ਲੋਕ ਇਨਸਾਫ ਪਾਰਟੀ ‘ਚ ਮਿਲੀ ਇਨਸਾਫ ਦੀ ਅਵਾਜ਼

Advertisement
Spread information

ਲਿਪ ਪ੍ਰਧਾਨ ਸਿਮਰਜੀਤ ਬੈਂਸ ਵੱਲੋਂ ਰਲੇਂਵੇ ਦੀ ਸ਼ਲਾਂਘਾ, ਮਹਿੰਦਰ ਪਾਲ ਦਾਨਗੜ੍ਹ ਨੇ ਕਿਹਾ ਹੁਣ ਹੋਰ ਬੁਲੰਦ ਹੋਊ ਇਨਸਾਫ ਦੀ ਅਵਾਜ਼

ਕਾਂਗਰਸ, ਆਪ ਅਤੇ ਅਕਾਲੀਆਂ ਤੇ ਵਰ੍ਹਿਆ ਵਿਧਾਇਕ ਬੈਂਸ, ਕਿਹਾ 2022 ਦੀ ਚੋਣਾਂ ਆਪਣੇ ਦਮ ਤੇ ਲੜਾਂਗੇ


ਹਰਿੰਦਰ ਨਿੱਕਾ ਬਰਨਾਲਾ 14 ਸਤੰਬਰ 2020

ਲੰਬੇ ਅਰਸੇ ਤੋਂ ਚਿੱਟ ਫੰਡ ਕੰਪਨੀਆਂ ਦੇ ਸਤਾਏ ਲੋਕਾਂ ਦੀ ਅਵਾਜ਼ ਬਣ ਕੇ ਦੇਸ਼ ਭਰ ਤੇ ਸੰਘਰਸ਼ ਕਰ ਰਹੀ ਇਨਸਾਫ ਦੀ ਅਵਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਹਿੰਦਰ ਪਾਲ ਸਿੰਘ ਦਾਨਗੜ੍ਹ ਨੇ ਅੱਜ ਬਰਨਾਲਾ ਵਿਖੇ ਪਾਰਟੀ ਦੀ ਭਰਵੀਂ ਬੈਠਕ ਦੌਰਾਨ ਆਪਣੀ ਪਾਰਟੀ ਭੰਗ ਕਰਕੇ ਲੋਕ ਇਨਸਾਫ ਪਾਰਟੀ ‘ਚ ਰਲੇਂਵਾ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਤੇਜ਼ ਤਰਾਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮਹਿੰਦਰ ਪਾਲ ਦਾਨਗੜ੍ਹ ਅਤੇ ਉਨਾਂ ਦੀ ਪਾਰਟੀ ਦੇ ਹੋਰ ਆਗੂਆਂ ਅਤੇ ਵਰਕਰਾਂ ਨੂੰ ਜੀ ਆਇਆ ਕਿਹਾ। ਬੈਂਸ ਨੇ ਦਾਵਾ ਕੀਤਾ ਕਿ ਇਨਸਾਫ ਦੀ ਅਵਾਜ ਪਾਰਟੀ ਦੇ ਰਲੇਂਵੇ ਨਾਲ ਲਿਪ ਨੂੰ ਕਾਫੀ ਲਾਭ ਮਿਲੇਗਾ ਅਤੇ ਇਨਸਾਫ ਦੀ ਅਵਾਜ ਹੋਰ ਬਲੰਦ ਹੋਵੇਗੀ। ਬੈਂਸ ਨੇ ਰਲੇਂਵਾ ਕਰਨ ਵਾਲੀ ਪਾਰਟੀ ਦੇ  ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਉਨਾਂ ਦੀਆਂ ਪਾਰਟੀ ‘ਚ ਸ਼ਾਮਿਲ ਹੋਣ ਲਈ ਲਾਈਆਂ ਉਮੀਦਾਂ ਤੇ ਖਰ੍ਹਾ ਉਤਰਨਗੇ। ਸਾਰੇ ਆਗੂਆਂ ਤੇ ਵਰਕਰਾਂ ਨੂੰ ਲਿਪ ਅੰਦਰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਇਨਸਾਫ ਦੀ ਅਵਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਹਿੰਦਰ ਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਹੁਣ ਇਨਸਾਫ ਦੀ ਅਵਾਜ ਹੋਰ ਵੀ ਬੁਲੰਦ ਹੋਵੇਗੀ। ਉਨਾਂ ਨੂੰ ਖੁਸ਼ੀ ਹੈ ਕਿ ਉਨਾਂ ਲੋਕ ਮੁੱਦਿਆਂ ਦੇ ਵਿਰੋਧੀ ਧਿਰ ਦੀ ਅਹਿਮ ਭੂਮਿਕਾ ਨਿਭਾਉਣ ਵਾਲੇ ਬੈਂਸ ਭਰਾਂਵਾ ਦੇ ਨਾਲ ਮਿਲ ਕੇ ਕੰਮ ਕਰਨਗੇ। 

