁੰਡ ਐਧਰ-ਉੱਧਰ ਚੌਂਕ ਵਿੱਚ ਘੁੰਮਦਾ ਫਿਰਦਾ ਹੈ। ਸੜ੍ਹਕਾਂ ਤੇ।ਘੁੰਮਦੀਆਂ ਇਹ ਗਊਆਂ ਦੀ ਵਜ੍ਹਾ ਕਾਰਣ ਹਰ ਦਿਨ ਹਾਦਸਿਆਂ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਜਿਨ੍ਹਾਂ ‘ਚ ਰਾਹਗੀਰਾਂ ਦਾ ਜਖਮੀ ਹੋਣਾ ਆਮ ਵਰਤਾਰਾ ਹੋ।ਚੁੱਕਿਆ ਹੈ। ਗੱਲ ਇੱਥੇ ਹੀ ਬੱਸ ਨਹੀਂ, ਵੱਡੀਆਂ ਗੱਡੀਆਂ ਦੀ ਚਪੇਟ ‘ਚ ਆਉਣ ਕਾਰਣ ਠੰਡ ‘ਚ ਠੁਰ-ਠੁਰ ਕਰ ਰਿਹਾ ਬੇਸਹਾਰਾ ਗਊਧੰਨ ਵੀ ਗੰਭੀਰ ਹਾਲਤ ਵਿੱਚ ਜਖਮੀ ਹੋ ਰਿਹਾ ਹੈ। ਕਈ ਗਊਆਂ ਤਾਂ ਇੱਨ੍ਹਾਂ ਹਾਦਸਿਆਂ ਨਾਲ ਜਖਮੀ ਹੋ ਕੇ ਤੜਪ ਤੜਪ ਕੇ ਜਾਨ ਵੀ ਗੁਆ ਲੈਂਦੀਆਂ ਹਨ। ਅਫਸੋਸ! ਕਿ ਨਿੱਤ ਦਿਨ ਵਾਪਰਦੀਆਂ ਇੱਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਕੋਈ ਯਤਨ ਕਰਨ ਦੀ ਲੋੜ ਨਹੀਂ ਸਮਝਦਾ। ਸਗੋਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀਆਂ ਹੂਟਰ ਮਾਰਦੀਆਂ ਗੱਡੀਆਂ ‘ਚ ਬੈਠੇ ਅਧਿਕਾਰੀ ਵੀ ਗਊਸ਼ਾਲਾ ਦਾ ਰੂਪ ਧਾਰਨ ਕਰ ਚੁੱਕੇ ਇਸ ਚੌਂਕ ਨੂੰ ਖੂਨੀ ਚੌਂਕ ਬਣ ਜਾਣ ਦਾ ਇੰਤਜ਼ਾਰ ਕਰਦੇ ਅੱਖਾਂ ਮੀਚ ਕੇ ਲੰਘ ਜਾਂਦੇ ਹਨ।
ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਪੁਲਿਸ
ਚੌਂਕ ‘ਚ ਹਾਦਸਿਆਂ ਲਈ ਜਿੰਮੇਵਾਰ ਪ੍ਰਮੁੱਖ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਦੀ ਬਜਾਏ ਪੁਲਿਸ ਅਧਿਕਾਰੀ ਵੀ ਕਈ ਦਿਨਾਂ ਤੋਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਂਗੂੰ ,ਗਊਧੰਨ ਨੂੰ ਸਰਕਾਰੀ ਗਊਸ਼ਾਲਾ ਮਨਾਲ ਜਾਂ ਨਗਰ ਕੌਂਸਲ ਬਰਨਾਲਾ ਦੇ ਪ੍ਰਬੰਧ ਹੇਠਲੀ ਕਿਸੇ ਗਊਸ਼ਾਲਾ ਵਿੱਚ ਛੱਡਣ ਦੀ ਥਾਂ ਗਊਧੰਨ ਦੀਆਂ ਪੂਛਾਂ ਜਾਂ ਸਿੰਗਾਂ ਤੇ ਰਿਫਲੈਕਟਰ ਪੱਟੀਆਂ ਲਾ ਕੇ ਰਾਹਗੀਰਾਂ ਨੂੰ ਪਸ਼ੂ ਦਿਖਾਉਣ ਲਈ ਯਤਨਸ਼ੀਲ ਹਨ। ਹਾਦਸਿਆਂ ਨੂੰ ਰੋਕਣ ਲਈ, ਬੇਸ਼ੱਕ ਪੁਲਿਸ ਦੇ ਇਹ ਯਤਨ ਕਾਫੀ ਨਹੀਂ, ਪਰੰਤੂ ਜਿੰਨਾਂ ਨ੍ਹਾਤੇ, ਉਨ੍ਹਾਂ ਹੀ ਪੁੰਨ ਸਹੀ ਵਾਂਗ ਠੀਕ ਜਰੂਰ ਹੈ ।
ਗਊਸ਼ਾਲਾ ‘ਚ ਕਿਵੇਂ ਬਦਲਿਆ ਚੌਂਕ ?
