ਸਰਕਾਰੀ ਖਜਾਨੇ ਨੂੰ ਲੱਗ ਰਿਹਾ ਲੱਖਾਂ ਰੁਪਏ ਦਾ ਚੂਨਾ,ਪ੍ਰਸ਼ਾਸਨ ਬੇਖਬਰ
ਐਕਸਾਈਜ਼ ਵਿਭਾਗ ਦੀ ਢਿੱਲ ਕਾਰਣ ਗੈਰ ਕਾਨੂੰਨੀ ਅਹਾਤਿਆਂ ਵਾਲਿਆਂ ਨੂੰ ਲੱਗੀਆਂ ਮੌਜਾਂ,,,,
ਹਰਿੰਦਰ ਨਿੱਕਾ ,ਬਰਨਾਲਾ 20 ਦਸੰਬਰ 2020
ਇਸ ਨੂੰ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਸਮਝੋ ਜਾਂ ਫਿਰ ਲਾਪਰਵਾਹੀ ! ਹਾਲਤ ਇਸ ਕਦਰ ਬਦ ਤੋਂ ਬਦਤਰ ਹੋ ਚੁੱਕੇ ਹਨ ਕਿ ਸ਼ਹਿਰ ਦੇ ਵੱਖ ਵੱਖ ਖੇਤਰਾਂ ਅੰਦਰ ਚਿਕਨ ਦੀਆਂ ਕਾਫੀ ਵੱਡੀ ਗਿਣਤੀ ‘ਚ ਦੁਕਾਨਾਂ ਵਿੱਚ ਨਜਾਇਜ਼ ਤੌਰ ਤੇ ਅਹਾਤੇ ਖੁੱਲ੍ਹ ਚੁੱਕੇ ਹਨ । ਸ਼ਾਮ ਢੱਲਦਿਆਂ ਹੀ ਇੱਨਾਂ ਗੈਰਕਾਨੂੰਨੀ ਅਹਾਤਿਆਂ ਵਿੱਚ ਸ਼ਰੇਆਮ ਬੇਖੌਫ਼ ਸ਼ਰਾਬ ਦੇ ਦੌਰ ਚੱਲਣੇ ਸ਼ੁਰੂ ਹੋ ਜਾਂਦੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਾਰਣ ਇਹ ਅਹਾਤਿਆਂ ਵਾਲੇ ਸਰਕਾਰੀ ਖਜਾਨੇ ਨੂੰ ਮੋਟਾ ਚੂਨਾ ਵੀ ਲਾ ਰਹੇ ਹਨ। ਧੜ੍ਹੱਲੇ ਨਾਲ ਪ੍ਰਸ਼ਾਸਨ ਦੀ ਨੱਕ ਹੇਠ ਚੱਲ ਰਹੇ ਇਸ ਗੈਰਕਾਨੂੰਨੀ ਧੰਦੇ ਨੂੰ ਨੱਥ ਪਾਉਣ ਦੀ ਬਜਾਏ ਆਬਕਾਰੀ ਵਿਭਾਗ ਅਤੇ ਪੁਲਿਸ ਅਧਿਕਾਰੀ ਬੜੀ ਢੀਠਤਾਈ ਨਾਲ ਇਸ ਧੰਦੇ ਸਬੰਧੀ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹਿ ਕੇ,ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ।
ਕੀ ਹੈ ਪੂਰਾ ਮਾਮਲਾ,,,
ਬਰਨਾਲਾ ਟੂਡੇ ਦੀ ਟੀਮ ਵੱਲੋਂ ਇਕੱਤਰ ਜਾਣਕਾਰੀ ਅਨੁਸਾਰ ਸ਼ਹਿਰ ਦੇ ਪੁਰਾਣੇ ਮਿੰਨੀ ਬੱਸ ਸਟੈਂਡ ਦੇ ਇਲਾਕੇ ਤੋਂ ਇਲਾਵਾ ਸ਼ਹਿਰ ਦੇ 25 ਏਕੜ ਵਿੱਚ ਕਰੀਬ 5 ਗੈਰਕਾਨੂੰਨੀ ਅਹਾਤੇ ਚੱਲ ਰਹੇ ਹਨ। ਜਿਹਨਾਂ ਵਿੱਚੋਂ ਸਿਰਫ਼ ਇੱਕ ਅਹਾਤਾ ਹੀ ਸਰਕਾਰ ਤੋਂ ਮਨਜ਼ੂਰਸ਼ੁਦਾ ਹੈ। ਜਦੋਂਕਿ 4 ਅਹਾਤੇ ਗੈਰਕਾਨੂੰਨੀ ਤਰੀਕੇ ਨਾਲ ਹੀ ਕੁਝ ਅਧਿਕਾਰੀਆਂ ਦੀ ਮੁੱਠੀ ਗਰਮ ਕਰਕੇ ਬੇਖੌਫ਼ ਚੱਲ ਰਹੇ ਹਨ।
