ਰੇਲਵੇ ਸਟੇਸਨ ਤੇ ਇਕੱਠੇ ਹੋ ਕੇ ਵੱਡੇ ਕਾਫਿਲੇ ਦੇ ਰੂਪ ‘ਚ ਸ਼ਹਿਰ ਅੰਦਰ ਕੀਤਾ ਜਾਵੇਗਾ ਰੋਸ ਮਾਰਚ
ਬੱਸ ਸਟੈਂਡ ਰੋਡ ਰਹੂ ਪੂਰੀ ਤਰ੍ਹਾ ਜਾਮ
ਰਘਵੀਰ ਹੈਪੀ ਬਰਨਾਲਾ 25 ਨਵੰਬਰ 2020
ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸਨ ਦੀ ਅਹਿਮ ਮੀਟਿੰਗ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਅਨਿਲ ਕੁਮਾਰ ਦੀ ਪ੍ਰਧਾਨਗੀ ਹੇਠ ਸਥਾਨਕ ਚਿੰਟੂ ਪਾਰਕ ਵਿਖੇ ਹੋਈ ।ਮੀਟਿੰਗ ਦੀ ਕਾਰਵਾਈ ਬਾਰੇ ਦੱਸਦਿਆਂ ਜਿਲ੍ਹਾ ਜਨਰਲ ਸਕੱਤਰ ਹਰਿੰਦਰ ਮੱਲ੍ਹੀਆਂ ਨੇ ਕਿਹਾ ਕਿ ਦੇਸ਼ ਦੀਆਂ ਟਰੇਡ ਜਥੇਬੰਦੀਆਂ ਵੱਲੋਂ 26 ਨਵੰਬਰ ਨੂੰ ਸਮੁੱਚੇ ਦੇਸ਼ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਰਾਸ਼ਟਰ ਵਿਰੋਧੀ ਨੀਤੀਆਂ, ਕਿਸਾਨਾਂ ਮਜਦੂਰਾਂ ਵਿਰੁੱਧ ਸੰਸਦ ਵਿੱਚ ਧੱਕੇ ਨਾਲ ਪਾਸ ਕਰ ਕੇ ਬਣਾਏ ਕਾਨੂੰਨਾਂ ਅਤੇ ਫਿਰਕੂ ਫਾਸ਼ੀਵਾਦ ਵਿਰੁੱਧ ਕੌਮੀ ਹੜਤਾਲ ਕੀਤੀ ਜਾ ਰਹੀ ਹੈ । ਜਿਸ ਵਿੱਚ ਜਥੇਬੰਦੀ ਵੱਲੋਂ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਜਾਵੇਗੀ।
ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਕਰਮਜੀਤ ਸਿੰਘ ਬੀਹਲਾ ਨੇ ਕਿਹਾ ਕਿ 26 ਨਵੰਬਰ ਵੱਡੀ ਗਿਣਤੀ ਵਿੱਚ ਰੇਲਵੇ ਸਟੇਸਨ ਤੇ ਇਕੱਠੇ ਹੋਣ ਉਪਰੰਤ ਵੱਡੇ ਕਾਫਿਲੇ ਦੇ ਰੂਪ ਵਿੱਚ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਜਾਵੇਗਾ ਅਤੇ ਬੱਸ ਸਟੈਂਡ ਰੋਡ ਨੂੰ ਪੂਰੀ ਤਰ੍ਹਾ ਜਾਮ ਕਰ ਕੇ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਮਜਦੂਰ, ਕਿਸਾਨ, ਮੁਲਾਜ਼ਮ ਤੇ ਲੋਕ ਮਾਰੂ ਨੀਤੀਆਂ ਦਾ ਭਾਂਡਾ ਭੰਨਿਆ ਜਾਵੇਗਾ। ਆਗੂਆਂ ਨੇ ਮੰਗਾਂ ਬਾਰੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਮਜਦੂਰ ਵਿਰੋਧੀ ਸੋਧ ਨੂੰ ਰੱਦ ਕਰਵਾਉਣ,ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ,ਘੱਟੋ-ਘੱਟ ਉਜਰਤਾਂ 21 ਹਜ਼ਾਰ ਰੁਪਏ ਮਹੀਨਾ ਕਰਨ, ਪਬਲਿਕ ਅਦਾਰਿਆਂ ਦਾ ਨਿੱਜੀਕਰਨ ਰੋਕਣ ,ਮੁਲਾਜ਼ਮਾਂ ਨੂੰ 01-01-2004 ਤੋਂ ਬਾਅਦ ਪੁਰਾਣੀ ਪੈਨਸਨ ਬਹਾਲ ਕਰਨ, ਮੁਲਾਜ਼ਮਾਂ ਦੀਆਂ ਜਬਰੀ ਪ੍ਰਮੈਚੁਅਰ ਰਿਟਾਇਰਮੈਂਟਾਂ ਦਾ ਫੈਸਲਾ ਵਾਪਿਸ ਲੈਣ, ਬੈਂਕਾਂ, ਬੀਮਾ ਨਿਗਮ,ਰੇਲਵੇ, ਡੀਫੈਂਸ ਖੇਤਰ,ਊਰਜਾ ਖੇਤਰ,ਏਅਰ ਇੰਡੀਆ, ਕੋਲ ਮਾਈਨਜ, ਸਿੱਖਿਆ ਅਤੇ ਸਿਹਤ ਅਦਾਰਿਆਂ ਦਾ ਅੰਨੇਵਾਹ ਨਿੱਜੀਕਰਨ ਰੋਕਣ, ਮਨਰੇਗਾ ਮਜਦੂਰਾਂ ਨੂੰ ਸਾਲ ਵਿੱਚ 200 ਦਿਨ ਦੀ ਗਰੰਟੀ ਕਰਨ ਆਦਿ ਮੰਗਾਂ ਨੂੰ ਉਭਾਰਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਵਿੰਦਰ ਪਾਲ ਹੰਡਿਆਇਆ , ਦਰਸਨ ਚੀਮਾ, ਅਮਰੀਕ ਸਿੰਘ ਭੱਦਲਵੱਡ, ਰਾਕੇਸ ਕੁਮਾਰ, ਈਸਰ ਸਿੰਘ ਆਦਿ ਆਗੂ ਮੌਜੂਦ ਸਨ।