ਪੰਜਾਬ ਦੇ ਲੋਕਾਂ ਨੂੰ ਕਾਂਗਰਸ ਅਤੇ ਅਕਾਲੀਆਂ ਨੇ ਲੁੱਟਿਆ, ਆਪ ਨੇ ਨਹੀਂ ਨਿਭਾਈ ਵਿਰੋਧੀ ਧਿਰ ਦੀ ਭੂਮਿਕਾ

ਸਿਮਰਜੀਤ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਆੜ੍ਹੇ ਹੱਥੀ ਲਿਆ। ਉਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਨੇ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਦੋਵੇਂ ਹੱਥੀ ਲੁੱਟਿਆ ਹੈ। ਜਦੋਂ ਕਿ ਆਮ ਆਦਮੀ ਪਾਰਟੀ ਵੀ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿੱਚ ਪੂਰੀ ਤਰਾਂ ਫੇਲ ਹੋਈ ਹੈ। ਉਨਾਂ ਕਿਹਾ ਲੋਕ ਇਨਸਾਫ ਪਾਰਟੀ ਦੇ ਭਾਂਵੇ ਸਿਰਫ 2 ਵਿਧਾਇਕ ਹੀ ਵਿਧਾਨ ਸਭਾ ਵਿੱਚ ਹਨ। ਪਰ ਉਨਾਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਹਮੇਸ਼ਾਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਅਵਾਜ ਜੋਰਦਾਰ ਢੰਗ ਨਾਲ ਨਿਭਾਈ ਹੈ। ਉਨਾਂ ਕਿਹਾ ਕਿ ਜੇਕਰ ਉਨਾਂ ਦੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣਦੀ ਹੈ, ਤਾਂ ਉਹ ਲੋਕ ਹਿਤੈਸ਼ੀ ਫੈਸਲਿਆਂ ਨਾਲ ਪਹਿਲੀ ਵਾਰ ਲੋਕਾਂ ਨੂੰ ਸਰਕਾਰ ਬਣਨ ਦਾ ਅਹਿਸਾਸ ਕਰਵਾ ਦੇਣਗੇ।