ਕੀ ਢੰਗ ਹੈ ਕਾਨੂੰਨੀ ਅਹਾਤਾ ਚਲਾਉਣ ਦਾ,,
ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਮੁਤਾਬਿਕ
ਕਾਨੂੰਨੀ ਅਹਾਤਾ ਚਲਾਉਣ ਲਈ ਬਾਕਾਇਦਾ ਐਕਸਾਈਜ਼ ਵਿਭਾਗ ਵਲੋਂ ਲਾਇਸੰਸ ਜਾਰੀ ਹੁੰਦਾ ਹੈ। ਜਿਸ ਦੀ ਸਰਕਾਰੀ ਫ਼ੀਸ 30 ਹਜ਼ਾਰ ਰੁਪਏ ਹੈ। ਪਰੰਤੂ 25 ਏਕੜ ਇਲਾਕੇ ਵਿੱਚ 4 ਅਹਾਤਾ ਚਾਲਕ ਸਰਕਾਰੀ ਫੀਸ ਅਦਾ ਕੀਤਿਆਂ ਬਿਨਾਂ ਅਤੇ ਐਕਸਾਈਜ਼ ਵਿਭਾਗ ਤੋਂ ਲਾਈਸੰਸ ਪ੍ਰਾਪਤ ਕਰਨ ਦੀ ਬਜਾਏ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ। ਜਿਕਰਯੋਗ।ਹੈ ਕਿ ਅਜੇ ਤੱਕ ਐਕਸਾਈਜ਼ ਵਿਭਾਗ ਵਲੋਂ ਸ਼ਹਿਰ ਵਿੱਚ ਚੱਲਦੇ ਕਿਸੇ ਵੀ ਗੈਰ ਕਾਨੂੰਨੀ ਅਹਾਤੇ ਦੀ ਚੈਕਿੰਗ ਤੱਕ ਹੀ।ਨਹੀਂ ਕੀਤੀ ਗਈ। ਜਿਸ ਦਾ ਗੈਰਕਾਨੂੰਨੀ ਅਹਾਤਿਆਂ ਵਾਲਿਆਂ ਵੱਲੋਂ ਫ਼ਾਇਦਾ ਉਠਾਇਆ ਜਾ ਰਿਹਾ ਹੈ। ਕੀ ਕਹਿੰਦੇ ਨੇ ਐਕਸਾਈਜ਼ ਕਮਿਸ਼ਨਰ
ਸ਼ਹਿਰ ਅੰਦਰ ਵੱਧ ਫੁੱਲ ਰਹੇ ਨਜਾਇਜ਼ ਅਹਾਤਿਆਂ ਸਬੰਧੀ ਪੁੱਛਣ ਤੇ ਐਡੀਸ਼ਨਲ ਐਕਸਾਈਜ਼ ਕਮਿਸ਼ਨਰ ਸ੍ਰੀ ਚੰਦਰ ਮਹਿਤਾ ਨੇ ਕਿਹਾ ਕਿ ਕਿਸੇ ਵੀ ਗੈਰ ਕਾਨੂੰਨੀ ਅਹਾਤੇ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਚੱਲ ਰਹੇ ਗੈਰਕਾਨੂੰਨੀ ਅਹਾਤਿਆਂ ਦੀ ਜਲਦ ਹੀ ਚੈਕਿੰਗ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਐਸ.ਐਚ.ਉ. ਬੋਲਿਆ,,
ਥਾਣਾ ਸਿਟੀ-1 ਦੇ ਐਸ.ਐਚ.ਉ. ਲਖਵਿੰਦਰ ਸਿੰਘ ਨੇ ਕਿਹਾ ਕਿ ਗੈਰਕਾਨੂੰਨੀ ਅਹਾਤਿਆਂ ਦਾ ਮਾਮਲਾ ਫਿਲਹਾਲ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਛੇਤੀ ਹੀ ਗੈਰਕਾਨੂੰਨੀ ਅਹਾਤਿਆਂ ਦੀ ਬਾਕਾਇਦਾ ਚੈਕਿੰਗ ਕਰਕੇ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।