ਰਿੰਕੂ ਮਿੱਤਲ ,ਗੌਰਵ ਅਰੋੜਾ,ਰਿੰਕੂ ਵਿੱਕੀ ਅਰੋੜਾ ਸਣੇ ਹੋਰਨਾਂ ਡਰੱਗ ਸਮਗਲਰਾਂ ਦਾ 26 ਸਤੰਬਰ ਤੱਕ ਪੁਲਿਸ ਨੇ ਫਿਰ ਲਿਆ ਰਿਮਾਂਡ
ਹਰਿੰਦਰ ਨਿੱਕਾ ਬਰਨਾਲਾ 23 ਸਤੰਬਰ 2020
ਡਰੱਗ ਸਮਗਲਿੰਗ ਦੀ ਦੁਨੀਆਂ ਦੇ ਬੇਤਾਜ਼ ਬਾਦਸ਼ਾਹ ਵਜੋਂ ਚਾਲੂ ਵਰ੍ਹੇ ਦੌਰਾਨ ਉਭਰ ਕੇ ਸਾਹਮਣੇ ਆਏ ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਨਰੇਸ਼ ਕੁਮਾਰ ਉਰਫ ਰਿੰਕੂ ਮਿੱਤਲ ਕਈ ਮਹੀਨਿਆਂ ਤੋਂ ਬਾਅਦ ਇੱਕ ਵਾਰ ਫਿਰ ਉਦੋਂ ਚਰਚਾ ਵਿੱਚ ਆ ਗਏ , ਜਦੋਂ ਸੀਆਈਏ ਸਟਾਫ ਦੀ ਪੁਲਿਸ ਨੇ ਉਸ ਨੂੰ ਅਤੇ ਉਸ ਦੇ ਕੁਝ ਹੋਰ ਸਾਥੀਆਂ ਨੂੰ ਅਦਾਲਤ ਰਾਹੀਂ ਜੇਲ੍ਹ ਵਿੱਚੋਂ ਪ੍ਰੋਡੈਕਸ਼ਨ ਵਾਰੰਟ ਤੇ ਲਿਆ ਕਿ ਪੁੱਛਗਿੱਛ ਸ਼ੁਰੂ ਕਰ ਦਿੱਤੀ। ਅਦਾਲਤ ਨੇ ਰਿੰਕੂ ਮਿੱਤਲ ਅਤੇ ਉਸ ਦੇ ਧੰਦੇ ਦੇ ਹੋਰ ਸਹਿਯੋਗੀਆਂ ਦਾ 26 ਸਤੰਬਰ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਹੈ। ਜੇਲ੍ਹ ਬੰਦ ਜਿਨ੍ਹਾਂ ਡਰੱਗ ਤਸਕਰਾਂ ਦਾ ਰਿਮਾਂਡ ਲਿਆ ਗਿਆ ਹੈ ਉਨਾਂ ਵਿੱਚ ਰਿੰਕੂ ਮਿੱਤਲ ਤੋਂ ਇਲਾਵਾ ਦਿੱਲੀ ਦੇ ਕੋਲਵੀਡੋਲ ਬਾਦਸ਼ਾਹ ਗੌਰਵ ਅਰੋੜਾ, ਵਿੱਕੀ ਅਰੋੜਾ, ਹਰੀਸ਼ ਭਾਟੀਆ, ਗੌਰਵ ਅਗਰਵਾਲ ਸਮੇਤ ਕਰੀਬ ਡੇਢ ਦਰਜ਼ਨ ਨਾਮਜ਼ਦ ਦੋਸ਼ੀ ਸ਼ਾਮਿਲ ਹਨ।
ਡਰੱਗ ਤਸਕਰਾਂ ਦੀ ਜੁਆਇੰਟ ਪੁੱਛਗਿੱਛ ਜਾਰੀ