ਆਖਿਰ ਸਟੈਂਡਰਡ ਚੌਂਕ ਗਊਸ਼ਾਲਾ ‘ਚ ਕਿਵੇਂ ਬਦਲ ਗਿਆ ? ਚੌਂਕ ਦੀਆਂ ਬਦਲੀਆਂ ਹਾਲਤਾਂ ਨੂੰ ਗੌਹ ਨਾਲ ਵਾਚਣ ਤੋਂ ਪਤਾ ਲੱਗਦੈ ਕਿ ਕੁੁੁਝ ਲੋਕਾਂ ਨੇ ਸ਼ਰਧਾਵੱੱਸ ਚੌਂਕ ਵਿੱਚ ਭੁੁੱਖੇ ਘੁੰਮਦੇ ਗੌਧੰਨ ਨੂੰ ਹਰਾ ਚਾਰਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਕਾਰਣ ਗੌਧੰਨ ਨੇ ਇੱਥੇ ਹੀ ਪੱਕਾ ਠਿਕਾਣਾ ਬਣਾ ਲਿਆ। ਕੁਝ ਲੋਕਾਂ ਦੀ ਅਜਿਹੀ ਸ਼ਰਧਾ ਰਾਹਗੀਰਾਂ ਲਈ ਵੱਡੀ ਮੁਸੀਬਤ ਬਣ ਚੁੱਕੀ ਹੈ।
ਸਵੱਛ ਭਾਰਤ ਮੁਹਿੰਮ ਦਾ ਮੂੰਹ ਚਿੜ੍ਹਾਉਂਦਾ ਚੌਂਕ
ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਦੇ ਨਾਅਰੇ ਵੀ ਪੁਲ ਤੇ ਲਿਖੇ ਸਾਫ ਦਿਖਾਈ ਦਿੰਦੇ ਹਨ, ਪਰ ਚੌਂਕ ‘ਚ ਲੱਗਿਆ ਗੋਹੇ ਦਾ ਢੇਰ ਪ੍ਰਧਾਨਮੰਤਰੀ ਦੀ ਸਵੱਛ ਭਾਰਤ ਮੁਹਿੰਮ ਦਾ ਮੂੰਹ ਚਿੜ੍ਹਾ ਰਿਹਾ ਹੈ। ਚੌਂਕ ਨੇੜੇ ਗੌਧੰਨ ਦੀ ਚਪੇਟ ਵਿੱਚ ਆ ਕੇ ਜਖਮੀ ਹੋ ਕੇ ਹਸਪਤਾਲ ਪਹੁੰਚੀ ਨਵਦੀਪ ਕੌਰ ਨੇ ਕਿਹਾ ਕਿ ਉਹ ਕੁਝ ਦਿਨ ਪਹਿਲਾਂ ਆਪਣੇ ਪਤੀ ਨਾਲ ਮੋਟਰ ਸਾਇਕਲ ਤੇ ਬਰਨਾਲਾ ਤੋਂ ਹੰਡਿਆਇਆ ਜਾ ਰਹੀ ਸੀ, ਜਿਵੇਂ ਹੀ ਉਹ ਚੌਂਕ ਕੋਲ ਪਹੁੰਚੇ ਤਾਂ ਅਚਾਨਕ ਚੌਂਕ ਵਿੱਚੋਂ ਇੱਕ ਗਾਂ ਮੋਟਰਸਾਈਕਲ ਅੱਗੇ ਆ ਗਈ। ਜਿਸ ਨਾਲ ਉਸਦੇ ਪਤੀ ਦੇ ਮਾਮੂਲੀ ਸੱਟਾਂ ਲੱਗੀਆਂ, ਪਰੰਤੂ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਹਾਦਸੇ ਤੋਂ ਕਰੀਬ ਪੰਦਰਾਂ ਦਿਨ ਬਾਅਦ ਵੀ ਹਾਲੇ ਉਹ ਚੱਲਣ ਫਿਰਨ ਦੇ ਸਮਰੱਥ ਨਹੀਂ ਹੋ ਸਕੀ। ਚੌਂਕ ਨੇੜਲੇ ਦੁਕਾਨਦਾਰਾਂ ਨੇ ਵੀ ਗੌਧੰਨ ਦੀ ਵਜ੍ਹਾ ਨਾਲ ਹਰ ਦਿਨ ਹੁੰਦੇ ਹਾਦਸਿਆਂ ਦੀ ਪੁਸ਼ਟੀ ਕੀਤੀ।
ਐਸ.ਐਚ.ਉ. ਗੁਰਮੇਲ ਸਿੰਘ ਬੋਲਿਆ,,,
ਥਾਣਾ ਸਿਟੀ 2 ਦੇ ਐਸ.ਐਚ.ਉ. ਗੁਰਮੇਲ ਸਿੰਘ ਨੇ ਆਪਣੇ ਹੀ ਅੰਦਾਜ਼ ਵਿੱਚ ਕਿਹਾ, ਅਸੀਂ ਤਾਂ ਹਾਦਸਿਆਂ ਤੋਂ ਬਚਾਅ ਲਈ ਪਸ਼ੂਆਂ ਦੇ ਰਿਫਲੈਕਟਰ ਪੱਟੀਆਂ ਲਾਉਣ ਦੀ ਮੁਹਿੰਮ ਵਿੱਢੀ ਹੋਈ ਹੈ। ਹੁਣ ਲੋਕਾਂ ਨੂੰ ਵੀ ਆਪਣੀ ਜਿੰਮੇਵਾਰੀ ਸਮਝਣ ਦੀ ਲੋੜ ਹੈ, ਲੋਕ ਗਾਂਵਾਂ ਦਾ ਦੁੱਧ ਪੀ ਕੇ ਅਤੇ ਗੌਧੰਨ ਤੋਂ ਕੰਮ ਲੈ ਕੇ ਇਨ੍ਹਾਂ ਨੂੰ ਸੜ੍ਹਕਾਂ ਤੇ ਛੱਡ ਦਿੰੰਦੇ ਹਨ। ਲੋਕਾਂ ਨੂੰ ਅਜਿਹੀ ਆਦਤ ਬਦਲਣ ਦੀ ਲੋੜ ਹੈ।
cow ਸੈਸ ਲੈਕੇ ਵੀ ਸਰਕਾਰ,,,,,
ਰਾਧੇ ਕ੍ਰਿਸ਼ਨ ਗਊਧਾਮ ਨਵੀਂ ਅਨਾਜ ਮੰਡੀ ਬਰਨਾਲਾ ਦੇ ਪ੍ਰਧਾਨ ਅਨਿਲ ਨਾਣਾ ਨੇ ਕਿਹਾ ਕਿ ਸਰਕਾਰ ਗਾਂਵਾਂ ਦੇ ਨਾਉਂ ਤੇ ਲੋਕਾਂ ਤੋਂ ਟੈਕਸ ਲੈ ਕੇ ਗੌਧੰਨ ਦੀ ਸੰਭਾਲ ਕਰਨ ਦੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਗੌਧੰਨ ਦੀ ਵਜ੍ਹਾ ਨਾਲ ਹੋਣ ਵਾਲੇ ਹਾਦਸਿਆਂ ਲਈ ਸਰਕਾਰ ਜਿੰਮੇਵਾਰ ਹੈ।