ਬੈਂਸ ਦੀ ਬੜ੍ਹਕ- ਆਪਣੇ ਦਮ ਤੇ ਵਿਧਾਨ ਸਭਾ ਦੀਆਂ 117 ਸੀਟਾਂ ਤੇ ਲੜਾਂਗੇ ਚੋਣ

ਵਿਧਾਇਕ ਬੈਂਸ ਨੇ ਦਾਵਾ ਕੀਤਾ ਕਿ ਉਨਾਂ ਦੀ ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਹੀ 117 ਵਿਧਾਨ ਸਭਾ ਹਲਕਿਆਂ ਵਿੱਚ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਆਪਣੇ ਦਮ ਤੇ ਹੀ ਚੋਣ ਮੈਦਾਨ ਵਿੱਚ ਉਤਰੇਗੀ। ਬੈਂਸ ਨੇ ਦਬੀ ਜੁਬਾਨ ‘ਚ ਕਿਹਾ ਕਿ ਜੇਕਰ ਜਰੂਰਤ ਹੋਈ ਤਾਂ ਉਹ ਹਮਖਿਆਲੀ ਪਾਰਟੀਆਂ ਨਾਲ ਗੱਠਜੋੜ ਦੇ ਰਾਹ ਵੀ ਬੰਦ ਨਹੀਂ ਕਰੇਗੀ, ਪਰੰਤੂ ਉਹ ਸਿਰਫ ਸੱਤਾ ਪ੍ਰਾਪਤੀ ਲਈ, ਕੋਈ ਰਾਜਸੀ ਗਠਜੋੜ ਨਹੀਂ ਕਰਨਗੇ। ਉਨਾਂ ਆਪ ਸਬੰਧੀ ਪੁੱਛਣ ਤੇ ਕਿਹਾ ਕਿ ਉਹ ਥੁੱਕ ਕੇ ਕਦੇ ਵੀ ਨਹੀਂ ਚੱਟਣਗੇ। ਕਿਉਂਕਿ ਆਪ ਦੇ ਨੇਤਾ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਉਮੀਦਾਂ ਤੇ ਖਰੇ ਨਹੀਂ ਉਤਰੇ।

ਆਪ ਦਿੱਲੀ ਲਈ ਚੰਗੀ, ਪਰ ਪੰਜਾਬ ਲਈ ਮੰਦੀ

ਬੈਂਸ ਨੇ ਕਿਹਾ ਕਿ ਵਿਰੋਧ ਦੇ ਬਾਵਜੂਦ ਵੀ ਮੈਂ ਇਹ ਮੰਨਣ ‘ਚ ਕੋਈ ਝਿਜਕ ਨਹੀਂ ਮੰਨਦਾ ਕਿ ਆਪ ਦਿੱਲੀ ਅਤੇ ਦਿੱਲੀ ਦੇ ਲੋਕਾਂ ਲਈ ਚੰਗੀ ਹੈ। ਕੇਜਰੀਵਾਲ ਦੀ ਇਮਾਨਦਾਰੀ ਤੇ ਵੀ ਕੋਈ ਸ਼ੱਕ ਨਹੀਂ। ਪਰੰਤੂ ਆਪ ਪੰਜਾਬ ਲਈ ਚੰਗੀ ਨਹੀਂ ਹੈ। ਉਨਾਂ ਆਪ ਪੰਜਾਬ ਦੇ ਲੀਡਰਾਂ ਨੂੰ ਰਬੜ ਦੀ ਮੋਹਰ ਕਰਾਰ ਦਿੰਦਿਆਂ ਕਿਹਾ ਕਿ ਆਪ ਦੀ ਲੀਡਰਸ਼ਿਪ ਦਿੱਲੀ ਦੇ ਨੇਤਾਵਾਂ ਦੇ ਇਸ਼ਾਰਿਆਂ ਤੇ ਨੱਚਦੀ ਹੈ। ਉਨਾਂ ਕਿਹਾ ਕਿ ਜੇਕਰ ਆਪ ਅਤੇ ਕੇਜਰੀਵਾਲ ਸੱਚਮੁੱਚ ਪੰਜਾਬ ਲਈ ਇਮਾਨਦਾਰ ਨੀਤੀ ਅਪਣਾਉਂਦੇ ਤਾਂ ਕੇਜਰੀਵਾਲ ਆਪਣੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਪੰਜਾਬ ਦੇ ਪਾਣੀਆਂ ਦਾ ਕਰੋੜਾਂ ਰੁਪਏ ਦਾ ਬਕਾਇਆ ਅਦਾ ਜਰੂਰ ਕਰਦੇ, ਜਦੋਂ ਕਿ ਦਿੱਲੀ ਸਰਕਾਰ ਨੇ ਹਿਮਾਚਲ ਦੇ ਪਾਣੀਆਂ ਦੇ ਮੁੱਲ ਤਾਰਿਆ ਹੈ।

Advertisement
Advertisement
Advertisement
Advertisement
error: Content is protected !!