ਭਰੋਸੇਯੋਗ ਸੂਤਰਾਂ ਅਨੁਸਾਰ ਪੁਲਿਸ ਨੇ ਪਹਿਲਾਂ ਤੋਂ ਵੱਖ ਵੱਖ ਸਮਿਆਂ ਤੇ ਥਾਣਾ ਸਿਟੀ ਬਰਨਾਲਾ, ਮਹਿਲ ਕਲਾਂ ਅਤੇ ਧਨੌਲਾ ‘ਚ ਦਰਜ਼ ਕੇਸਾਂ ਵਿੱਚ ਫੜ੍ਹੇ ਆਗਰਾ/ਮਥੁਰਾ ਗੈਂਗ ਨਾਲ ਸਬੰਧਿਤ ਡਰੱਗ ਸਮਗਲਰਾਂ ਦੀ ਜੁਆਇੰਟ ਪੁੱਛਗਿੱਛ ਰਾਹੀਂ ਇੱਕ ਦੂਸਰੇ ਨਾਲ ਕੜੀਆਂ ਜੋੜਨ ਦੀ ਕਵਾਇਦ ਸ਼ੁਰੂ ਕੀਤੀ ਹੈ। ਤਾਂਕਿ ਲਿੰਕ ਐਵੀਡੈਂਸ ਦੀਆਂ ਪਹਿਲਾਂ ਰਹਿ ਗਈਆਂ ਕੁਝ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ। ਪੁਲਿਸ ਸੂਤਰਾਂ ਦਾ ਦਾਵਾ ਹੈ ਕਿ ਪੁਲਿਸ ਰਿਮਾਂਡ ਤੇ ਲਏ ਸਾਰੇ ਡਰੱਗ ਸਮਗਲਰਾਂ ਦੀ ਆਹਮਣੇ ਸਾਹਮਣੇ ਹੋਣ ਵਾਲੀ ਪੁੱਛਗਿੱਛ ਨਾਲ ਡਰੱਗ ਮਾਫੀਆ ਨਾਲ ਜੁੜੇ ਕਈ ਹੋਰ ਗੁੱਝੇ ਭੇਦ ਵੀ ਖੁੱਲ੍ਹਣ ਅਤੇ ਹੋਰ ਬਰਾਮਦਗੀਆਂ ਹੋਣ ਦੀ ਵੱਡੀ ਸੰਭਾਵਨਾ ਹੈ।
ਹਜ਼ਾਰਾਂ ਗੋਲੀਆਂ ਤੋਂ ਸ਼ੁਰੂ ਹੋਇਆ ਕੇਸ ਕਰੋੜਾਂ ਤੱਕ ਪਹੁੰਚਿਆ
ਵਰਨਣਯੋਗ ਹੈ ਕਿ ਥਾਣਾ ਸਿਟੀ ਬਰਨਾਲਾ ਵਿਖੇ ਮੋਹਨ ਲਾਲ ਉਰਫ ਕਾਲਾ ਦੀ ਸਿਰਫ ਹਜਾਰਾਂ ਗੋਲੀਆਂ ਸਮੇਤ ਹੋਈ ਗਿਰਫਤਾਰੀ ਤੋਂ ਸ਼ੁਰੂ ਹੋਇਆ ਡਰੱਗ ਤਸਕਰੀ ਦੇ ਇਸ ਕੇਸ ਚ, ਬਰਾਮਦਗੀ ਕਰੋੜਾਂ ਨਸ਼ੀਲੀਆਂ ਗੋਲੀਆਂ /ਕੈਪਸੂਲਾਂ ਅਤੇ ਕਰੋੜਾਂ ਰੁਪਏ ਦੀ ਡਰੱਗ ਮਨੀ ਤੱਕ ਪਹੁੰਚ ਗਈ। ਇਸ ਕੇਸ ਦੀ ਤਫਤੀਸ਼ ਨੇ ਜਿੱਥੇ ਨਸ਼ਾ ਸਮਗਲਿੰਗ ਦੇ ਧੰਦੇ ਦੀ ਸ਼ਿਖਰ ਤੇ ਬੈਠੇ ਸਮਗਲਰਾਂ ਨੂੰ ਬੇਨਕਾਬ ਕਰ ਦਿੱਤਾ। ਉੱਥੇ ਹੀ ਇਸ ਕੇਸ ਨੇ ਜਿਲ੍ਹਾ ਪੁਲਿਸ ਦਾ ਕੱਦ ਵੀ ਦੇਸ਼ ਦੁਨੀਆਂ ਤੱਕ ਵਧਾ ਦਿੱਤਾ ਹੈ। ਦਿੱਲੀ ਤੋਂ ਫੜ੍ਹੇ ਗੌਰਵ ਅਰੋੜਾ ਅਤੇ ਜਤਿੰਦਰ ਵਿੱਕੀ ਅਰੋੜਾ ਦੀ ਪੈਰਵੀ ਕਰ ਰਹੇ ਸੁਪਰੀਮ ਕੋਰਟ ਦੇ ਵਕੀਲ ਸਾਹਿਲ ਮੁੰਜਾਲ ਨੇ ਕਿਹਾ ਕਿ ਉਨਾਂ ਨੂੰ ਪਤਾ ਲੱਗਿਆ ਹੈ ਕਿ ਪੁਲਿਸ ਨੇ ਉਨਾਂ ਦੇ ਕਲਾਇੰਟ ਗੌਰਵ ਅਰੋੜਾ ਤੇ ਵਿੱਕੀ ਅਰੋੜਾ ਨੂੰ ਵੀ ਜੇਲ੍ਹ ਵਿੱਚੋਂ ਪ੍ਰੋਡੈਕਸ਼ਨ ਵਾਰੰਟ ਤੇ ਲਿਆ ਕੇ 5 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ। ਉਨਾਂ ਕਿਹਾ ਕਿ ਪੁਲਿਸ 10 ਦਿਨ ਦਾ ਰਿਮਾਂਡ ਲੈਣਾ ਚਾਹੁੰਦੀ ਸੀ, ਪਰੰਤੂ ਅਦਾਲਤ ਨੇ 5 ਦਿਨ ਦਾ ਰਿਮਾਂਡ 26 ਸਤੰਬਰ ਤੱਕ ਹੀ ਦਿੱਤਾ ਹੈ। ਉਨਾਂ ਕਿਹਾ ਕਿ ਉਹ ਪੁਲਿਸ ਰਿਮਾਂਡ ਅਤੇ ਤਫਤੀਸ਼ ਬਾਰੇ ਫਿਲਹਾਲ ਉਨੀਂ ਦੇਰ ਤੱਕ ਕੋਈ ਟਿੱਪਣੀ ਕਰਨਾ ਵਾਜਿਬ ਨਹੀਂ ਸਮਝਦੇ, ਜਿੰਨੀਂ ਦੇਰ ਤਰਾਂ ਉਨਾਂ ਦੀ ਆਪਣੇ ਕਲਾਇੰਟ ਨਾਲ ਗੱਲਬਾਤ ਨਹੀਂ ਹੋ ਜਾਂਦੀ। ਉਨਾਂ ਕਿਹਾ ਕਿ ਉਹ ਪੂਰੇ ਕੇਸ ਅਤੇ ਤਫਤੀਸ਼ ਨੂੰ ਗਹੁ ਨਾਲ ਵਾਚ ਕਰ ਰਹੇ ਹਨ। ਉਚਿਤ ਸਮੇਂ ਤੇ ਉਚਿਤ ਕਾਨੂੰਨੀ ਪ੍ਰਕਿਰਿਆ ਰਾਹੀਂ ਆਪਣੇ ਕਲਾਇੰਟਾਂ ਦਾ ਪੱਖ ਅਦਾਲਤ ਸਾਹਮਣੇ ਰੱਖਣਗੇ ਕਿ ਕਿਸ ਤਰਾਂ ਪੁਲਿਸ ਨੇ ਉਨਾਂ ਦੇ ਕਲਾਇ਼ੰਟਾਂ ਨੂੰ ਸਮਾਜਿਕ ਅਤੇ ਰਾਜਸੀ ਦਬਾਅ ਦੇ ਚਲਦਿਆਂ ਗੈਰਕਾਨੂੰਨੀ ਢੰਗ ਨਾਲ ਫਸਾਇਆ ਹੈ। ਐਡਵੋਕੇਟ ਮੁੰਜਾਲ ਨੇ ਕਿਹਾ ਕਿ ਪੁਲਿਸ ਦੇ ਕੁਝ ਆਲ੍ਹਾ ਅਧਿਕਾਰੀ ਉਨਾਂ ਦੇ ਕਲਾਇੰਟਾਂ ਨੂੰ ਐਕਸਪਲਾਈਟ ਕਰ ਰਹੇ ਹਨ ਅਤੇ ਉਨਾਂ ਉੱਪਰ ਆਪਣੇ ਵਕੀਲ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਦੇਣ ਲਈ ਵੀ ਦਬਾਅ ਬਣਾਇਆ ਜਾ ਰਿਹਾ ਹੈ।